ਕਾਂਗਰਸ ਨਾਲ ਮਤਭੇਦਾਂ ਦੇ ਕਾਰਨ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਦੇ ਨਹੀਂ ਸੋਚਿਆ: ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਦੀ ਸਾਰਾਗੜ੍ਹੀ ਦੀ ਜੰਗ ਤੇ ਅਧਿਕਾਰਤ ਜੀਵਨੀ ਬਾਰੇ ਪੁਸਤਕਾਂ ਦੀ ਘੁੰਡ ਚੁਕਾਈ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 17 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਨਾਲ ਮਤਭੇਦਾਂ ਦੇ ਕਾਰਨ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ) ਵਿਚ ਸ਼ਾਮਲ ਹੋਣ ਦਾ ਵਿਚਾਰ ਉਨ੍ਹਾਂ ਦੇ ਮਨ ਵਿਚ ਕਦੇ ਨਹੀਂ ਆਇਆ। ਮੁੱਖ ਮੰਤਰੀ ਨੇ ਇਸ ਸਬੰਧੀ ਮੀਡੀਆ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਭਾਵੇਂ ਕਿ ਉਨ੍ਹਾਂ ਨੇ ਕਾਂਗਰਸ ਲੀਡਰਸ਼ਿਪ ਨਾਲ ਮੱਤਭੇਦਾਂ ਕਾਰਨ ਆਪਣੀ ਨਵੀਂ ਪਾਰਟੀ ਬਣਾਉਣ ਬਾਰੇ ਸੋਚਿਆ ਸੀ ਪਰ ਬੀ.ਜੇ.ਪੀ ਵਿਚ ਸ਼ਾਮਲ ਹੋਣ ਬਾਰੇ ਉਨ੍ਹਾਂ ਨੇ ਕਦੇ ਨਹੀਂ ਸੋਚਿਆ। ਸਾਰਾਗੜ੍ਹੀ ਦੀ ਜੰਗ ਬਾਰੇ ਆਪਣੀ ਕਿਤਾਬ ਅਤੇ ਅਧਿਕਾਰਤ ਜੀਵਨੀ ‘ਦੀ ਪੀਪਲਜ਼ ਮਹਾਰਾਜਾ’ ਦੀ ਦਿੱਲੀ ਵਿਖੇ ਘੁੰਡ ਚੁਕਾਈ ਵੇਲੇ ਸੁਹੇਲ ਸੇਠ ਨਾਲ ਗਲਬਾਤ ਦੌਰਾਨ ਮੁੱਖ ਮੰਤਰੀ ਨੇ ਕੈਨੇਡਾ ਦੇ ਰੱਖਿਆ ਮੰਤਰੀ ਦੇ ਖਾਲਿਸਤਾਨੀਆਂ ਵੱਲ ਝੁਕਾਅ ਅਤੇ ਕਸ਼ਮੀਰ ਵਿਚ ਭਾਰਤੀ ਫੌਜੀ ਅਫਸਰ ਵੱਲੋਂ ‘ਮਾਨਵੀ ਢਾਲ’ ਬਣਾਏ ਜਾਣ ਵਰਗੇ ਵਿਵਾਦਪੂਰਨ ਵਿਸ਼ਿਆਂ ’ਤੇ ਵੀ ਆਪਣੇ ਵਿਚਾਰ ਪ੍ਰਗਟਾਉਣ ਤੋਂ ਟਾਲਾ ਨਹੀਂ ਵੱਟਿਆ।
ਕੈਨੇਡਾ ਦੀ ਸਰਕਾਰ ਵਿਚ ਖਾਲਿਸਤਾਨੀ ਸਮਰਥਨ ਬਾਰੇ ਆਪਣੇ ਰੁਖ ’ਤੇ ਪੂਰੀ ਤਰ੍ਹਾਂ ਕਾਇਮ ਮੁੱਖ ਮੰਤਰੀ ਨੇ ਕਿਹਾ ਕਿ ਜਸਟਿਨ ਟਰੁਡੋ ਦੀ ਸਰਕਾਰ ਵਿਚ ਬਹੁਤ ਸਾਰੇ ਮੈਂਬਰ ਖਾਲਿਸਤਾਨੀ ਹਿਮਾਇਤੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੇਜਰ ਨਿਤਿਨ ਗੋਗੋਈ ਨੂੰ ਆਪਣਾ ਸਮਰਥਨ ਦੁਹਰਾਉਂਦੇ ਹੋਏ ਕਿਹਾ ਕਿ ਉਸ ਨੇ ਆਪਣੇ ਆਦਮੀਆਂ ਦੀ ਰੱਖਿਆ ਲਈ ਇਹ ਸਹੀ ਫੈਸਲਾ ਲਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਉਸ ਅਧਿਕਾਰੀ ਨੇ ਵਧੀਆ ਕਾਰਜ ਕੀਤਾ ਅਤੇ ਮੈਂ ਸੋਚਦਾ ਹਾਂ ਕਿ ਸਮੁੱਚੀ ਭਾਰਤੀ ਫੌਜ ਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਸ਼ਾਨਦਾਰ ਸੇਵਾਵਾਂ ਲਈ ਮੈਡਲ ਦਿੱਤਾ ਜਾਣਾ ਚਾਹੀਦਾ ਹੈ। ਹਮੇਸ਼ਾਂ ਹੀ ਚੀਜਾਂ ਅਤੇ ਸਥਿਤੀਆਂ ਨੂੰ ਹਾਂ ਪੱਖੀ ਤਰੀਕੇ ਨਾਲ ਲੈਣ ਵਾਸਤੇ ਆਪਣੇ ਆਪ ਨੂੰ ਹਾਂ ਪੱਖੀ ਮਨੁੱਖ ਹੋਣ ਦਾ ਦਾਅਵਾ ਕਰਦੇ ਹੋਏ ਮੁੱਖ ਮੰਤਰੀ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ 120 ਸਾਲਾ ਪੁਰਾਣੀ ਕਾਂਗਰਸ ਪਾਰਟੀ ਮੁੜ ਉਭਾਰ ਵਿਚ ਆਵੇਗੀ ਕਿਉਂਕਿ ਸਿਆਸਤ ਵਿਚ ਕਦੀ ਹੇਠਾਂ ਅਤੇ ਕਦੀ ਉਪਰ ਹੁੰਦਾ ਹੀ ਰਹਿੰਦਾ ਹੈ।
ਆਪਣੀ ਜੀਵਨੀ ਵਿਚਲੀ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨਾਲ ਉਸ ਤੋਂ ਬਾਅਦ ਕਦੇ ਵੀ ਗੱਲਬਾਤ ਨਹੀਂ ਕੀਤੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਨ੍ਹਾਂ 21 ਖਾਲਿਸਤਾਨੀ ਅੱਤਵਾਦੀਆਂ ਵੱਲੋਂ ਸਮਰਪਿਤ ਕਰਵਾਏ ਜਾਣ ਦਾ ਉਨ੍ਹਾਂ ਨੇ ਪ੍ਰਬੰਧ ਕੀਤਾ ਸੀ, ਨੂੰ ਛੇ ਮਹੀਨੇ ਬਾਅਦ ਮਾਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਨੂੰ ਪ੍ਰਧਾਨ ਮੰਤਰੀ ਵੱਲੋਂ ਵਿਸ਼ਵਾਸ਼ਘਾਤ ਕੀਤੇ ਹੋਣ ਵਜੋਂ ਦੇਖਿਆ ਅਤੇ ਉਹ ਉਸ ਤੋਂ ਬਾਅਦ ਕਦੀ ਵੀ ਉਨ੍ਹਾਂ ਨੂੰ ਨਹੀਂ ਮਿਲੇ।
ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਬਾਰੇ ਪੁੱਛੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਥਿਤੀਆਂ ਨੂੰ ਸਿਰਫ ਧਰਾਤਲ ਉੱਤੇ ਦੇਖਦੇ ਹਨ ਅਤੇ ਉਨ੍ਹਾਂ ਨੂੰ ਇਹ ਦਿਸਦਾ ਹੈ ਕਿ ਇਸ ਪਾਰਟੀ ਦੇ ਹੱਕ ਵਿਚ ਜ਼ਮੀਨ ਉਪਚਾਊ ਨਹੀਂ ਹੈ। ਇਸ ਦੀ ਸਿਫਰ ਮੀਡੀਆ ਵਿਚ ਖਾਸ ਕਰਕੇ ਸੋਸ਼ਲ ਮੀਡੀਆ ਵਿਚ ਹੀ ਗੁਣਗਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਥਿਰ ਸਰਕਾਰ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਇਸ ਵਾਸਤੇ ਵੋਟ ਪਾਈ ਹੈ। ਮੁੱਖ ਮੰਤਰੀ ਨੇ 95 ਵਰ੍ਹਿਆਂ ਦੇ ਪ੍ਰਕਾਸ਼ ਸਿੰਘ ਬਾਦਲ ਨੂੰ ਆਲੋਚਨਾ ਵਿਚ ਘੜੀਸਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਬਾਦਲ ਵਿਰੁੱਧ ਨਿੱਜੀ ਤੌਰ ’ਤੇ ਕੁਝ ਵੀ ਵਿਰੋਧਾਭਾਸ ਨਹੀਂ ਹੈ ਜਿਨ੍ਹਾਂ ਦਾ ਸੋਚਣ ਦਾ ਆਪਣਾ ਢੰਗ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦੇ ਬਾਰੇ ਮੁੱਖ ਮੰਤਰੀ ਨੇ ਇਕ ਵਾਰ ਫਿਰ ਅੱਤਵਾਦ ਅਤੇ ਨਕਸਲਵਾਦ ਮੁੜ ਸੁਰਜੀਤ ਹੋਣ ਦਾ ਖਦਸ਼ਾ ਹੋਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਨਹਿਰ ਦਾ ਨਿਰਮਾਣ ਹੋ ਗਿਆ ਤਾਂ ਪੰਜਾਬ ਦਾ ਦੱਖਣੀ ਹਿੱਸਾ ਬੰਜਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਦੇ ਮੱਤੇ ਵਿਚ ਪਾਣੀ ਮੁੱਖ ਮੁੱਦਾ ਸੀ ਅਤੇ ਇਹ ਫਿਰ ਸੂਬੇ ਵਿਚ ਹਿੰਸਾ ਦਾ ਕਾਰਕ ਬਣ ਸਕਦਾ ਹੈ।
ਆਪਣੀ ਸਰਕਾਰ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਉੱਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਜਿਸ ਨਾਲ ਨਿਪਟਣ ਲਈ ਸਰਕਾਰ ਲੱਗੀ ਹੋਈ ਹੈ। ਉਦਯੋਗ ਦੀ ਪੁਨਰ ਸੁਰਜੀਤੀ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਉਨ੍ਹਾਂ ਨੇ ਵੱਧ ਰਹੀ ਜਨ ਸੰਖਿਆ ਦੇ ਮੱਦੇਨਜ਼ਰ ਜ਼ਰੂਰੀ ਦਸਦੇ ਹੋਏ ਇਸ ਨੂੰ ਪ੍ਰਾਥਮਿਕਤਾ ਦੱਸਿਆ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਫੌਜੀ ਇਤਿਹਾਸ ਬਾਰੇ ਆਪਣੀ ਨਵੀਂ ਕਿਤਾਬ ‘ਦਾ ਥਰਟੀਸਿਕਥ ਸਿੱਖਸ ਇਨ ਦਾ ਤਿਰਾਹ ਕੈਂਪੇਨ 1897-98-ਸਾਰਾਗੜ੍ਹੀ ਐਂਡ ਦਾ ਡਿਫੈਂਸ ਆਫ਼ ਦਾ ਸਮਾਣਾ ਫੋਰਟ’ ਦੀ ਅੱਜ ਸਮਾਜ ਦੇ ਵੱਖ-ਵੱਖ ਵਰਗਾਂ ਦੀ ਹਾਜ਼ਰੀ ਵਿਚ ਭਾਵਪੂਰਵਕ ਢੰਗ ਨਾਲ ਖੁਦ ਘੁੰਡ ਚੁਕਾਈ ਕੀਤੀ। ਇਸ ਮੌਕੇ ਸਿਆਸੀ, ਮੀਡੀਆ ਅਤੇ ਫੌਜ ਨਾਲ ਸਬੰਧਤ ਉੱਘੀਆਂ ਹਸਤੀਆਂ ਮੌਜੂਦ ਸਨ। ਕੈਪਟਨ ਅਮਰਿੰਦਰ ਸਿੰਘ ਦੀ ਖੁਸ਼ਵੰਤ ਸਿੰਘ ਵੱਲੋਂ ਲਿਖੀ ਗਈ ਅਧਿਕਾਰਤ ਜੀਵਨੀ ‘ਦੀ ਪੀਪਲਜ਼ ਮਹਾਰਾਜਾ’ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਅਤੇ ਉਸ ਤੋਂ ਬਾਅਦ ਸੱਤਾ ਤੱਕ ਪਹੁੰਚਣ ਦੇ ਅਮੀਰ ਤਜ਼ਰਬਿਆਂ ਅਤੇ ਵਿਭਿੰਨ ਰੰਗਾਂ ਨੂੰ ਲਾਜਵਾਬ ਗਾਥਾ ਵਿਚ ਪੇਸ਼ ਕੀਤਾ ਗਿਆ ਹੈ ਜਿੱਥੇ ਪਹੁੰਚ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਭਾਰੀ ਮਨੋਵੇਗ ਅਤੇ ਉਤਸ਼ਾਹ ਨਾਲ ਲੋਕਾਂ ਦੇ ਸੇਵਕ ਵਜੋਂ ਮਹਿਸੂਸ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੇ ਭਾਰਤੀ ਫੌਜ ਵਿਚ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕੀਤਾ ਸੀ, ਜਿਥੇ ਉਹ ਭਾਵੇਂ ਥੋੜੇ ਸਮੇਂ ਲਈ ਹੀ ਰਹੇ ਪਰ ਉਹ ਸਮਾਂ ਬਹੁਤ ਅਹਿਮ ਸੀ।
ਸਾਰਾਗੜ੍ਹੀ ਦੀ ਜੰਗ ਬਾਰੇ ਆਪਣੀ ਕਿਤਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮਹੱਤਵਪੂਰਨ ਇਤਿਹਾਸਕ ਪੱਖਾਂ ਨੂੰ ਦਰਸਾਇਆ ਹੈ ਜਦਕਿ ਉਨ੍ਹਾਂ ਦੀ ਅਧਿਕਾਰਤ ਜੀਵਨੀ ਨੇ ਉਨ੍ਹਾਂ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਦੇ ਜਾਣੇ ਅਤੇ ਘੱਟ ਜਾਣੇ ਅਨੇਕਾਂ ਪੱਖਾਂ ਉੱਤੇ ਰੋਸ਼ਨੀ ਪਾਈ ਹੈ ਜਿਸ ਵਿਚ ਓਪਰੇਸ਼ਨ ਬਲਯੂ ਸਟਾਰ, ਉਨ੍ਹਾਂ ਦੇ ਗਾਂਧੀ ਪਰਿਵਾਰ ਨਾਲ ਸਬੰਧਾਂ ਅਤੇ ਮੁਸ਼ਰਫ ਆਦਿ ਨਾਲ ਵਿਵਾਦਪੂਰਨ ਮੁੱਦਿਆਂ ਨੂੰ ਕੁਰੇਦਣ ਦੀ ਕੋਸ਼ਿਸ਼ ਤੋਂ ਟਾਲਾ ਵੱਟਿਆ ਗਿਆ ਹੈ। ਸਾਰਾਗੜ੍ਹੀ ਦੀ ਜੰਗ ਦੇ ਸਬੰਧ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਮਾਨਵੀ ਇਤਿਹਾਸ ਵਿਚ ਇਸ ਨੂੰ ਸਾਮੂਹਿਕ ਬਹਾਦਰੀ ਦੱਸਿਆ ਜਿਸ ਵਿਚ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਸੂਰਬੀਰਾਂ ਨੂੰ ਇੰਗਲੈਂਡ ਦੇ ਸੰਦਰਭ ਵਿਚ ਭੁਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਸਾਰਾਗੜ੍ਹੀ ਦੀ ਜੰਗ ਦੀ ਸਾਲਗਿਰਾ ਮੌਕੇ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ। ਜਿਸ ਦੌਰਾਨ 12 ਸਤੰਬਰ ਨੂੰ ਵਿਸ਼ੇਸ਼ ਸਮਾਗਮ ਦੇ ਹਿੱਸੇ ਵਜੋਂ ਉਹ ਲੰਡਨ ਵਿਖੇ ਆਪਣੀ ਇਸ ਕਿਤਾਬ ਨੂੰ ਰਲੀਜ਼ ਕਰਨਗੇ। ਇਹ ਕਿਤਾਬ 36 ਸਿੱਖ ਰੈਜੀਮੈਂਟ ਦੇ ਉਨ੍ਹਾਂ ਬਹਾਦਰ 21 ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੈ ਜਿਨ੍ਹਾਂ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਇੱਕ ਅਜਿਹੀ ਜੰਗ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਜੋ ਅੱਜ ਤੱਕ ਦੇ ਯੁੱਧਾਂ ਵਿੱਚ ਮਹਾਨ ਸਥਾਨ ਰੱਖਦੀ ਹੈ।
ਇਹ ਕਿਤਾਬ ਖਾਸਕਰ ਸਮਰਪਿਤ ਹੈ ਉਸ 22ਵੇਂ ਬਹਾਦਰ ਨੂੰ ਜਿਸ ਨੂੰ ‘ਦਾਦ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਜਿਸ ਨੇ ਜੰਗ ਦੀ ਅਖੀਰਲੇ ਪਲਾਂ ਦੌਰਾਨ ਸ਼ਹੀਦ ਹੋਣ ਤੋਂ ਪਹਿਲਾਂ ਸੂਰਮਿਆਂ ਵਾਂਗ ਜੂਝਦਿਆਂ ਕਈ ਕਬਾਇਲੀ ਹਮਲਾਵਰਾਂ ਨੂੰ ਮੌਤ ਦੀ ਘਾਟ ਉਤਾਰਿਆ। ਫੌਜੀ ਇਤਿਹਾਸਕਾਰ ਬਣੇ ਸਾਬਕਾ ਫੌਜੀ ਕੈਪਟਨ ਅਮਰਿੰਦਰ ਸਿੰਘ ਜਿਸ ਨੂੰ 36 ਸਿੱਖ ਨਾਲ ਸਬੰਧਤ ਹੋਣ ਦਾ ਮਾਣ ਹਾਸਲ ਹੈ, ਨੇ ਕਿਹਾ ਕਿ ਦਾਦ ਦੀ ਕਹਾਣੀ ਸਮੇਂ ਦੀ ਧੂੜ ਵਿਚ ਗੁਆਚੀ ਰਹੀ ਅਤੇ ਉਸ ਨੂੰ 21 ਦੂਸਰੇ ਫੌਜੀਆਂ ਵਰਗਾ ਸਨਮਾਨ ਨਹੀਂ ਮਿਲਿਆ ਜਿਨ੍ਹਾਂ ਨੇ ਅਫਗਾਨ ਕਬਾਇਲੀਆਂ ਵਿਰੁੱਧ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਹੀ ਪੇਸ਼ਕਾਰੀ ਦੀ ਇਕ ਛੋਟੀ ਅਤੇ ਨਿਮਾਣੀ ਜਿਹੀ ਕੋਸ਼ਿਸ਼ ਹੈ। ਸਾਰਾਗੜ੍ਹੀ ਜੰਗ ਦੇ 120ਵੇਂ ਸਾਲ ਦੌਰਾਨ ਲੋਕ ਅਰਪਿਤ ਕੀਤੀ ਗਈ ਇਸ ਕਿਤਾਬ ਦੀ ਕਮਾਈ ਅੰਗਹੀਣ ਸੈਨਿਕਾਂ, ਬੇਸਹਾਰਾ ਅਤੇ ਵਿਧਵਾਵਾਂ ਲਈ ਕੰਮ ਕਰ ਰਹੀ ਲੁਧਿਆਣਾ ਵੈਲਫੇਅਰ ਐਸੋਸੀਏਸ਼ਨ ਕੋਲ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਫੌਜੀ ਇਤਿਹਾਸ ਬਾਰੇ ਅਥਾਹ ਲਿਖਣ ਵਾਲੇ ਇਕ ਲੇਖਕ ਹਨ ਜਿਨ੍ਹਾਂ ਨੇ ਇਸ ਤੋਂ ਪਹਿਲਾਂ ‘ਏ ਰਿਜ ਟੂ ਫਾਰ: ਵਾਰ ਇੰਨ ਦਾ ਕਾਰਗਿਲ ਹਾਈਟਜ਼ 1999’, ‘ਦੀ ਮੌਨਸੂਨ ਵਾਰ: ਯੰਗ ਆਫਿਸਰਜ਼ ਰੈਮਨੀਸੈਕ- 1965 ਇੰਡੀਆ-ਪਾਕਿਸਤਾਨ ਵਾਰ’, ‘ਓਨਰ ਐਂਡ ਫਿਡੀਲਿਟੀ: ਇੰਡੀਆਜ਼ ਮਿਲਟਰੀ ਕੌਂਟਰੀਬਿਊਸ਼ਨ ਟੂ ਦੀ ਗਰੇਟ ਵਾਰ 1914-18’, ‘ਦੀ ਲਾਸਟ ਸਨਸੈਟ: ਦੀ ਰਾਈਜ਼ ਐਂਡ ਫਾਲ ਆਫ ਦੀ ਲਾਹੌਰ ਦਰਬਾਰ’ ਅਤੇ ‘ਲੈਸਟ ਵੀ ਫੋਰਗੈਟ’ ਲਿਖਿਆਂ ਹਨ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…