Nabaz-e-punjab.com

ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਨੇ ਅਹੁਦੇ ਸੰਭਾਲੇ

ਸਹੁੰ ਚੁੱਕ ਸਮਾਗਮ ਉਪਰੰਤ ਕਰਤਾਰ ਸਿੰਘ ਰਾਣੂ ਦੀ ਫੋਟੋ ’ਤੇ ਫੁਲ ਚੜ੍ਹਾ ਕੇ ਕੀਤੀ ਸ਼ਰਧਾਂਜਲੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਬੀਤੇ ਦਿਨੀਂ ਹੋਈਆਂ ਸਾਲਾਨਾ ਚੋਣਾਂ ਵਿੱਚ ਜੇਤੂ ਰਹੇ ਖੰਗੂੜਾ-ਰਾਣੂ ਗਰੁੱਪ ਦੇ ਨਵੇਂ ਅਹੁਦੇਦਾਰਾਂ ਵੱਲੋਂ ਆਪਣੇ ਅਹੁਦੇ ਸੰਭਾਲ ਲਏ ਹਨ। ਚੋਣ ਕਮਿਸ਼ਨ ਵੱਲੋਂ ਅੱਜ ਆਯੋਜਿਤ ਸਹੁੰ ਚੁੱਕ ਸਮਾਗਮ ਦੌਰਾਨ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਗਈ। ਮੁਲਾਜ਼ਮ ਜਥੇਬੰਦੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੂੰ ਸਾਬਕਾ ਜਨਰਲ ਸਕੱਤਰ ਸੁਨੀਲ ਕੁਮਾਰ ਅਰੋੜਾ ਨੇ ਕਾਰਵਾਈ ਰਜਿਸਟਰ ਅਤੇ ਚਾਬੀਆਂ ਸੌਂਪਦਿਆਂ ਵਧਾਈ ਦਿੱਤੀ। ਸ੍ਰੀ ਸੈਣੀ ਨੇ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੋਰਡ ਮੈਨੇਜਮੈਂਟ, ਚੋਣ ਕਮਿਸ਼ਨ ਅਤੇ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਉਨ੍ਹਾਂ ਮੁਲਾਜ਼ਮਾਂ ਦੀ ਭਖਦੀਆਂ ਮੰਗਾਂ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਚੰਡੀਗੜ੍ਹ ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ ਅਤੇ ਮਨਦੀਪ ਸਿੰਘ ਸਿੱਧੂ ਅਤੇ ਜਗਜੀਤ ਸਿੰਘ, ਅਮਰ ਸਿੰਘ ਧਾਲੀਵਾਲ ਅਤੇ ਕਮਿੱਕਰ ਸਿੰਘ ਗਿੱਲ ਵੀ ਹਾਜ਼ਰ ਸਨ। ਸ੍ਰੀ ਖਹਿਰਾ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਮੁਲਾਜ਼ਮ ਸੰਘਰਸ਼ਾਂ ਵਿੱਚ ਆਪਣੀ ਸ਼ਮੂਲੀਅਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਿਰਫ਼ ਜਥੇਬੰਦੀ ਦੀ ਚੋਣ ਕਰਨ ਨਾਲ ਮੁਲਾਜ਼ਮਾਂ ਦਾ ਫਰਜ਼ ਨਹੀਂ ਮੁੱਕ ਜਾਂਦਾ, ਸਗੋਂ ਸਾਰੇ ਮੁਲਾਜ਼ਮਾਂ ਨੂੰ ਜਥੇਬੰਦੀ ਦੀ ਆਵਾਜ਼ ਬੁਲੰਦ ਕਰਨ ਲਈ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸਰਕਾਰਾਂ ਦੇ ਕੰਨਾਂ ਤੱਕ ਮੁਲਾਜ਼ਮ ਸੰਘਰਸ਼ਾਂ ਦੀ ਗੂੰਜ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਏਕੇ ਨਾਲ ਹੀ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ।
ਇਸ ਮੌਕੇ ਨਵੇਂ ਚੁਣੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੂਹ ਮੁਲਾਜ਼ਮਾਂ ਵੱਲੋਂ ਜੋ ਉਨ੍ਹਾਂ ਦੀ ਟੀਮ ਤੇ ਭਰੋਸਾ ਕਰਕੇ ਉਨ੍ਹਾਂ ਨੂੰ ਜਥੇਬੰਦੀ ਦੀ ਵਾਗਡੋਰ ਸੰਭਾਲੀ ਹੈ, ਉਹ ਉਨ੍ਹਾਂ ਦੇ ਭਰੋਸੇ ਤੇ ਖਰੇ ਉੱਤਰਨਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਰੁਕੀਆਂ ਹੋਈਆਂ ਤਰੱਕੀਆਂ, ਖਾਲੀ ਪੋਸਟਾਂ ਭਰਨ, ਬੋਰਡ ਨਾਲ ਸਬੰਧਤ ਠੇਕਾ ਮੁਲਾਜ਼ਮ ਨੂੰ ਪੱਕਾ ਕਰਵਾਉਣ, ਸਰਕਾਰ ਤੋਂ ਕਰੋੜਾਂ ਰੁਪਏ ਦੀ ਲੈਣਯੋਗ ਰਾਸ਼ੀ ਪ੍ਰਾਪਤ ਕਰਨ, ਆਦਰਸ਼ ਸਕੂਲਾਂ ਦੇ ਸਟਾਫ਼ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਸਕੱਤਰ ਸਤਨਾਮ ਸਿੰਘ ਸੱਤਾ ਨੇ 2001 ਦੇ ਨੋਟੀਫਿਕੇਸ਼ਨ ਦੇ ਆਧਾਰ ’ਤੇ ਪੱਕੇ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤਹਿਤ ਹਾਈ ਕੋਰਟ ਦੇ ਹੁਕਮ ਬੋਰਡ ਵਿੱਚ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ। ਰੈਲੀ ਨੂੰ ਸਾਬਕਾ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜੂਨੀਅਰ ਮੀਤ ਪ੍ਰਧਾਨ ਜਸਕਰਨ ਸਿੰਘ ਸਿੱਧੂ ਵੀ ਸੰਬੋਧਨ ਕੀਤਾ। ਸਹੁੰ ਚੁੱਕ ਸਮਾਗਮ ਤੋਂ ਬਾਅਦ ਮੁਲਾਜ਼ਮ ਜਥੇਬੰਦੀ ਦੇ ਦਫ਼ਤਰ ਵਿੱਚ ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਸਾਥੀ ਕਰਤਾਰ ਸਿੰਘ ਰਾਣੂ ਦੀ ਫੋਟੋ ’ਤੇ ਫੁਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਧਰਮਪਾਲ ਸਿੰਘ, ਬਲਰਾਜ ਸਿੰਘ, ਸੁਖਦੇਵ ਸਿੰਘ, ਰਕੇਸ਼ ਕੁਮਾਰ, ਹਰੀਪਾਲ ਗੁਰਦਾਸਪੁਰ ਵੀ ਹਾਜ਼ਰ ਸਨ। ਇਹ ਜਾਣਕਾਰੀ ਪ੍ਰੈਸ ਸਕੱਤਰ ਹਰਮਨਦੀਪ ਸਿੰਘ ਬੋਪਾਰਾਏ ਨੇ ਦਿੱਤੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…