Nabaz-e-punjab.com

ਡਿਊਟੀ ’ਚ ਅਣਗਹਿਲੀ ਦਾ ਮਾਮਲਾ: ਮੁਹਾਲੀ ਅਦਾਲਤ ਵੱਲੋਂ ਇੰਸਪੈਕਟਰ ਦਲਜੀਤ ਗਿੱਲ ਬਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਮੁਹਾਲੀ ਅਦਾਲਤ ਨੇ ਪੰਜਾਬ ਪੁਲੀਸ ਦੇ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਵੱਡੀ ਰਾਹਤ ਦਿੰਦਿਆਂ ਡਿਊਟੀ ਵਿੱਚ ਕਥਿਤ ਅਣਗਹਿਲੀ ਦੇ ਦੋਸ਼ਾਂ ਤੋਂ ਮੁਕਤ ਕਰਦਿਆਂ ਬਰੀ ਕਰ ਦਿੱਤਾ ਹੈ। ਕੇਸ ਦੀ ਸੁਣਵਾਈ ਦੌਰਾਨ ਸਥਾਨਕ ਪੁਲੀਸ ਇੰਸਪੈਕਟਰ ਗਿੱਲ ਦੇ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਬਚਾਅ ਪੱਖ ਦੇ ਵਕੀਲ ਐਚਐਸ ਧਨੋਆ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਥਾਨਕ ਪੁਲੀਸ ਵੱਲੋਂ ਇੰਸਪੈਕਟਰ ਦਲਜੀਤ ਸਿੰਘ ਗਿੱਲ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਗਿੱਲ ਨੇ ਧਾਰਾ 91 ਤਹਿਤ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਉਨ੍ਹਾਂ ਨੂੰ (ਪੁਲੀਸ ਅਧਿਕਾਰੀ) ਨੂੰ ਇਸ ਕੇਸ ’ਚੋਂ ਡਿਸਚਾਰਜ ਕਰਨ ਦੀ ਗੁਹਾਰ ਲਗਾਈ ਗਈ ਸੀ। ਵਕੀਲ ਸ੍ਰੀ ਧਨੋਆ ਨੇ ਮਜ਼ਬੂਤ ਅਤੇ ਉਸਾਰੂ ਦਲੀਲਾਂ ਪੇਸ਼ ਕਰਕੇ ਅਦਾਲਤ ਦਾ ਧਿਆਨ ਮਾਮਲੇ ਦੇ ਵੱਖ ਵੱਖ ਪਹਿਲੂਆਂ ਵੱਲ ਖਿੱਚਿਆ ਅਤੇ ਆਪਣੇ ਮੁਵਕਿਲ ਨੂੰ ਬਾਇੱਜ਼ਤ ਬਰੀ ਕਰਵਾਉਣ ਵਿੱਚ ਸਫਲ ਰਹੇ।
ਐਸਐਸਪੀ ਦੇ ਹੁਕਮਾਂ ’ਤੇ ਇਸ ਮਾਮਲੇ ਵਿੱਚ ਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਪੜਤਾਲ ਕੀਤੀ ਗਈ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਸ ਸਮੇਂ ਪੀੜਤ ਲੜਕੀ ਥਾਣਾ ਸੋਹਾਣਾ ਵਿੱਚ ਉਸ ਨਾਲ ਹੋਏ ਜਬਰ ਜਨਾਹ ਬਾਰੇ ਸ਼ਿਕਾਇਤ ਦਰਜ ਕਰਵਾਉਣ ਆਈ ਸੀ। ਉਸ ਸਮੇਂ ਇੰਸਪੈਕਟਰ ਗਿੱਲ ਥਾਣੇ ਵਿੱਚ ਡੀਡੀਆਰ ਪਾ ਕੇ ਕਿਸੇ ਹੋਰ ਮਾਮਲੇ ਦੇ ਸਬੰਧ ਵਿੱਚ ਆਪਣੇ ਥਾਣੇ ’ਚੋਂ ਬਾਹਰ ਗਏ ਹੋਏ ਸੀ।
ਉਸ ਸਮੇਂ ਸੋਹਾਣਾ ਥਾਣੇ ਵਿੱਚ ਡਿਊਟੀ ’ਤੇ ਸਬ ਇੰਸਪੈਕਟਰ ਨਾਇਬ ਸਿੰਘ ਤਾਇਨਾਤ ਸੀ। ਉੱਚ ਅਧਿਕਾਰੀਆਂ ਵੱਲੋਂ ਥਾਣੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਅਦਾਲਤ ਵਿੱਚ ਸੌਂਪੀਆਂ ਗਈਆਂ। ਜਿਸ ਵਿੱਚ ਕਿਹਾ ਗਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ਦਰਜ ਕਰਵਾਉਣ ਸਮੇਂ ਇੰਸਪੈਕਟਰ ਦਲਜੀਤ ਸਿੰਘ ਗਿੱਲ ਥਾਣੇ ਵਿੱਚ ਮੌਜੂਦ ਨਹੀਂ ਸਨ। ਪੀੜਤ ਲੜਕੀ ਦੇ ਬਿਆਨ ਦਰਜ ਨਾ ਕਰਨ ਅਤੇ ਉਸ ਨੂੰ ਸੋਹਾਣਾ ਥਾਣੇ ’ਚੋਂ ਵਾਪਸ ਸੈਂਟਰਲ ਥਾਣਾ ਫੇਜ਼-8 ਵਿੱਚ ਭੇਜ ਕੇ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦੇਣ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਾ ਦੇਣ ਕਰਕੇ ਐਸਐਸਪੀ ਵੱਲੋਂ ਇੰਸਪੈਕਟਰ ਗਿੱਲ ਨੂੰ ਤੁਰੰਤ ਪ੍ਰਭਾਵ ਮੁਅੱਤਲ ਕਰਕੇ ਉਸ ਦੇ ਖ਼ਿਲਾਫ਼ ਡਿਊਟੀ ਵਿੱਚ ਅਣਗਹਿਲੀ ਦੇ ਦੋਸ਼ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇਰ ਸ਼ਾਮ ਸੜਕ ’ਤੇ ਖੜੀ ਇਕ ਲੜਕੀ ਨੂੰ ਅਣਪਛਾਤੇ ਕਾਰ ਸਵਾਰ ਨੇ ਲਿਫ਼ਟ ਦੇਣ ਦੇ ਬਹਾਨੇ ਆਪਣੀ ਕਾਰ ਵਿੱਚ ਬਿਠਾਇਆ ਅਤੇ ਰਸਤੇ ਵਿੱਚ ਨਾਲ ਜਬਰ ਜਨਾਹ ਕੀਤਾ ਗਿਆ। ਇਸ ਸਬੰਧੀ ਪੀੜਤ ਲੜਕੀ ਆਪਣੀ ਸ਼ਿਕਾਇਤ ਲੈ ਕੇ ਸੋਹਾਣਾ ਥਾਣੇ ਗਈ ਸੀ ਪ੍ਰੰਤੂ ਉਸ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਨਾ ਕਰਨ ਅਤੇ ਆਪਣੀ ਡਿਊਟੀ ਅਣਗਹਿਲੀ ਵਰਤਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਐਸਐਸਪੀ ਨੇ ਮੁਅੱਤਲ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਪੁਲੀਸ ਵਿਭਾਗ ਨੇ ਇੰਸਪੈਕਟਰ ਗਿੱਲ ਨੂੰ ਪੈਂਡਿੰਗ ਇਨਕੁਆਰੀ ਬਹਾਲ ਕਰ ਦਿੱਤਾ ਗਿਆ ਅਤੇ 25 ਜੁਲਾਈ 2019 ਨੂੰ ਮਟੌਰ ਥਾਣੇ ਦਾ ਨਵਾਂ ਐਸਐਚਓ ਲਗਾਇਆ ਗਿਆ ਸੀ, ਪ੍ਰੰਤੂ ਇਹ ਮਾਮਲਾ ਮੀਡੀਆ ਵਿੱਚ ਆਉਣ ਕਾਰਨ ਐਸਐਸਪੀ ਨੇ ਉਨ੍ਹਾਂ ਨੂੰ ਅਗਲੇ ਹੀ ਦਿਨ ਥਾਣਾ ਮੁਖੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…