ਲਾਪਰਵਾਹੀ: ਟਰੀ ਪਰੂਨਿੰਗ ਮਸ਼ੀਨ ਨਾਲ ਦਰਖ਼ਤਾਂ ਦੀ ਛੰਗਾਈ ਦੌਰਾਨ ਵੱਡਾ ਹਾਦਸਾ ਹੋਣ ਤੋਂ ਟਲਿਆ

ਸੈਕਟਰ-66 ਵਿੱਚ ਦਰਖ਼ਤਾਂ ਦੀ ਛੰਗਾਈ ਦੌਰਾਨ ਬਿਜਲੀ ਦੀਆਂ ਤਾਰਾਂ ਵਿੱਚ ਪਏ ਪਟਾਕੇ, ਕਰਮਚਾਰੀ ਕੰਮ ਛੱਡ ਕੇ ਭੱਜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਮੁਹਾਲੀ ਨਗਰ ਨਿਗਮ ਦੀ ਟੀਮ ਸ਼ੁੱਕਰਵਾਰ ਨੂੰ ਇੱਥੋਂ ਦੇ ਸੈਕਟਰ-66 ਵਿੱਚ ਹਾਲ ਹੀ ਵਿੱਚ ਖ਼ਰੀਦੀਆਂ ਟਰੀ ਪਰੂਨਿੰਗ ਮਸ਼ੀਨਾਂ ਨਾਲ ਦਰਖ਼ਤਾਂ ਦੀ ਛੰਗਾਈ ਦੌਰਾਨ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਹੋ ਗਿਆ। ਜਦੋਂ ਨਗਰ ਨਿਗਮ ਦੇ ਕਰਮਚਾਰੀ ਸਿਸ਼ੂ ਨਿਕੇਤਨ ਸਕੂਲ ਨੇੜੇ ਦਰਖ਼ਤਾਂ ਦੀ ਛੰਗਾਈ ਕਰ ਰਹੇ ਸੀ ਤਾਂ ਇਸ ਦੌਰਾਨ ਇੱਕ ਮੋਟਾ ਟਾਹਣਾ ਟੁੱਟ ਕੇ ਬਿਜਲੀ ਦੀਆਂ ਨੰਗੀਆਂ ਤਾਰਾਂ ’ਤੇ ਡਿੱਗ ਪਿਆ। ਜਿਸ ਕਾਰਨ ਬਿਜਲੀ ਦੀਆਂ ਤਾਰਾਂ ’ਚੋਂ ਪਟਾਕੇ ਪੈਣੇ ਸ਼ੁਰੂ ਹੋ ਗਏ ਅਤੇ ਸਮੁੱਚੇ ਖੇਤਰ ਦੀ ਬਿਜਲੀ ਗੁੱਲ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ 4 ਵਜੇ ਵਾਪਰਿਆ। ਤਾਰਾਂ ਵਿੱਚ ਪਟਾਕੇ ਪੈਂਦੇ ਦੇਖ ਕੇ ਕਰਮਚਾਰੀ ਅੱਧ ਵਿਚਾਲੇ ਕੰਮ ਛੱਡ ਕੇ ਮਸ਼ੀਨ ਲੈ ਕੇ ਮੌਕੇ ਤੋਂ ਖਿਸਕ ਗਏ।
ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਬਿਜਲੀ ਸਪਲਾਈ ਚਾਲੂ ਸੀ ਜਦੋਂਕਿ ਨਿਯਮਾਂ ਤਹਿਤ ਦਰਖ਼ਤਾਂ ਦੀ ਛੰਗਾਈ ਤੋਂ ਪਹਿਲਾਂ ਬਿਜਲੀ ਦਫ਼ਤਰ ਤੋਂ ਸ਼ੈੱਡ ਡਾਊਨ ਲੈਣੀ ਬਣਦੀ ਸੀ। ਇਲਾਕੇ ਦੀ ਕੌਂਸਲਰ ਸ੍ਰੀਮਤੀ ਰਜਨੀ ਗੋਇਲ ਨੇ ਦੱਸਿਆ ਕਿ ਜਦੋਂ ਕਰਮਚਾਰੀ ਨਵੀਂ ਮਸ਼ੀਨ ਨਾਲ ਰੁੱਖਾਂ ਦੀਆਂ ਟਾਹਣੀਆਂ ਕੱਟ ਰਹੇ ਸੀ ਤਾਂ ਉਨ੍ਹਾਂ ਨੇ ਦਰਖ਼ਤਾਂ ਦੇ ਉੱਤੋਂ ਲੰਘ ਰਹੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਕਰਮਚਾਰੀਆਂ ਦੀ ਲਾਪਰਵਾਹੀ ਨਾਲ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਸੈਕਟਰ ਵਿੱਚ ਦਹਿਸ਼ਤ ਜਿਹੀ ਫੈਲ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਰਖ਼ਤਾਂ ਦੀ ਛੰਗਾਈ ਸ਼ਨੀਵਾਰ ਨੂੰ ਕਰਨ ਦੀ ਸਲਾਹ ਦਿੱਤੀ ਸੀ ਪਰ ਨਿਗਮ ਦੀ ਟੀਮ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਉਨ੍ਹਾਂ ਦੱਸਿਆ ਕਿ ਅੱਜ ਬਿਜਲੀ ਬੰਦ ਕਰਨ ਲਈ ਸਬੰਧਤ ਦਫ਼ਤਰ ਵਿੱਚ ਸੰਪਰਕ ਕੀਤਾ ਗਿਆ ਸੀ ਪਰ ਵਿਭਾਗੀ ਕਾਰਨਾਂ ਕਰਕੇ ਬੱਤੀ ਬੰਦ ਨਹੀਂ ਹੋ ਸਕੀ ਅਤੇ ਅਧਿਕਾਰੀਆਂ ਨੇ ਇਹ ਐਕਸਰਸਾਈਜ਼ ਕਰਨ ਲਈ ਕਹਿ ਦਿੱਤਾ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਬਾਰੇ ਨਿਗਮ ਟੀਮ ਨੂੰ ਜਾਣਕਾਰੀ ਦਿੱਤੀ ਗਈ ਸੀ, ਪ੍ਰੰਤੂ ਕਰਮਚਾਰੀਆਂ ਨੇ ਇਹ ਕਾਰਵਾਈ ਉਸ ਵੇਲੇ ਪਾਈ ਜਦੋਂ ਬੱਤੀ ਚੱਲ ਰਹੀ ਸੀ।
ਉਧਰ, ਇਸ ਸਬੰਧੀ ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਪ੍ਰੰਤੂ ਹੁਣ ਸਬੰਧਤ ਸਟਾਫ਼ ਦੀ ਜਵਾਬ ਤਲਬੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਦੁਬਾਰਾ ਅਜਿਹਾ ਕੋਈ ਹਾਦਸਾ ਨਾ ਵਾਪਰੇ ਇਸ ਗੱਲ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ ਅਤੇ ਕਰਮਚਾਰੀਆਂ ਨੂੰ ਪੂਰੀ ਸਾਵਧਾਨੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…