
‘ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਦੇ ਮੀਟਿੰਗ ਨਹੀਂ ਹੋਈ ਨਾ ਹੀ ਮੈਂ ਭਾਜਪਾ ’ਚ ਸ਼ਾਮਲ ਹੋ ਰਿਹੈ: ਸਿੱਧੂ
ਵਿਰੋਧੀਆਂ ਨੇ ਸੋਸ਼ਲ ਮੀਡੀਆ ’ਤੇ ਝੂਠੀ ਅਫ਼ਵਾਹਾਂ ਫੈਲਾ ਕੇ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ: ਸਿੱਧੂ
ਕਿਹਾ ਕੁਲਵੰਤ ਸਿੰਘ ਮੁਹਾਲੀ ਤੋਂ ਮੰਗਦਾ ਸੀ ਕਾਂਗਰਸ ਦੀ ਟਿਕਟ ਪਰ ਪਾਰਟੀ ਨੇ ਦਿੱਤਾ ਕੋਰਾ ਜਵਾਬ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਉਸ ਦੇ ਸਿਆਸੀ ਵਿਰੋਧੀ ਸੋਸ਼ਲ ਮੀਡੀਆ ’ਤੇ ਝੂਠੀਆਂ ਅਫ਼ਵਾਹਾਂ ਫੈਲਾ ਕੇ ਉਨ੍ਹਾਂ ਨੂੰ ਜਨਤਕ ਤੌਰ ’ਤੇ ਬਦਨਾਮ ਕਰਨਾ ਚਾਹੁੰਦੇ ਹਨ। ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਵਸਟਐਪ ਗਰੁੱਪਾਂ ਵਿੱਚ ਅਪਲੋਡ ਕੀਤੀ ਪੋਸਟ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ ਅਤੇ ਨਾ ਹੀ ਹੁਣ ਤੱਕ ਉਹ ਕਦੇ ਵੀ ਭਾਜਪਾ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੂੰ ਮਿਲੇ ਹਨ ਜਾਂ ਕੋਈ ਮੀਟਿੰਗ ਕੀਤੀ ਹੈ।
ਹਾਲਾਂਕਿ ਕਾਂਗਰਸ ਨੇ ਹਾਲੇ ਤੱਕ ਮੁਹਾਲੀ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ ਪ੍ਰੰਤੂ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸਾਬਕਾ ਮੰਤਰੀ ਨੇ ਆਪਣੀ ਪ੍ਰਾਪਤੀਆਂ ਗਿਣਵਾਉਂਦੇ ਹੋਏ ਐਲਾਨ ਕੀਤਾ ਕਿ ਉਹ ਮੁਹਾਲੀ ਹਲਕੇ ਤੋਂ ਹੀ ਕਾਂਗਰਸ ਦੀ ਟਿਕਟ ’ਤੇ ਚੋਣ ਲੜਨਗੇ। ਸਿੱਧੂ ਦੇ ਇਸ ਐਲਾਨ ਨੇ ਉਨ੍ਹਾਂ ਤਮਾਮ ਕਿਆਸਰਾਈਆਂ ਨੂੰ ਠੱਲ੍ਹ ਪਾ ਦਿੱਤੀ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਕੈਪਟਨ ਧੜੇ ਨਾਲ ਜਾ ਸਕਦੇ ਹਨ ਜਾਂ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਿਸ਼ਵ ਜੈਨ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਪੰਜਾਬ ਮਹਿਲਾ ਕਾਂਗਰਸ ਦੀ ਮੀਡੀਆ ਇੰਚਾਰਜ ਹਰਦੀਪ ਕੌਰ ਵਿਰਕ, ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ ਹਾਜ਼ਰ ਸਨ।
ਸ੍ਰੀ ਸਿੱਧੂ ਆਪ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਸਮੇਤ ਹੋਰਨਾਂ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀ ਉਸ ਦੇ ਭਾਜਪਾ ਵਿੱਚ ਸ਼ਾਮਲ ਹੋਣ ਜਾਂ ਕੈਪਟਨ ਨਾਲ ਜਾਣ ਬਾਰੇ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਕਾਂਗਰਸ ਨਾਲ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਜਦੋਂ ਬਰਿਆਲੀ ਕਤਲ ਮਾਮਲੇ ਵਿੱਚ ਉਸ ਦੇ ਛੋਟੇ ਭਰਾ ਤੇ ਮੇਅਰ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਗਿਆ ਅਤੇ ਉਸ ਨੂੰ ਵੀ ਨਾਮਜ਼ਦ ਕੀਤਾ ਸੀ, ਉਹ ਤਾਂ ਉਦੋਂ ਨਹੀਂ ਘਬਰਾਏ ਹੁਣ ਤਾਂ ਕਾਂਗਰਸ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸਿੱਧੂ ਨੇ ਕਿਹਾ ਕਿ ਕੁਲਵੰਤ ਸਿੰਘ ਨੇ ਮੁਹਾਲੀ ਤੋਂ ਚੋਣ ਲੜਨ ਲਈ ਕਾਂਗਰਸ ਦੀ ਟਿਕਟ ਮੰਗੀ ਸੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਮੌਕੇ ਉਹ (ਕੁਲਵੰਤ ਸਿੰਘ) ਮੋਹਰਲੀ ਕਤਾਰ ਵਿੱਚ ਬੈਠਾ ਸੀ, ਪ੍ਰੰਤੂ ਕਾਂਗਰਸ ਹਾਈ ਕਮਾਂਡ ਨੇ ਉਸ ਨੂੰ ਮੁਹਾਲੀ ਤੋਂ ਟਿਕਟ ਦੇਣ ਤੋਂ ਕੋਰਾ ਜਵਾਬ ਦਿੰਦਿਆਂ ਸਪੱਸ਼ਟ ਆਖਿਆ ਕਿ ਉਨ੍ਹਾਂ ਬਾਰੇ ਕਿਸੇ ਰਾਖਵੇਂ ਹਲਕੇ ਤੋਂ ਸੋਚਿਆ ਜਾ ਸਕਦਾ ਹੈ। ਪਾਰਟੀ ਬਦਲਣਾ ਉਨ੍ਹਾਂ ਦੀ ਫਿਤਰਤ ਬਣ ਗਈ ਹੈ। ਪਹਿਲਾਂ ਅਕਾਲੀ ਦਲ ਛੱਡ ਕੇ ਆਜ਼ਾਦ ਗਰੁੱਪ ਬਣਾ ਕੇ ਨਗਰ ਨਿਗਮ ਦੀ ਚੋਣ ਲੜੀ ਅਤੇ ਕਾਂਗਰਸ ਦੀ ਮਦਦ ਨਾਲ ਮੇਅਰ ਬਣੇ ਪ੍ਰੰਤੂ ਬਾਅਦ ਵਿੱਚ ਕਾਂਗਰਸ ਨੂੰ ਛੱਡ ਦਿੱਤਾ। ਪਿੱਛੇ ਜਿਹੇ ਦੁਬਾਰਾ ਫਿਰ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜੀ ਅਤੇ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਆਪ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਉਨ੍ਹਾਂ ਵਿਰੁੱਧ ਲਗਾਏ ਸਾਰੇ ਦੋਸ਼ਾਂ ਅਤੇ ਮੁਹਾਲੀ ਦੇ ਵਿਕਾਸ ਬਾਰੇ ਉਹ ਭਲਕੇ ਮੰਗਲਵਾਰ ਨੂੰ ਮੀਡੀਆ ਸਾਹਮਣੇ ਤੱਥਾਂ ਦੇ ਆਧਾਰ ’ਤੇ ਆਪਣਾ ਪੱਖ ਰੱਖਣਗੇ।