ਲਾਪਰਵਾਹੀ: ਬਿਨਾਂ ਬਿਜਲੀ-ਪਾਣੀ ਕੁਨੈਕਸ਼ਨ ਤੋਂ ਨਵਾਂ ਫਾਇਰ ਸਟੇਸ਼ਨ ਚਾਲੂ?

ਬਿਜਲੀ ਕੁਨੈਕਸ਼ਨ ਲਈ ਪਾਵਰਕੌਮ ਕੋਲ ਸਕਿਉਰਿਟੀ ਜਮ੍ਹਾ ਕਰਵਾਈ ਹੋਈ ਹੈ: ਮੇਅਰ ਜੀਤੀ ਸਿੱਧੂ

ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਵੱਲੋਂ ਬੀਤੀ 18 ਮਈ ਨੂੰ ਕੀਤਾ ਗਿਆ ਸੀ ਫਾਇਰ ਸਟੇਸ਼ਨ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਇੱਥੋਂ ਦੇ ਸੈਕਟਰ-78 ਵਿੱਚ ਨਵੇਂ ਫਾਇਰ ਸਟੇਸ਼ਨ ਅਤੇ ਫਾਇਰ ਟਰੇਨਿੰਗ ਇੰਸਟੀਚਿਊਟ ਦੀ ਬਹੁ-ਮੰਜ਼ਲਾ ਅਤਿ-ਆਧੁਨਿਕ ਇਮਾਰਤ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਜਾਣਕਾਰੀ ਅਨੁਸਾਰ ਹਾਲੇ ਤੱਕ ਕਥਿਤ ਤੌਰ ’ਤੇ ਬਿਜਲੀ-ਪਾਣੀ ਕੁਨੈਕਸ਼ਨ ਦਾ ਕੁਨੈਕਸ਼ਨ ਵੀ ਨਹੀਂ ਹੈ? ਪ੍ਰੰਤੂ ਹੁਕਮਰਾਨਾਂ ਨੇ ਫੌਕੀ ਵਾਹਾਵਾਈ ਖੱਟਣ ਲਈ ਬੀਤੀ 18 ਮਈ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਉਦਘਾਟਨ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਨਵੇਂ ਫਾਇਰ ਸਟੇਸ਼ਨ ਦੀ ਇਮਾਰਤ ਵਿੱਚ ਬਿਜਲੀ ਦਾ ਰੈਗੂਲਰ ਕੁਨੈਕਸ਼ਨ ਵੀ ਨਹੀਂ ਹੈ ਅਤੇ ਵਿਭਾਗ ਵੱਲੋਂ ਟੈਂਪਰੇਰੀ ਕੁਨੈਕਸ਼ਨ (ਖੰਭੇ ਤੋਂ ਸਿੱਧੀ ਤਾਰ ਜੋੜ ਕੇ) ਡੰਗ ਸਾਰਿਆ ਜਾ ਰਿਹਾ ਹੈ। ਇਹੀ ਨਹੀਂ ਪਾਣੀ ਦਾ ਕੁਨੈਕਸ਼ਨ ਵੀ ਨਹੀਂ ਹੈ। ਹਾਲਾਂਕਿ ਪਾਣੀ ਦੀ ਲੋੜ ਲਈ ਵਿਭਾਗ ਵੱਲੋਂ ਆਪਣਾ ਬੋਰ ਕਰਵਾਇਆ ਗਿਆ ਹੈ ਪ੍ਰੰਤੂ ਫਾਇਰ ਸਟੇਸ਼ਨ ਤੇ ਇੰਸਟੀਚਿਊਟ ਦੀ ਇਮਾਰਤ ਲਈ ਪਾਣੀ ਦਾ ਸਰਕਾਰੀ ਕੁਨੈਕਸ਼ਨ ਨਹੀਂ ਹੈ। ਫਾਇਰ ਟੈਂਡਰਾਂ ਨੂੰ ਭਰਨ ਲਈ ਇੱਥੇ ਲੋੜੀਂਦੇ ਵਾਟਰ ਹਾਈਡਰੈਂਟ ਤੱਕ ਨਹੀਂ ਲੱਗੇ ਹਨ ਅਤੇ ਪਾਣੀ ਦਾ ਵੀ ਢੁਕਵਾਂ ਪ੍ਰਬੰਧ ਨਹੀਂ ਹੈ। ਫਾਇਰ ਅਫ਼ਸਰ ਜਸਵਿੰਦਰ ਸਿੰਘ ਅਨੁਸਾਰ ਇੱਥੇ ਬਿਜਲੀ ਦਾ ਟੈਂਪਰੇਰੀ ਕੁਨੈਕਸ਼ਨ ਹੈ, ਜੋ ਮੁਹਾਲੀ ਨਗਰ ਨਿਗਮ ਵੱਲੋਂ ਹੀ ਮੁਹੱਈਆ ਕਰਵਾਇਆ ਗਿਆ ਹੈ। ਪਾਣੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਦਾ ਆਪਣਾ ਬੋਰ ਇੱਥੇ ਕੰਮ ਕਰ ਰਿਹਾ ਹੈ। ਇਸ ਲਈ ਪਾਣੀ ਦੀ ਕੋਈ ਸਮੱਸਿਆ ਨਹੀਂ ਹੈ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਵੱਲੋਂ ਬਿਜਲੀ ਕੁਨੈਕਸ਼ਨ ਲਈ ਪਾਵਰਕੌਮ ਕੋਲ ਸਕਿਉਰਿਟੀ ਜਮ੍ਹਾ ਕੀਤੀ ਹੋਈ ਹੈ ਅਤੇ ਜਲਦੀ ਮੀਟਰ ਜਾਰੀ ਕਰਨ ਦੀ ਗੱਲ ਕਹੀ ਗਈ ਹੈ। ਜਿਸ ਤੋਂ ਬਾਅਦ ਨਵੀਂ ਇਮਾਰਤ ਵਿੱਚ ਬਿਜਲੀ ਦਾ ਕੁਨੈਕਸ਼ਨ ਚਾਲੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਮਾਰਤ ਦੀ ਉਸਾਰੀ ਵੇਲੇ ਵਿਭਾਗ ਵੱਲੋਂ ਬਿਜਲੀ ਦਾ ਟੈਂਪਰੇਰੀ ਕੁਨੈਕਸ਼ਨ ਜਾਰੀ ਕੀਤਾ ਗਿਆ ਹੈ। ਪਾਣੀ ਦੀ ਸਪਲਾਈ ਬਾਰੇ ਮੇਅਰ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਹੀ ਆਪਣਾ ਬੋਰ ਕੀਤਾ ਗਿਆ ਹੈ। ਵਾਟਰ ਹਾਈਡਰੈਂਟ ਬਾਰੇ ਉਨ੍ਹਾਂ ਕਿਹਾ ਕਿ ਇਹ ਕੰਮ ਨਗਰ ਨਿਗਮ ਵੱਲੋਂ ਹੀ ਹੋਣਾ ਹੈ ਅਤੇ ਅਗਲੇ ਇੱਕ ਦੋ ਦਿਨਾਂ ਵਿੱਚ ਇਹ ਲਗਵਾ ਦਿੱਤੇ ਜਾਣਗੇ।

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…