ਮੁਹਾਲੀ ਵਿੱਚ ਨਾ ਬੱਸ ਅੱਡਾ ਤੇ ਨਾ ਹੀ ਸਿਟੀ ਬੱਸ ਸਰਵਿਸ ਹੋਈ ਚਾਲੂ: ਪਰਵਿੰਦਰ ਸੋਹਾਣਾ

ਅਕਾਲੀ ਦਲ ਦੀ ਸਰਕਾਰ ਸਮੇਂ ਫੇਜ਼-6 ਵਿੱਚ ਬਣਾਏ ਏਸੀ ਬੱਸ ਅੱਡੇ ਨੂੰ ਫੌਰੀ ਚਾਲੂ ਕਰੇ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਹਲਕੇ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਹੈ ਕਿ ਮੁਹਾਲੀ ਵਰਗੇ ਪੰਜਾਬ ਦੇ ਅੱਤ ਮਹੱਤਵਪੂਰਨ ਸ਼ਹਿਰ ਵਿਚ ਨਾ ਤਾਂ ਆਪਣਾ ਬੱਸ ਅੱਡਾ ਹੈ ਅਤੇ ਨਾ ਹੀ ਸਿਟੀ ਬਸ ਸਰਵਿਸ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਬਣਾਏ ਗਏ ਬੱਸ ਅੱਡੇ ਨੂੰ ਪੰਜਾਬ ਸਰਕਾਰ ਚਾਲੂ ਨਹੀਂ ਕਰ ਰਹੀ। ਇਸੇ ਤਰ੍ਹਾਂ ਪਿਛਲੇ ਕਈ ਵਰ੍ਹਿਆਂ ਤੋਂ ਨਗਰ ਨਿਗਮ ਵੱਲੋਂ ਚਲਾਈ ਜਾਣ ਵਾਲੀ ਸਿਟੀ ਬੱਸ ਸਰਵਿਸ ਦੀ ਸਕੀਮ ਠੰਡੇ ਬਸਤੇ ਵਿਚ ਪਈ ਹੈ।
ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮੁਹਾਲੀ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 2500 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਦੌਰਾਨ ਨਾ ਸਿਰਫ ਮੁਹਾਲੀ ਵਿੱਚ 7 ਖੇਡ ਸਟੇਡੀਅਮਾਂ ਦੀ ਉਸਾਰੀ ਕੀਤੀ ਗਈ ਸਗੋਂ ਇਸਦੇ ਮੁਹਾਲੀ ਸ਼ਾਪਿੰਗ ਸੈਂਟਰ ਰੋਡ ਨੂੰ ਚੌੜਾ ਕਰਕੇ ਇਸ ਨੂੰ ਡਬਲ ਕੀਤਾ ਗਿਆ ਜਦੋਂਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਅਜਿਹਾ ਹੋਣਾ ਲਗਪਗ ਨਾਮੁਮਕਿਨ ਦੱਸਦੀਆਂ ਸਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸੈਕਟਰ-78 ਵਿੱਚ ਮਲਟੀਪਰਪਜ਼ ਸਟੇਡੀਅਮ ਅਤੇ ਫੇਜ਼-9 ਦੇ ਮਲਟੀਪਰਪਸ ਸਟੇਡੀਅਮ ਦੇ ਨਾਲ ਨਾਲ ਵੱਖ-ਵੱਖ ਸੈਕਟਰਾਂ ਵਿੱਚ ਬਣਾਏ ਗਏ ਖੇਡ ਸਟੇਡੀਅਮ ਅਕਾਲੀ ਸਰਕਾਰ ਦੀ ਹੀ ਦੇਣ ਹਨ ਜਿੱਥੋਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਮੁਹਾਲੀ ਦੇ ਫੇਜ਼-6 ਵਿੱਚ ਬਣਾਇਆ ਗਿਆ। ਅੰਤਰਰਾਜੀ ਬੱਸ ਅੱਡਾ ਚਾਲੂ ਕੀਤਾ ਜਾਵੇ ਅਤੇ ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਵੀ ਚਾਲੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਬੱਸ ਅੱਡੇ ਦਾ ਲਾਭ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ ਣਾ ਤਾਂ ਪਿਛਲੇ ਪੰਜ ਵਰ੍ਹੇ ਕਾਂਗਰਸ ਸਰਕਾਰ ਨੇ ਇਸ ਪੱਖੋਂ ਕੋਈ ਕੰਮ ਕੀਤਾ ਤੇ ਨਾ ਹੀ ਇੱਕ ਸਾਲ ਤੋਂ ਵੱਧ ਸਮੇਂ ਤੋਂ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਸਬੰਧੀ ਕੋਈ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕੇ ਫੇਜ਼-8 ਵਿਚਲਾ ਬੱਸ ਅੱਡਾ ਵੀ ਕਾਂਗਰਸ ਸਰਕਾਰ ਸਮੇਂ ਢਾਹ ਦਿੱਤਾ ਗਿਆ ਅਤੇ ਫੇਜ਼-6 ਵਿਚਲੇ ਬੱਸ ਅੱਡੇ ਨੂੰ ਵੀ ਚਾਲੂ ਨਹੀਂ ਕੀਤਾ ਜਾ ਰਿਹਾ।
ਇਸੇ ਤਰ੍ਹਾਂ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਜਦੋਂ ਮੇਅਰ ਸਨ ਤਾਂ ਉਸ ਸਮੇ ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਇਸ ਵਿੱਚ 6 ਕਰੋੜ ਰੁਪਏ ਵੀ ਰੱਖੇ ਗਏ ਸਨ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਉਸ ਸਮੇਂ ਮੁਹਾਲੀ ਨਗਰ ਨਿਗਮ ਦੇ ਕੌਂਸਲਰ ਸਨ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਆਪਣੀ ਸਿਟੀ ਬੱਸ ਸਰਵਿਸ ਨਾ ਹੋਣ ਕਰਕੇ ਆਟੋ ਚਾਲਕਾਂ ਦੀ ਮਨਮਾਨੀ ਚਲਦੀ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਹੁਣ ਮੁਹਾਲੀ ਤੋਂ ਹਲਕਾ ਵਿਧਾਇਕ ਹਨ ਅਤੇ ਉਹ ਨਿੱਜੀ ਦਿਲਚਸਪੀ ਲੈ ਕੇ ਸਿਟੀ ਬੱਸ ਸਰਵਿਸ ਅਤੇ ਬੱਸ ਅੱਡੇ ਨੂੰ ਚਾਲੂ ਕਰਵਾਉਣ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਮੌਜੂਦਾ ਸਰਕਾਰ ਮੁਹਾਲੀ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਬੱਸ ਅੱਡੇ ਨੂੰ ਫੌਰੀ ਤੌਰ ’ਤੇ ਚਾਲੂ ਕਰੇ ਅਤੇ ਸਿਟੀ ਬੱਸ ਸਰਵਿਸ ਨੂੰ ਵੀ ਫੌਰੀ ਤੌਰ ’ਤੇ ਚਾਲੂ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…