nabaz-e-punjab.com

ਅਣਗਹਿਲੀ: ਜਲ ਸਪਲਾਈ ਵਿਭਾਗ ਨੇ ਪਾਣੀ ਦੇਣ ਤੋਂ ਪਹਿਲਾਂ ਹੀ ਕੁੰਭੜਾ ਵਾਸੀਆਂ ਨੂੰ ਬਿੱਲ ਭੇਜੇ

ਵਾਟਰ ਸਪਲਾਈ ਪਾਈਪਲਾਈਨ ਦਾ ਕੰਮ ਅਧੂਰਾ ਹੋਣ ਕਾਰਨ ਕੁੰਭੜਾ ਦੀ ਫਿਰਨੀ ਤੇ ਅੰਦਰਲੀ ਗਲੀਆਂ ’ਚੋਂ ਲੰਘਣਾ ਦੁੱਭਰ
ਮੁਹਾਲੀ ਨਿਗਮ ਪਾਈਪਲਾਈਨ ਵਿਛਾਉਣ ਲਈ ਜਲ ਸਪਲਾਈ ਵਿਭਾਗ ਨੂੰ ਕਰ ਚੁੱਕਾ ਹੈ 1.40 ਕਰੋੜ ਰੁਪਏ ਰਿਲੀਜ਼: ਸੇਠੀ
ਜਲ ਸਪਲਾਈ ਵਿਭਾਗ ਨੇ ਮੁਹਾਲੀ ਨਿਗਮ ਨੂੰ ਪੱਤਰ ਲਿਖ ਕੇ 45 ਲੱਖ ਹੋਰ ਮੰਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਜਲ ਸਪਲਾਈ ਵਿਭਾਗ ਵੱਲੋਂ ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਦੇ ਵਸਨੀਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਤੋਂ ਪਹਿਲਾਂ ਹੀ ਪਾਣੀ ਦੇ ਬਿੱਲ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਖੁਲਾਸਾ ਉਦੋ ਹੋਇਆ ਜਦੋਂ ਕੁੰਭੜਾ ਵਾਸੀ ਗੁਰਚਰਨ ਸਿੰਘ ਸਮੇਤ ਕਈ ਹੋਰ ਪੀੜਤ ਲੋਕ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੇ ਦਫ਼ਤਰ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਉਨ੍ਹਾਂ ਦੇ ਘਰਾਂ ਵਿੱਚ ਪਾਣੀ ਦੇ ਨਵੇਂ ਕੁਨੈਕਸ਼ਨ ਤਾਂ ਲਗਾ ਦਿੱਤੇ ਹਨ ਪ੍ਰੰਤੂ ਅਜੇ ਤਾਈ ਪਾਣੀ ਸਪਲਾਈ ਨਹੀਂ ਕੀਤਾ ਗਿਆ ਲੇਕਿਨ ਪਿੰਡ ਵਾਸੀਆਂ ਨੂੰ 1-1 ਹਜ਼ਾਰ ਤੋਂ ਵੱਧ ਰਾਸ਼ੀ ਦੇ ਬਿੱਲ ਭੇਜ ਕੇ ਉਨ੍ਹਾਂ ਦਾ ਨਿਰਧਾਰਿਤ ਸਮੇਂ ਵਿੱਚ ਭੁਗਤਾਨ ਲਈ ਆਖਿਆ ਗਿਆ ਹੈ।
ਉਧਰ, ਕੁੰਭੜਾ ਵਾਸੀ ਵਿਕਾਸ ਕਾਰਜਾਂ ਦੀ ਅਣਦੇਖੀ ਦੇ ਚੱਲਦਿਆਂ ਨਰਕ ਭੋਗਣ ਲਈ ਮਜਬੂਰ ਹਨ। ਪਿੰਡ ਦੀ ਫਿਰਨੀ ਅਤੇ ਅੰਦਰਲੀ ਸੜਕਾਂ, ਗਲੀਆਂ ਨਾਲੀਆਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਪਿੰਡ ਵਾਸੀ ਪਿਛਲੇ ਸਮੇਂ ਤੋਂ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਮੰਚ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਉਹ ਕਈ ਵਾਰ ਇਹ ਮਾਮਲਾ ਮੀਡੀਆ ਵਿੱਚ ਉਛਾਲ ਚੁੱਕੇ ਹਨ ਅਤੇ ਸੂਬਾ ਸਰਕਾਰ ਤੇ ਮੁਹਾਲੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਕੁਝ ਦਿਨ ਪਹਿਲਾਂ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਕੁੰਭੜਾ ਦਾ ਦੌਰਾ ਕਰਕੇ ਸਮੱਸਿਆਵਾਂ ਸੁਣੀਆਂ ਸਨ ਅਤੇ ਬਾਕੀ ਰਹਿੰਦੇ ਕੰਮਾਂ ਦੇ ਐਸਟੀਮੇਟ ਬਣਾਉਣ ਦੇ ਆਦੇਸ਼ ਦਿੱਤੇ ਹਨ। ਹਾਲਾਂਕਿ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੇ ਮੰਤਰੀ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰਾ ਕੰਮ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ ਸੀ ਲੇਕਿਨ ਸਮੱਸਿਆ ਜਿਊਂ ਦੀ ਤਿਊਂ ਬਰਕਰਾਰ ਹੈ।
ਉਧਰ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਦੱਸਿਆ ਕਿ ਪਿੰਡ ਕੁੰਭੜਾ ਵਿੱਚ ਵਾਟਰ ਸਪਲਾਈ ਪਾਈਪਲਾਈਨ ਕਾਫੀ ਪੁਰਾਣਾ ਹੋਣ ਕਾਰਨ ਰੋਜ਼ਾਨਾ ਕਿਸੇ ਨਾ ਕਿਸੇ ਹਿੱਸੇ ਵਿੱਚ ਥਾਂ ਥਾਂ ਤੋਂ ਲੀਕੇਜ ਹੁੰਦੀ ਰਹਿੰਦੀ ਸੀ। ਮੁਹਾਲੀ ਨਿਗਮ ਨੇ ਪਿੰਡ ਵਿੱਚ 1 ਕਰੋੜ 60 ਲੱਖ ਦੀ ਲਾਗਤ ਨਾਲ 9100 ਮੀਟਰ ਲੰਮੀ ਵਾਟਰ ਸਪਲਾਈ ਪਾਈਪਲਾਈਨ ਵਿਛਾਉਣ ਦਾ ਮਤਾ ਪਾਸ ਕੀਤਾ ਸੀ ਅਤੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਨਗਰ ਨਿਗਮ ਵੱਲੋਂ ਜਲ ਸਪਲਾਈ ਵਿਭਾਗ ਨੂੰ 1.40 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਲੇਕਿਨ ਅਜੇ ਤਾਈਂ ਠੇਕੇਦਾਰ ਨੂੰ ਪੂਰੀ ਪੇਮੈਂਟ ਰਿਲੀਜ਼ ਨਾ ਹੋਣ ਕਾਰਨ ਪਿਛਲੇ ਦੋ ਮਹੀਨੇ ਤੋਂ ਕੰਮ ਠੱਪ ਪਿਆ ਹੈ। ਉਨ੍ਹਾਂ ਦੱਸਿਆ ਕਿ ਨਵੀਂ ਪਾਈਪਲਾਈਨ ਵਿਛਾਉਣ ਤੋਂ ਕੰਮ ਹੁਣ ਸਿਰਫ਼ ਪਾਣੀ ਦੀ ਟੈਂਕੀ ਨਾਲ ਕੁਨੈਕਸ਼ਨ ਜੋੜਨਾ ਬਾਕੀ ਰਹਿ ਗਿਆ ਹੈ। ਜਿਸ ਕਾਰਨ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਫਿਰਨੀ ਨੂੰ ਪੱਕਾ ਕਰਨ ਦਾ ਕੰਮ ਰੁਕ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਲ ਸਪਲਾਈ ਵਿਭਾਗ ਨੇ ਠੇਕੇਦਾਰ ਨੂੰ ਪੂਰੇ ਪੈਸੇ ਦੇਣ ਦੀ ਬਜਾਏ ਇਹ ਪੈਸੇ ਕਿਸੇ ਹੋਰ ਕੰਮ ’ਤੇ ਖਰਚ ਕਰ ਲਿਆ ਹੈ ਅਤੇ ਨਗਰ ਨਿਗਮ ਨੂੰ ਪੈਂਡਿੰਗ ਰਕਮ ਦੇਣ ਲਈ ਵੀ ਪੱਤਰ ਲਿਖ ਦਿੱਤਾ ਹੈ।
(ਬਾਕਸ ਆਈਟਮ)
ਜਲ ਸਪਲਾਈ ਵਿਭਾਗ ਦੇ ਐਕਸੀਅਨ ਸਾਹਿਲ ਸ਼ਰਮਾ ਨੇ ਨਗਰ ਨਿਗਮ ਵੱਲੋਂ ਦਿੱਤੇ ਪੈਸੇ ਕਿਸੇ ਹੋਰ ਕੰਮ ’ਤੇ ਖਰਚਣ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਪਹਿਲਾਂ ਕੁਝ ਤਕਨੀਕੀ ਦਿੱਕਤਾਂ ਕਾਰਨ ਠੇਕੇਦਾਰ ਦੀ ਪੇਮੈਂਟ ਰੋਕੀ ਗਈ ਸੀ ਅਤੇ ਠੇਕੇਦਾਰ ਨੂੰ ਬਾਕੀ ਰਹਿੰਦਾ ਕੰਮ ਜਲਦੀ ਨੇਪਰੇ ਚਾੜ੍ਹਨ ਲਈ ਆਖਿਆ ਗਿਆ ਸੀ। ਪ੍ਰੰਤੂ ਹੁਣ ਠੇਕੇਦਾਰ ਨੂੰ ਪੂਰੀ ਪੇਮੈਂਟ ਰਿਲੀਜ਼ ਕਰ ਦਿੱਤੀ ਗਈ ਹੈ। ਐਕਸੀਅਨ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਨੇ ਨਗਰ ਨਿਗਮ ਤੋਂ 45 ਲੱਖ ਰੁਪਏ ਹੋਰ ਲੈਣੇ ਹਨ। ਇਹ ਫੰਡ ਲੈਣ ਲਈ ਨਿਗਮ ਨੂੰ ਪੱਤਰ ਲਿਖਿਆ ਗਿਆ ਹੈ। ਬਿਨਾਂ ਪਾਣੀ ਸਪਲਾਈ ਕੀਤੇ ਲੋਕਾਂ ਨੂੰ ਬਿੱਲ ਭੇਜਣ ਬਾਰੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਕੁੰਭੜਾ ਵਿੱਚ ਨਵੀਂ ਪਾਈਪਲਾਈਨ ਵਿਛਾਈ ਜਾ ਰਹੀ ਸੀ ਤਾਂ ਲੋਕਾਂ ਨੇ ਇੱਕ ਦੂਜੇ ਤੋਂ ਪਹਿਲਾਂ ਪਾਣੀ ਦਾ ਕੁਨੈਕਸ਼ਨ ਲੈਣ ਲਈ ਆਨਲਾਈਨ ਅਪਲਾਈ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਖਪਤਕਾਰ ਨੂੰ ਕੁਨੈਕਸ਼ਨ ਦਿੱਤਾ ਜਾਂਦਾ ਹੈ, ਨਿਯਮਾਂ ਅਨੁਸਾਰ ਉਸ ਦਿਨ ਤੋਂ ਬਿੱਲ ਲਾਗੂ ਹੋ ਜਾਂਦਾ ਹੈ। ਅਧਿਕਾਰੀ ਨੇ ਕਿਹਾ ਕਿ ਜਿਹੜੇ ਪਿੰਡ ਵਾਸੀਆਂ ਨੂੰ ਪਾਣੀ ਦੇ ਨਵੇਂ ਕੁਨੈਕਸ਼ਨ ਦਿੱਤੇ ਗਏ ਹਨ। ਉਨ੍ਹਾਂ ਤੋਂ ਅੰਡਰਟੇਕਿੰਗ ਲੈ ਕੇ ਸਬੰਧਤ ਲੋਕਾਂ ਦੇ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…