nabaz-e-punjab.com

ਦਲਿਤ ਮੁਟਿਆਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਗੁਆਂਢੀ ਨੂੰ 7 ਸਾਲ ਦੀ ਕੈਦ

ਜੱਜ ਦੇ ਹੁਕਮਾਂ ਅਨੁਸਾਰ ਦੋਸ਼ੀ ਨੂੰ ਜੇਲ੍ਹ ਵਿੱਚ ਤੋੜਨੇ ਪੈਣਗੇ ਪੱਥਰ ਤੇ ਹੋਰ ਭਾਰੀ ਕੰਮ ਕਰਨ ਪਵੇਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਮੁਹਾਲੀ ਦੀ ਇੱਕ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਕਰੀਬ ਡੇਢ ਸਾਲ ਪੁਰਾਣੇ ਦਲਿਤ ਮੁਟਿਆਰ ਦੇ ਆਤਮ ਹੱਤਿਆ ਮਾਮਲੇ ਦਾ ਨਿਬੇੜਾ ਕਰਦਿਆਂ ਮ੍ਰਿਤਕ ਲੜਕੀ ਦੇ ਗੁਆਂਢੀ ਪਰਮਿੰਦਰ ਸਿੰਘ ਵਾਸੀ ਛੱਜੂਮਾਜਰਾ ਨੂੰ ਦੋਸ਼ੀ ਕਰਾਰ ਦਿੰਦਿਆਂ ਸੱਤ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਸ ਸਬੰਧੀ ਪਰਮਿੰਦਰ ਸਿੰਘ ਦੇ ਖ਼ਿਲਾਫ਼ 5 ਜੂਨ 2016 ਨੂੰ ਖਰੜ ਸਦਰ ਥਾਣੇ ਵਿੱਚ ਵੱਖ ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਚਲ ਰਹੀ ਸੀ।
ਪੀੜਤ ਪਰਿਵਾਰ ਦੇ ਵਕੀਲ ਨਵੀਨ ਸੈਣੀ ਨੇ ਮੀਡੀਆ ਨੂੰ ਦੱਸਿਆ ਕਿ ਮਰਨ ਤੋਂ ਕੁੱਝ ਦਿਨ ਪਹਿਲਾਂ ਮੁਲਜ਼ਮ ਨੇ ਪੀੜਤ ਲੜਕੀ ਨਾਲ ਛੇੜਛਾੜ ਕੀਤੀ ਸੀ ਅਤੇ ਜ਼ਬਰਦਸਤੀ ਲੜਕੀ ਨੂੰ ਘਰ ਤੋਂ ਚੁੱਕ ਕੇ ਲੈ ਗਿਆ ਸੀ ਲੇਕਿਨ ਕਿਸੇ ਤਰੀਕੇ ਨਾਲ ਲੜਕੀ ਮੁਲਜ਼ਮ ਦੇ ਚੁੰਗਲ ’ਚੋਂ ਬਚ ਨਿਕਲੀ ਸੀ। ਇਸ ਸਬੰਧੀ ਮੁਲਜ਼ਮ ਦੇ ਖ਼ਿਲਾਫ਼ ਧਾਰਾ 354 ਅਧੀਨ ਵੱਖਰਾ ਕੇਸ ਦਰਜ ਕਰਕੇ ਪੁਲੀਸ ਨੇ ਪਰਮਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪ੍ਰੰਤੂ ਕੁੱਝ ਦਿਨ ਮਗਰੋਂ ਮੁਲਜ਼ਮ ਜ਼ਮਾਨਤ ’ਤੇ ਰਿਹਾਅ ਹੋ ਕੇ ਜੇਲ੍ਹ ’ਚੋਂ ਬਾਹਰ ਆ ਗਿਆ ਸੀ।
ਵਕੀਲ ਨੇ ਦੱਸਿਆ ਕਿ ਮੁਲਾਜ਼ਮ ਨੇ ਜੇਲ੍ਹ ’ਚੋਂ ਬਾਹਰ ਆਉਂਦੇ ਹੀ ਪੀੜਤ ਲੜਕੀ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਧਮਕੀ ਦਿੱਤੀ ਕਿ ਉਹ ਉਸ ਨੂੰ ਘਰੋਂ ਚੁੱਕ ਕੇ ਲੈ ਜਾਵੇਗਾ। ਜਿਸ ਕਾਰਨ ਦਲਿਤ ਲੜਕੀ ਬਹੁਤ ਜ਼ਿਆਦਾ ਘਬਰਾ ਗਈ ਅਤੇ ਉਸ ਨੇ ਡਰਦੇ ਮਾਰਿਆਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਇਸ ਮਗਰੋਂ ਮੁਲਜ਼ਮ ਦੇ ਖ਼ਿਲਾਫ਼ ਜੁਰਮ ਵਿੱਚ ਵਾਧਾ ਕਰਕੇ ਧਾਰਾ 306, 341 ਅਤੇ 506 ਵੀ ਜੋੜ ਕੇ ਮੁਲਜ਼ਮ ਫਿਰ ਤੋਂ ਗ੍ਰਿਫ਼ਤਾਰ ਕਰ ਲਿਆ। ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਪਰਮਿੰਦਰ ਸਿੰਘ ਨੂੰ ਧਾਰਾ 306 ਵਿੱਚ 7 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ, ਧਾਰਾ 506 ਵਿੱਚ ਛੇ ਮਹੀਨੇ ਅਤੇ ਧਾਰਾ 341 ਵਿੱਚ ਇੱਕ ਮਹੀਨੇ ਦੀ ਸਜ਼ਾ ਸੁਣਾਈ ਹੈ। ਜੱਜ ਨੇ ਦੋਸ਼ੀ ਨੂੰ ਸਜ਼ਾ ਸੁਣਾਉਣ ਵਾਲੇ ਆਪਣੇ ਹੁਕਮਾਂ ਵਿੱਚ ਸੱਤ ਦੀ ਕੈਦ (ਆਰ.ਆਈ) ਲਿਖਿਆ ਹੈ। ਭਾਵ ਦੋਸ਼ੀ ਤੋਂ ਜੇਲ੍ਹ ਵਿੱਚ ਪੱਥਰ ਤੋੜਨ ਸਮੇਤ ਹੋਰ ਭਾਰੀ ਕੰਮ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …