nabaz-e-punjab.com

ਮੁਹਾਲੀ ਤੇ ਖਰੜ ਇਲਾਕੇ ਦੇ ਪਿੰਡਾਂ ਵਿੱਚ ਨਵੀਂ ਬੱਸ ਸਰਵਿਸ਼ ਚਾਲੂ

ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਹਰੀ ਝੰਡੀ ਦਿਖਾ ਕੇ ਪਿੰਡਾਂ ਲਈ ਰਵਾਨਾਂ ਕੀਤੀ ਪੰਜਾਬ ਰੋਡਵੇਜ ਬੱਸ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਕੜੀ ਵਿਚ ਅੱਜ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਮੁਹਾਲੀ ਦੇ ਪੇਂਡੂ ਖੇਤਰਾਂ ਵਿੱਚ ਬੱਸ ਸੇਵਾ ਦੀ ਸ਼ੁਰੂਆਤ ਕਰਵਾਕੇ ਲੋਕਾਂ ਨਾਲ ਕੀਤਾ ਆਪਣਾ ਇਕ ਹੋਰ ਵਾਅਦਾ ਪੂਰਾ ਕਰ ਦਿੱਤਾ। ਵਿਧਾਇਕ ਸ੍ਰੀ ਸਿੱਧੂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਮੁੱਖ ਦਫਤਰ ਤੋਂ ਪੰਜਾਬ ਰੋਡਵੇਜ਼ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਪਿੰਡਾਂ ਵੱਲ ਨੂੰ ਰਵਾਨਾ ਕੀਤਾ। ਜ਼ਿਕਰਯੋਗ ਹੈ ਕਿ ਜਿਹੜੇ ਪਿੰਡਾਂ ਲਈ ਇਹ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਉਥੋਂ ਦੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਬੱਸ ਸੇਵਾ ਲਈ ਤਰਸ ਰਹੇ ਸਨ ਅਤੇ ਹੁਣ ਇਹ ਬੱਸ ਸਰਵਿਸ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਸ੍ਰੀ ਸਿੱਧੂ ਦੇ ਯਤਨਾਂ ਸਦਕਾ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਅੰਦਰ ਇਸ ਤੋਂ ਪਹਿਲਾਂ ਵੀ ਕਈ ਹੋਰ ਬੱਸਾਂ ਚਾਲੂ ਹੋ ਚੁਕੀਆਂ ਹਨ।
ਇਲਾਕੇ ਦੇ ਪਿੰਡਾਂ ਦੇ ਸੈਂਕੜੇ ਪਤਵੰਤਿਆਂ ਅਤੇ ਪੰਜਾਬ ਰੋਡਵੇਜ ਚੰਡੀਗੜ੍ਹ ਦੇ ਜਨਰਲ ਮੈਨੇਜਰ ਸ੍ਰੀ ਪਵਨ ਕੁਮਾਰ ਸਿੰਗਲਾ ਅਤੇ ਹੋਰ ਸਟਾਫ ਦੀ ਹਾਜ਼ਰੀ ਵਿੱਚ ਬੱਸ ਨੂੰ ਝੰਡੀ ਦਿਖਾਕੇ ਰਵਾਨਾ ਕਰਨ ਮਗਰੋਂ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਇਲਾਕੇ ਦੇ ਜਿਹੜੇ ਪਿੰਡ ਹਾਲੇ ਵੀ ਬੱਸ ਸੇਵਾ ਤੋਂ ਵਾਂਝੇ ਹਨ, ਉਨ੍ਹਾਂ ਲਈ ਵੀ ਛੇਤੀ ਹੀ ਬੱਸ ਸਰਵਿਸ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਸੇਵਾ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਪੂਰੀ ਹੋਈ ਹੈ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਹੋਰ ਵੀ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਵੀ ਪੰਜਾਬ ਸਰਕਾਰ ਕੋਲੋਂ ਬਹੁਤ ਜਲਦ ਪੂਰਾ ਕਰਵਾਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨੂੰ ਸਾਫ ਸੁਥਰਾ ਅਤੇ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੇ ਘਰ ਦੇ ਦਰਵਾਜੇ ਲੋਕਾਂ ਲਈ ਚੌਵੀ ਘੰਟੇ ਖੁੱਲ੍ਹੇ ਹਨ।
ਇਸ ਮੌਕੇ ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਬੱਸ ਸਰਵਿਸ ਦੇ ਰੂਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੱਸ ਮੋਹਾਲੀ ਬੱਸ ਸਟੈਂਡ ਤੋਂ ਸੋਹਾਣਾ, ਲਾਂਡਰਾਂ, ਖਰੜ, ਰੰਧਾਵਾ ਰੋਡ ਤੋਂ ਬਜਹੇੜੀ, ਪੀਰ ਸੋਹਾਣਾ, ਸਕਰੂਲਾਂਪੁਰ, ਬੀਬੀਪੁਰ, ਬੱਤਾ, ਸਿੱਲ, ਗੜਾਂਗਾਂ, ਨੰਦਪੁਰ ਕਲੌੜ, ਬੱਸੀ ਪਠਾਣਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਹੋ ਕੇ ਚੱਲਿਆ ਕਰੇਗੀ। ਉਨ੍ਹਾਂ ਦੱਸਿਆ ਕਿ ਸਵੇਰੇ ਸੱਤ ਵਜੇ ਮੁਹਾਲੀ ਦੇ ਪੁਰਾਣੇ ਅੰਤਰਰਾਜ਼ੀ ਬੱਸ ਅੱਡਾ ਫੇਜ਼ 8 ਤੋਂ ਚੱਲਿਆ ਕਰੇਗੀ ਅਤੇ 7:40 ਵਜੇ ਖਰੜ ਤੋਂ ਇਹ ਬੱਸ ਆਪਣੇ ਸਫਰ ਲਈ ਰਵਾਨਾ ਹੋਇਆ ਕਰੇਗੀ। ਇਸ ਬੱਸ ਸਰਵਿਸ ਦੇ ਚਾਲੂ ਹੋਣ ਨਾਲ ਹਲਕਾ ਮੁਹਾਲੀ, ਖਰੜ, ਸ੍ਰੀ ਚਮਕੌਰ ਸਾਹਿਬ, ਬਸੀ ਪਠਾਣਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ।
ਇਸ ਮੌਕੇ ਪੰਜਾਬ ਰੋਡਵੇਜ ਚੰਡੀਗੜ੍ਹ ਡਿੱਪੂ ਦੇ ਜੀ.ਐੱਮ. ਸ੍ਰੀ ਪਵਨ ਕੁਮਾਰ ਸਿੰਗਲਾ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਹੁਣ ਤੱਕ ਪੰਜਾਬ ਰੋਡਵੇਜ ਨੂੰ ਘਾਟੇ ਵਿਚੋਂ ਕੱਢ ਕੇ ਇਕ ਕਰੋੜ ਅਠਾਹਟ ਲੱਖ ਇਕਵੰਜਾ ਹਜਾਰ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਹੈ ਅਤੇ ਬੱਸ ਸਟੈਂਡ ਤੋਂ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਦੋ ਕਰੋੜ ਤਰਾਸੀ ਲੱਖ ਛਿਆਹਟ ਲੱਖ ਰੁਪਏ ਵੱਧ ਆਮਦਨ ਹੋਈ ਹੈ ਅਤੇ ਲੋਕਾਂ ਨੂੰ ਰੋਡਵੇਜ ਵਲੋਂ ਵਧੀਆ ਸਰਵਿਸ ਦਿੱਤੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਟ੍ਰੈਫਿਕ ਮੈਨੇਜਰ ਅਨਿਲ ਕੁਮਾਰ, ਮੰਗਤ ਖਾਨ ਸੂਬਾ ਪ੍ਰਧਾਨ ਪੰਜਾਬ ਰੋਡਵੇਜ ਵਰਕਰ ਯੂਨੀਅਨ (ਇੰਟਕ), ਬਲਦੇਵ ਸਿੰਘ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਪ੍ਰਧਾਨ ਚੰਡੀਗੜ੍ਹ, ਘੜੂੰਆਂ ਕਾਨੂੰਨਗੋਈ ਕਾਂਗਰਸ ਸਰਕਲ ਦੇ ਪ੍ਰਧਾਨ ਸਰਦਾਰਾ ਸਿੰਘ ਸੈਣੀ, ਕਰਮਜੀਤ ਸਿੰਘ, ਅਵਤਾਰ ਸਿੰਘ ਸਿੱਲ, ਬਲਜੀਤ ਸਿੰਘ ਪੀਰ ਸੋਹਾਣਾ, ਸਵਰਨ ਸਿੰਘ ਸਰਪੰਚ ਬੀਬੀਪੁਰ, ਅਮਰਜੀਤ ਸਿੰਘ ਮੰਡੇਰ, ਸੱਤਪਾਲ ਬੱਤਾ, ਹਰਿੰਦਰ ਸਿੰਘ ਮੰਡੇਰ, ਜਸਵੀਰ ਸਿੰਘ ਬਜਹੇੜੀ, ਹਕੀਕਤ ਸਿੰਘ ਘੜੂੰਆਂ, ਜਨਕ ਰਾਜ ਪਟਵਾਰੀ ਘੜੂੰਆਂ, ਰਣਜੀਤ ਸਿੰਘ ਗਿੱਲ ਜਗਤਪੁਰਾ, ਗੁਰਮੁਖ ਸਿੰਘ ਮਾਛੀਪੁਰ, ਭੁਪਿੰਦਰ ਸਿੰਘ ਨੰਬਰਦਾਰ, ਗੁਰਚਰਨ ਸਿੰਘ ਭੰਵਰਾ, ਸੱਤਪਾਲ ਸਿੰਘ ਕਛਿਆੜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…