Nabaz-e-punjab.com

ਲਾਪਰਵਾਹੀ: ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ‘ਬਾਲ ਸੁਖਦੇਵ’ ਪਾਠ ਵਿੱਚ ਰਾਜਗੁਰੂ ਦੀ ਫੋਟੋ ਲਗਾਈ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੱਕ ਹੋਰ ਕਾਰਨਾਮਾ, ਪ੍ਰਾਇਮਰੀ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਪਰੋਸੀ ਜਾ ਰਹੀ ਹੈ ਗਲਤ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਲ 2017-18 ਦੀ ਬਾਰ੍ਹਵੀਂ ਸ਼੍ਰੇਣੀ ਦੀ ਇਤਿਹਾਸ ਦੀ ਕਿਤਾਬ ’ਚੋਂ ਸਿੱਖ ਇਤਿਹਾਸ ਨੂੰ ਮਿਟਾਉਣ ਦਾ ਮਾਮਲਾ ਹਾਲੇ ਪੂਰੀ ਤਰ੍ਹਾਂ ਠੰਢਾ ਵੀ ਨਹੀਂ ਪਿਆ ਸੀ ਹੁਣ ਸਕੂਲ ਬੋਰਡ ਕਥਿਤ ਘੋਰ ਲਾਪਰਵਾਹੀ ਦੇ ਚੱਲਦਿਆਂ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਦੇਸ਼ ਦੇ ਮਹਾਨ ਸ਼ਹੀਦ ਸ੍ਰ. ਭਗਤ ਸਿੰਘ ਦੇ ਸਾਥੀ ਸ਼ਹੀਦ ਸੁਖਦੇਵ ਸਿੰਘ ਦੇ ਤੀਜੇ ਪਾਠਕ੍ਰਮ ‘ਬਾਲ ਸੁਖਦੇਵ’ ਵਿੱਚ ਰਾਜਗੁਰੂ ਦੀ ਫੋਟੋ ਲਗਾ ਕੇ ਮੁੜ ਵਿਵਾਦਾਂ ਵਿੱਚ ਘਿਰ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਪੰਜਾਬ ਵਿੱਚ 12 ਹਜ਼ਾਰ 976 ਪ੍ਰਾਇਮਰੀ ਸਕੂਲ ਹਨ। ਜਿਨ੍ਹਾਂ ਵਿੱਚ 9 ਲੱਖ ਤੋਂ ਵੱਧ ਵਿਦਿਆਰਥੀ ਪ੍ਰਾਇਮਰੀ ਸਿੱਖਿਆ ਹਾਸਲ ਕਰ ਰਹੇ ਹਨ। ਇਨ੍ਹਾਂ ’ਚੋਂ ਚੌਥੀ ਜਮਾਤ ਵਿੱਚ 2 ਲੱਖ ਤੋਂ ਵੱਧ ਵਿਦਿਆਰਥੀ ਦੱਸੇ ਗਏ ਹਨ। ਕਈ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਵਿਦਿਆਰਥੀਆਂ ਨੂੰ ਆਪਣੇ ਪੱਧਰ ’ਤੇ ਸਹੀ ਜਾਣਕਾਰੀ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਕਈ ਵਾਰ ਕਿਤਾਬਾਂ ਵਿੱਚ ਗਲਤ ਜਾਣਕਾਰੀ ਛਪ ਜਾਣ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਿਛਲੀ ਗਲਤੀ ਤੋਂ ਸਬਕ ਲੈਣ ਦੀ ਬਜਾਏ ਹੁਣ ਫਿਰ ਤੋਂ ਚੌਥੀ ਜਮਾਤ ਲਈ ਪੰਜਾਬੀ ਦੀ ਕਿਤਾਬ ਦੇ 11 ਪੰਨੇ ਉੱਤੇ ਦੇਸ਼ ਦੇ ਮਹਾਨ ਸ਼ਹੀਦ ਸੁਖਦੇਵ ਦੀ ਜੀਵਨੀ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸ਼ਹੀਦ ਸੁਖਦੇਵ ਦੀ ਜੀਵਨੀ ਬਾਰੇ ਇੱਕ ਵਿਸ਼ੇਸ਼ ਪਾਠਕ੍ਰਮ ‘ਬਾਲ ਸੁਖਦੇਵ’ ਛਾਪਿਆ ਗਿਆ ਹੈ। ਚੌਥੀ ਜਮਾਤ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਬਹੁਤ ਛੋਟਾ ਹੁੰਦਾ ਹੈ। ਛੋਟੇ ਬੱਚਿਆਂ ਨੂੰ ਜਿਹੜੀ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਹੈ, ਉਸ ’ਤੇ ਉਨ੍ਹਾਂ ਧਿਆਨ ਵਧੇਰੇ ਕੇਂਦਰਿਤ ਹੁੰਦਾ ਹੈ। ਉਂਜ ਵੀ ਪ੍ਰਾਇਮਰੀ ਸਿੱਖਿਆ ਬੱਚਿਆਂ ਦੇ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ ਮੰਨੀ ਜਾਂਦੀ ਹੈ। ਕਿਉਂਕਿ ਛੋਟੀ ਕਲਾਸ ਵਿੱਚ ਬੱਚਿਆਂ ਨੂੰ ਜੋ ਵੀ ਪੜ੍ਹਾਇਆ ਜਾਂਦਾ ਹੈ, ਉਸ ਦਾ ਉਨ੍ਹਾਂ ’ਤੇ ਜਲਦੀ ਅਸਰ ਹੁੰਦਾ ਹੈ। ਜੇਕਰ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਹੀ ਗਲਤ ਪਰੋਸੀ ਜਾਵੇਗੀ ਤਾਂ ਭਵਿੱਖ ਵਿੱਚ ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਸਿੱਖਿਆ ਬੋਰਡ ਨੇ ਪਾਠਕ੍ਰਮ ਵਿੱਚ ਸ਼ਹੀਦ ਸੁਖਦੇਵ ਦੀ ਫੋਟੋ ਲਗਾਉਣ ਦੀ ਬਜਾਏ ਰਾਜਗੁਰੂ ਦੀ ਫੋਟੋ ਲਗਾਈ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਇਤਿਹਾਸ ਕਿਤਾਬ ਖ਼ੁਦ ਛਾਪਣ ਦਾ ਫੈਸਲਾ ਕੀਤਾ ਗਿਆ ਸੀ। ਜਦੋਂ ਇਹ ਕਿਤਾਬ ਛਪ ਕੇ ਮਾਰਕੀਟ ਵਿੱਚ ਆਈ ਤਾਂ ਕਿਤਾਬ ’ਚੋਂ ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨੂੰ ਮਿਟਾਉਣ ਦੇ ਮੁੱਦੇ ’ਤੇ ਸਿਆਸਤ ਗਰਮਾ ਗਈ ਸੀ। ਜਿਸ ਕਾਰਨ ਪੰਜਾਬ ਸਰਕਾਰ ਅਤੇ ਸਿੱਖਿਆ ਬੋਰਡ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਇਹ ਮਾਮਲਾ ਮੀਡੀਆ ਵਿੱਚ ਚੁੱਕੇ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਵੱਲੋਂ ਸਿੱਖ ਇਤਿਹਾਸਕ ਡਾ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਸਾਰੇ ਮਾਮਲੇ ’ਤੇ ਮਿੱਟੀ ਪਾਉਣ ਲਈ ਸਰਕਾਰ ਨੇ ਬਾਰ੍ਹਵੀਂ ਸ਼੍ਰੇਣੀ ਲਈ ਇਤਿਹਾਸ ਦੀ ਕਿਤਾਬ ਰੱਦ ਕਰਕੇ ਪੁਰਾਣੀ ਕਿਤਾਬ ਪੜ੍ਹਾਉਣ ਦਾ ਫੈਸਲਾ ਕੀਤਾ ਗਿਆ। ਨਵੀਂ ਕਿਤਾਬ ਹਾਲੇ ਤੱਕ ਨਹੀਂ ਛਪੀ ਹੈ।
(ਬਾਕਸ ਆਈਟਮ)
ਉਧਰ, ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦਾ ਕਹਿਣਾ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਟਾਈਪਿੰਗ ਦੀ ਗਲਤੀ ਜਾਪਦੀ ਹੈ। ਹੁਣ ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਉਹ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਪੱਧਰ ’ਤੇ ਵੀ ਗਲਤ ਹੋਈ ਹੈ, ਉਸ ਦਾ ਪਤਾ ਲਗਾ ਕੇ ਸਬੰਧਤ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
(ਬਾਕਸ ਆਈਟਮ)
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ‘ਬਾਲ ਸੁਖਦੇਵ’ ਪਾਠਕ੍ਰਮ ਵਿੱਚ ਗਲਤ ਜਾਣਕਾਰੀ ਪਰੋਸਣਾ ਬਹੁਤ ਗੰਭੀਰ ਮਾਮਲਾ ਹੈ। ਇਹ ਜਿੱਥੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ, ਉੱਥੇ ਸਾਡੇ ਮਹਾਨ ਸ਼ਹੀਦਾਂ ਦਾ ਵੀ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਬੋਰਡ ਨੇ ਇਤਿਹਾਸ ਦੀ ਕਿਤਾਬ ਵਿੱਚ ਬਜਰ ਗਲਤੀਆਂ ਕੀਤੀਆਂ ਸਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਤਾਬਾਂ ਛਾਪਣ ਤੋਂ ਪਹਿਲਾਂ ਵਿਸ਼ਾ ਮਾਹਰਾਂ ਅਤੇ ਇਤਿਹਾਸਕਾਰਾਂ ਅਤੇ ਉੱਘੇ ਵਿਦਵਾਨਾਂ ਤੋਂ ਚੈੱਕ ਕਰਵਾ ਲਈਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …