
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਡਾ. ਯੋਗਰਾਜ ਨੇ ਅਹੁਦਾ ਸੰਭਾਲਿਆ
ਸ਼ਾਮ 5 ਵਜੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਸੰਭਾਲਿਆ ਅਹੁਦਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਚੇਅਰਮੈਨ ਡਾ. ਯੋਗਰਾਜ ਨੇ ਸ਼ੁੱਕਰਵਾਰ ਨੂੰ ਸ਼ਾਮ ਵੇਲੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਆਪਣਾ ਅਹੁਦਾ ਸੰਭਾਲਆ ਲਿਆ ਹੈ। ਬੋਰਡ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨਵੇਂ ਚੇਅਰਮੈਨ ਦਾ ਅਹੁਦਾ ਸੰਭਾਲ ਸਮਾਰੋਹ ਬਿਲਕੁਲ ਸਾਧਾਰਨ ਅਤੇ ਫਿੱਕਾ ਰਿਹਾ ਹੋਵੇ। ਇਸ ਬਾਰੇ ਬੋਰਡ ਅਧਿਕਾਰੀਆਂ ਨੇ ਇਹ ਤਰਕ ਦਿੱਤਾ ਕਿ ਅਜਿਹਾ ਕਰੋਨਾ ਮਹਾਮਾਰੀ ਦੇ ਖ਼ਤਰੇ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਨਵੇਂ ਚੇਅਰਮੈਨ ਦੀ ਆਮਦ ਨੂੰ ਲੈ ਕੇ ਬੋਰਡ ਵਿੱਚ ਕੋਈ ਖਾਸ ਚਹਿਲ-ਪਹਿਲ ਨਹੀਂ ਸੀ। ਦਫ਼ਤਰੀ ਮੁਲਾਜ਼ਮ ਵੀ ਨਵੇਂ ਚੇਅਰਮੈਨ ਦੇ ਲੱਡੂ ਉਡੀਕਦੇ ਹੀ ਰਹਿ ਗਏ। ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਵੱਟੀ ਗਈ।
ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਅਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਬੈਨੀਪਾਲ ਨੇ ਗੁਲਦਸਤਾ ਭੇਟ ਕਰਕੇ ਡਾ ਯੋਗਰਾਜ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਬਾਰੇ ਦੱਸਿਆ। ਜਿਨ੍ਹਾਂ ਨੂੰ ਨਵੇਂ ਚੇਅਰਮੈਨ ਨੇ ਨਿਯਮਾਂ ਦੇ ਤਹਿਤ ਹੱਲ ਕਰਨ ਦਾ ਭਰੋਸਾ।
ਇਕੱਤਰ ਕੀਤੀ ਜਾਣਕਾਰੀ ਮੁਤਾਬਕ ਡਾ. ਯੋਗਰਾਜ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਕਰੀਬ ਸਾਢੇ 4 ਵਜੇ ਬੋਰਡ ਦਫ਼ਤਰ ਵਿੱਚ ਪਹੁੰਚੇ ਅਤੇ ਚੇਅਰਮੈਨ ਦਫ਼ਤਰ ਦੇ ਨਾਲ ਵਾਲੇ ਕਮਰੇ ਵਿੱਚ ਜਾ ਕੇ ਬੈਠ ਗਏ। ਕਰੀਬ ਅੱਧੇ ਘੰਟੇ ਬਾਅਦ ਸ਼ਾਮ 5 ਵਜੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਉੱਥੇ ਪਹੁੰਚ ਗਏ। ਇਸ ਉਪਰੰਤ ਨਵੇਂ ਚੇਅਰਮੈਨ ਡਾ. ਯੋਗਰਾਜ ਨੇ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲਿਆ।
ਇਸ ਮੌਕੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਡੀਜੀਐਸਪੀ-ਕਮ-ਸਕੂਲ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਅਤੇ ਉਪ ਸਕੱਤਰ ਗੁਰਤੇਜ਼ ਸਿੰਘ ਹੀ ਮੌਜੂਦ ਸਨ। ਇਸ ਦੌਰਾਨ ਸਿੱਖਿਆ ਮੰਤਰੀ ਸਮੇਤ ਸਾਰੇ ਅਧਿਕਾਰੀਆਂ ਨੇ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਆਪਣੇ ਮੂੰਹ ’ਤੇ ਮਾਸਕ ਪਾਏ ਹੋਏ ਸੀ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣ ਦੇ ਨਿਯਮਾਂ ਦੀ ਵੀ ਪਾਲਣਾ ਕੀਤੀ ਗਈ। ਨਵੇਂ ਚੇਅਰਮੈਨ ਨੇ ਅਹੁਦਾ ਸੰਭਾਲਣ ਮਗਰੋਂ ਦਫ਼ਤਰ ਵਿੱਚ ਸਿੱਖਿਆ ਮੰਤਰੀ ਅਤੇ ਹੋਰਨਾਂ ਅਧਿਕਾਰੀਆਂ ਨਾਲ ਚਾਹ ਦਾ ਕੱਪ ਵੀ ਸਾਂਝਾ ਕੀਤਾ। ਉਨ੍ਹਾਂ ਸ੍ਰੀ ਸਿੰਗਲਾ ਨਾਲ ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਦੇ ਕੰਮਾਂ ਅਤੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ। ਮੰਤਰੀ ਜੀ ਕਰੀਬ ਘੰਟਾ ਇੱਥੇ ਰੁਕੇ ਅਤੇ ਆਪਸੀ ਗੱਲਬਾਤ ਕੀਤੀ।