nabaz-e-punjab.com

ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਹੋਵੇਗੀ ਨਵੀਂ ਸੱਭਿਆਚਾਰਕ ਨੀਤੀ: ਨਵਜੋਤ ਸਿੱਧੂ

ਸੈਰ ਸਪਾਟਾ ਤੇ ਸੱਭਿਆਚਾਰ ਮੰਤਰੀ ਨੇ ਸੱਭਿਆਚਾਰਕ ਨੀਤੀ ਦਾ ਖਾਕਾ ਉਲੀਕਣ ਲਈ ਮਾਹਿਰਾਂ ਨਾਲ ਕੀਤੀ ਮੈਰਾਥਨ ਮੀਟਿੰਗ

ਪੰਜਾਬੀ ਭਾਸ਼ਾ ਦੇ ਪਸਾਰ, ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨ ਲਈ ਮੁੱਖ ਮੰਤਰੀ ਵੱਲੋਂ ਜਲਦ ਐਲਾਨੀ ਜਾਵੇਗੀ ਸੱਭਿਆਚਾਰਕ ਨੀਤੀ

ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੀ ਅਗਵਾਈ ਕਰਨ ਲਈ ਬਣਾਈ ਜਾਵੇਗੀ ਬੁੱਧੀਜੀਵੀਆਂ ਦੀ ਕੋਰ ਕਮੇਟੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਮਈ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਣਾਈ ਜਾ ਰਹੀ ਸੱਭਿਆਚਾਰਕ ਨੀਤੀ ਦਾ ਖਾਕਾ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜਾਂ ਇੰਟਰਨੈਟ ਦੇ ਯੁੱਗ ਵਿੱਚ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ, ਮਾਂ ਬੋਲੀ ਨਾਲ ਜੋੜਿਆ ਜਾ ਸਕੇ। ਇਹ ਖੁਲਾਸਾ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਹਿਤ, ਸੱਭਿਆਚਾਰ, ਸੰਗੀਤ, ਫਿਲਮਾਂ ਅਤੇ ਅਕਾਦਮਿਕ ਮਾਮਲਿਆਂ ਦੇ ਮਾਹਿਰਾਂ ਨਾਲ ਸੱਭਿਆਚਾਰਕ ਨੀਤੀ ਦਾ ਖਾਕਾ ਉਲੀਕਣ ਲਈ ਸੱਦੀ ਮੀਟਿੰਗ ਉਪਰੰਤ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਦੀ 55 ਫੀਸਦੀ ਵਸੋਂ ਨੌਜਵਾਨ ਹਨ ਜਿਨ੍ਹਾਂ ਵਿੱਚੋਂ ਬਹੁਤੀ 38 ਸਾਲ ਤੋਂ ਘੱਟ ਉਮਰ ਦੀ ਹੈ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਇੰਟਰਨੈਟ ਦੇ ਯੁੱਗ ਕਾਰਨ ਛੋਟਾ ਬੱਚਾ ਵੀ ਇਸ ਨਾਲ ਜੁੜ ਰਿਹਾ ਹੈ ਇਸ ਲਈ ਬੱਚਿਆਂ ਤੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸੱਭਿਆਚਾਰਕ ਨੀਤੀ ਬਣਾਈ ਜਾਵੇਗੀ।
ਸ੍ਰੀ ਸਿੱਧੂ ਵੱਲੋਂ ਸੱਦੀ ਇਸ ਮੀਟਿੰਗ ਵਿੱਚ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ, ਵਿਭਾਗ ਦੇ ਸਲਾਹਕਾਰ ਡਾ.ਅਮਰ ਸਿੰਘ, ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ ਤੇ ਡਾਇਰੈਕਟਰ ਡਾ.ਨਵਜੋਤ ਪਾਲ ਸਿੰਘ ਰੰਧਾਵਾ ਸਣੇ 40 ਦੇ ਕਰੀਬ ਬੁੱਧੀਜੀਵੀ ਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਆਪਣੇ ਵੱਡਮੁੱਲੇ ਸੁਝਾਅ ਦਿੱਤੀ। 5 ਘੰਟੇ ਤੋਂ ਵੱਧ ਸਮਾਂ ਚੱਲੀ ਇਸ ਮੈਰਾਥਾਨ ਮੀਟਿੰਗ ਵਿੱਚ ਸ੍ਰੀ ਸਿੱਧੂ ਨੇ ਮਾਹਿਰਾਂ ਤੋਂ ਇਹ ਸੁਝਾਅ ਸੁਣੇ ਕਿ ਸੱਭਿਆਚਾਰਕ ਨੀਤੀ ਦਾ ਖਾਕਾ ਕੀ ਹੋਵੇਗਾ ਅਤੇ ਇਸ ਨੂੰ ਲਾਗੂ ਕਿਵੇਂ ਕਰਨਾ ਹੈ। ਸ੍ਰੀ ਸਿੱਧੂ ਨੇ ਸਾਰੇ ਸੁਝਾਅ ਸੁਣਨ ਉਪਰੰਤ ਕਿਹਾ ਕਿ ਸੱਭਿਆਚਾਰਕ ਨੀਤੀ ਨੂੰ ਅੰਤਿਮ ਪ੍ਰਵਾਨਗੀ ਅਤੇ ਇਸ ਦਾ ਐਲਾਨ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਕੋਲ ਨੀਤੀ ਦਾ ਖਾਕਾ ਉਲੀਕਣ ਲਈ ਉਹ ਬੁੱਧੀਜੀਵੀਆਂ ਦੀ ਇਕ ਕੋਰ ਕਮੇਟੀ ਬਣਾਉਣਗੇ ਜੋ ਇਸ ਸਾਰੇ ਸੁਝਾਵਾਂ ਨੂੰ ਇਕੱਠਾ ਕਰ ਕੇ ਅੰਤਿਮ ਖਾਕਾ ਤਿਆਰ ਕਰੇਗੀ ਅਤੇ ਇਹ ਕਮੇਟੀ ਨੀਤੀ ਲਾਗੂ ਕਰਨ ਤੋਂ ਇਲਾਵਾ ਸਮੇਂ-ਸਮੇਂ ’ਤੇ ਵਿਭਾਗ ਦੀ ਅਗਵਾਈ ਵੀ ਕਰੇਗੀ। ਇਸ ਕੋਰ ਕਮੇਟੀ ਹੇਠ 50 ਮਾਹਿਰਾਂ ਦੀ ਕਮੇਟੀ ਹੋਵੇਗੀ ਜੋ ਸਾਲ ਵਿੱਚ ਦੋ ਵਾਰ ਮੀਟਿੰਗ ਕਰਿਆ ਕਰੇਗੀ।
ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਦੀ ਸ਼ੁਰੂਆਤ ਵਿੱਚ ਬੋਲਦਿਆਂ ਕਿਹਾ ਕਿ ਸਾਨੂੰ ਸੱਭਿਆਚਾਰਕ ਮਸ਼ਾਲ ਲੈ ਕੇ ਤੁਰਨ ਦੀ ਲੋੜ ਹੈ ਤਾਂ ਜੋ ਇਸ ਦਾ ਸੁਨੇਹਾ ਘਰ-ਘਰ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕ ਸਭ ਤੋਂ ਵੱਧ ਕਲਾਕਾਰਾਂ ਦਾ ਪ੍ਰਭਾਵ ਕਬੂਲਦੇ ਹਨ ਅਤੇ ਕਲਾਕਾਰਾਂ ਦਾ ਇਹ ਨੈਤਿਕ ਤੇ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹਾ ਪੇਸ਼ ਕਰਨ ਜਿਸ ਤੋਂ ਲੋਕ ਸੇਧ ਲੈ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਸੈਰ ਸਪਾਟਾ ਪ੍ਰਫੁੱਲਤ ਕਰਨ ਲਈ ਧਾਰਮਿਕ ਤੇ ਵਿਰਾਸਤੀ ਥਾਵਾਂ ਦਾ ਸੁੰਦਰੀਕਰਨ ਕੀਤਾ ਜਾਵੇ ਤਾਂ ਜੋ ਸੈਲਾਨੀ ਹੋਰ ਵੀ ਵੱਡੀ ਗਿਣਤੀ ਵਿੱਚ ਆਉਣ।
ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸੱਭਿਆਚਾਰਕ ਨੀਤੀ ਵਿੱਚ ਹਰ ਪਹਿਲੂ ਨੂੰ ਸ਼ਾਮਲ ਕੀਤਾ ਜਾਵੇਗਾ ਜਿਸ ਵਿੱਚ ਪੰਜਾਬੀ ਮਾਂ ਬੋਲੀ ਦਾ ਪਸਾਰ, ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜਨਾ, ਅਮੀਰ ਪੰਜਾਬੀ ਵਿਰਸੇ ਤੇ ਵਿਰਾਸਾਤਾਂ ਦੀ ਸਾਂਭ-ਸੰਭਾਲ, ਵਿਭਾਗ ਨੂੰ ਪੈਰਾਂ ਸਿਰ ਕਰਨ ਅਤੇ ਆਪਣੇ ਸੱਭਿਆਚਾਰ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪਸਾਰਨ ਲਈ ਪੰਜਾਬ ਵਿੱਚ ਸੈਰ ਸਪਾਟਾ ਨੂੰ ਹੁਲਾਰਾ ਦੇਣਾ, ਫਿਲਮ ਸਿਟੀ ਦਾ ਨਿਰਮਾਣ ਅਤੇ ਪਾਇਰੇਸੀ ਨੂੰ ਰੋਕਣ ਲਈ ਗੁੰਡਾ ਐਕਟ ਵਾਂਗ ਕੋਈ ਕਾਨੂੰਨ ਪ੍ਰਾਵਧਾਨ ਆਦਿ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆਂ ਨੂੰ ਉਹ ਮੁੱਖ ਮੰਤਰੀ ਜੀ ਕੋਲ ਲੈ ਕੇ ਜਾਣਗੇ ਤਾਂ ਜੋ ਇਨ੍ਹਾਂ ਨੂੰ ਨੀਤੀ ਵਿੱਚ ਸ਼ਾਮਲ ਕਰ ਕੇ ਇਨ੍ਹਾਂ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨੀਤੀ ਬਣਾਉਣ ਨਾਲੋਂ ਵੱਡੀ ਗੱਲ ਨੀਤੀ ਬਣਾਉਣ ਤੋਂ ਬਾਅਦ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਹੋਵੇਗਾ ਜਿਸ ਲਈ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਬੁੱਧੀਜੀਵੀਆਂ ਦੀ ਬਣਾਈ ਜਾਣ ਵਾਲੀ ਕੋਰ ਕਮੇਟੀ ਦੀ ਅਗਵਾਈ ਹੇਠ ਨੀਤੀ ਨੂੰ ਹੇਠਲੇ ਪਿੰਡ ਪੱਧਰ ’ਤੇ ਅਜਿਹੇ ਕਾਰਗਾਰ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਤਾਂ ਜੋ ਇਸ ਲੋਕ ਲਹਿਰ ਖੜ੍ਹੀ ਹੋਵੇ। ਉਨ੍ਹਾਂ ਕਿਹਾ ਕਿ ਸੱਭਿਆਚਾਰਕ ਪਾਰਲੀਮੈਂਟ ਬਣਾਉਣਾ ਉਨ੍ਹਾਂ ਦਾ ਮਕਸਦ ਹੈ ਜਿਸ ਨਾਲ ਹੀ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜ ਸਕਾਂਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਬੱਚਿਆਂ ਦੇ ਮਨਾਂ ਉਪਰ ਕਾਰਟੂਨ, ਇੰਟਰਨੈਟ, ਫਿਲਮਾਂ ਆਪਣਾ ਪ੍ਰਭਾਵ ਛੱਡਦੀਆਂ ਹਨ ਜਿਸ ਲਈ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਕਾਰਟੂਨਾਂ ਨੂੰ ਪੰਜਾਬੀ ਬੋਲੀ ਵਿੱਚ ਅਨੁਵਾਦ ਕਰ ਕੇ ਬੱਚਿਆਂ ਨੂੰ ਦਿਖਾਇਆ ਜਾਵੇ। ਇਸ ਬਾਰੇ ਸ੍ਰੀ ਸੁਰਜੀਤ ਪਾਤਰ ਨੇ ਆਪਣੇ ਵਿਚਾਰ ਪ੍ਰਗਟਾਏ ਅਤੇ ਇਹ ਵੀ ਕਿਹਾ ਕਿ ਪੰਜਾਬੀ ਕਲਾਕਾਰਾਂ, ਸਾਹਿਤਕਾਰਾਂ, ਫਨਕਾਰਾਂ ਦੇ ਰੂ ਬ ਰੂ ਪ੍ਰੋਗਰਾਮ ਸਕੂਲਾਂ ਵਿੱਚ ਕਰਵਾਏ ਜਾਣ। ਲੱਚਰਤਾ ਤੇ ਅਸ਼ਲੀਲਤਾ ਨੂੰ ਠੱਲ੍ਹ ਪਾਉਣ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਜਿਸ ਨੂੰ ਸੱਭਿਆਚਾਰਕ ਨੀਤੀ ਦਾ ਹਿੱਸਾ ਬਣਾਇਆ ਜਾਵੇਗਾ। ਇੰਟਰਨੈਟ ਦੇ ਮਾੜੇ ਪ੍ਰਭਾਵਾਂ ਬਾਰੇ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਸਿੱਧੂ ਮਾਹਿਰਾਂ ਦੀ ਇਸ ਰਾਏ ਨਾਲ ਸਹਿਮਤ ਹੋਏ ਕਿ ਪੰਜਾਬੀ ਦੇ ਲੋਕ ਨਾਇਕਾਂ ’ਤੇ ਆਧਾਰਤ ਪ੍ਰੋਗਰਾਮ ਇੰਟਰਨੈਟ ਰਾਹੀਂ ਬੱਚਿਆਂ ਨੂੰ ਦਿਖਾਏ ਜਾਣ ਤਾਂ ਜੋ ਬੱਚਿਆਂ ਨੂੰ ਕੁਝ ਬਦਲਵਾਂ ਦਿਖਾਇਆ ਜਾ ਸਕੇ। ਗੁਰਪ੍ਰੀਤ ਘੁੱਗੀ ਵੱਲੋਂ ਬੱਚਿਆਂ ਦੇ ਆਦਰਸ਼ ਬਣਾਉਣ ਲਈ ਲੋਕ ਨਾਇਕਾਂ ਦੇ ਬੱੁਤ ਥਾਂ-ਥਾਂ ਸਥਾਪਤ ਕਰਨ ਦੇ ਵਿਚਾਰ ਨਾਲ ਸਹਿਮਤ ਹੁੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਰਾਏ ਅਨੁਸਾਰ ਭਗਤ ਪੂਰਨ ਸਿੰਘ, ਬਾਬਾ ਸੋਹਣ ਸਿੰਘ ਭਕਨਾ ਅਤੇ ਕਾਮਾਗਾਟਾ ਮਾਰੂ ਜਹਾਜ਼ ਦਾ ਬੁੱਤ ਜਲਦ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਲੱਚਰਤਾ ਦਾ ਮੁਕਾਬਲਾ ਕਰਨ ਲਈ ਸਮਾਂਨਤਰ ਫੋਰਸ ਤਿਆਰ ਕੀਤੀ ਜਾਵੇ ਜੋ ਨਵੀਂ ਪੀੜ੍ਹੀ ਨੂੰ ਚੰਗਾ ਦਿਖਾ ਸਕੇ। ਪੰਮੀ ਬਾਈ ਵੱਲੋਂ ਸੱਭਿਆਚਾਰ ਨੂੰ ਸੈਰ ਸਪਾਟਾ ਪ੍ਰਫੁੱਲਤ ਕਰਨ ਦਾ ਜ਼ਰੀਆ ਬਣਾਉਣ ਦੇ ਦਿੱਤੇ ਸੁਝਾਅ ਬਾਰੇ ਸ੍ਰੀ ਸਿੱਧੂ ਨੇ ਕਿਹਾ ਕਿ ਸੈਰ ਸਪਾਟਾ ਵਧਾਉਣ ਲਈ ਸੱਭਿਆਚਾਰ ਨੂੰ ਮੁੱਖ ਸਾਧਨ ਵਜੋਂ ਵਰਤਣਾ ਪਵੇਗਾ।
ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਮੈਨ ਸਤਿੰਦਰ ਸੱਤੀ ਵੱਲੋਂ ਉਭਰਦੇ ਕਲਾਕਾਰਾਂ ਨੂੰ ਵੀ ਨੀਤੀ ਬਣਾਉਣ ਵਾਲਿਆਂ ਵਿੱਚ ਸ਼ਾਮਲ ਕਰਨ ’ਤੇ ਦਿੱਤੇ ਸੁਝਾਅ ’ਤੇ ਮੰਤਰੀ ਨੇ ਐਲਾਨ ਕੀਤਾ ਕਿ ‘ਯੰਗ ਆਰਟ ਐਸੋਸੀਏਸ਼ਨ’ ਬਣਾਈ ਜਾਵੇਗੀ। ਨਿੰਦਰ ਘੁਗਿਆਣਵੀ ਤੇ ਭੁਪਿੰਦਰ ਸਿੰਘ ਬੱਬਲ ਨੇ ਗੁੰਮਨਾਮੀ ਦੀ ਜ਼ਿੰਦਗੀ ਜਿਉਂ ਰਹੇ ਪੰਜਾਬੀ ਦੇ ਅਨਮੋਲ ਫਨਕਾਰਾਂ ਦੀ ਸਾਂਭ-ਸੰਭਾਲ ਦਾ ਸੁਝਾਅ ਦਿੱਤਾ ਜਿਸ ਬਾਰੇ ਸ੍ਰੀ ਸਿੱਧੂ ਨੇ ਇਸ ਨੂੰ ਨੀਤੀ ਦਾ ਹਿੱਸਾ ਬਣਾਉਣ ਦੀ ਗੱਲ ਕੀਤੀ। ਫਿਲਮ ਨਿਰਮਾਤਾ ਦਰਸ਼ਨ ਅੌਲਖ ਵੱਲੋਂ ਫਿਲਮਾਂ ਦੀ ਸ਼ੂਟਿੰਗ ਲਈ ਸਿੰਗਲ ਵਿੰਡੋ ਦੇ ਫੈਸਲੇ ਲਈ ਸ੍ਰੀ ਸਿੱਧੂ ਦਾ ਧੰਨਵਾਦ ਕਰਦਿਆਂ ਫਿਲਮੀ ਸਨਅਤ ਨੂੰ ਨੀਤੀ ਦਾ ਹਿੱਸਾ ਬਣਾਉਣ ਦੇ ਸੁਝਾਅ ਦਿੱਤੇ ਗਏ। ਸੁਨੀਤਾ ਧੀਰ ਵੱਲੋਂ ਵਿਭਾਗ ਨੂੰ ਸੰਗੀਤ, ਨਾਟਕ ਤੇ ਨਾਚਾਂ ਦੀ ਰੈਪਟਰੀ ਸ਼ੁਰੂ ਕਰਨ, ਦੀਪਕ ਬਾਲੀ ਵੱਲੋਂ ਕਲਾਸੀਕਲ ਸੰਗੀਤ ਨੂੰ ਹੁਲਾਰਾ ਦੇਣ ਅਤੇ ਪੰਜਾਬੀ ਮਾਂ-ਬੋਲੀ ਨੂੰ ਪ੍ਰਫੱੁਲਤ ਕਰਨ, ਡਾ.ਲਖਵਿੰਦਰ ਜੌਹਲ ਵੱਲੋਂ ਵਿਰਾਸਤੀ ਵਸਤਾਂ ਦੀਆਂ ਡਾਕੂਮੈਂਟਰੀ ਫਿਲਮਾਂ ਬਣਾਉਣ ਬਾਰੇ ਸੁਝਾਅ ਦਿੱਤੇ ਗਏ।
ਮੀਟਿੰਗ ਦੌਰਾਨ ਮਾਹਿਰਾਂ ਨੇ ਇਹ ਵੀ ਸੁਝਾਅ ਦਿੱਤੇ ਕਿ ਸਕੂਲਾਂ ਤੇ ਕਾਲਜਾਂ ਦੀ ਪੜ੍ਹਾਈ ਦੇ ਸਿਲੇਬਸ ਵਿੱਚ ਲੋਕ ਸੰਗੀਤ, ਥਿਏਟਰ, ਲੋਕ ਨਾਚਾਂ ਨੂੰ ਸ਼ਾਮਲ ਕੀਤਾ ਜਾਵੇ, ਨੈਤਿਕ ਸਿੱਖਿਆ ਦਾ ਵੱਖਰਾ ਪੀਰੀਅਡ ਲਗਾਇਆ ਜਾਵੇ ਅਤੇ ਤਕਨੀਕੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਵੀ ਪੜ੍ਹਾਇਆ ਜਾਵੇ। ਇਨ੍ਹਾਂ ਸੁਝਾਵਾਂ ’ਤੇ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਹ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਇਨ੍ਹਾਂ ਨੂੰ ਮੁੱਖ ਮੰਤਰੀ ਜੀ ਕੋਲ ਲਿਜਾ ਕੇ ਸੱਭਿਆਚਾਰਕ ਨੀਤੀ ਨੂੰ ਇਕਸਾਰ ਤਰੀਕੇ ਨਾਲ ਲਾਗੂ ਕੀਤਾ ਜਾਵੇ ਤਾਂ ਸਕੂਲ-ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਇਸ ਦੇ ਘੇਰੇ ਵਿੱਚ ਆ ਸਕਣ।
ਮੀਟਿੰਗ ਵਿੱਚ ਲੋਕ ਗਾਇਕ ਅਤੇ ਸਾਬਕਾ ਵਿਧਾਇਕ ਮਹੁੰਮਦ ਸਦੀਕ, ਸ੍ਰੀ ਕੇਵਲ ਧਾਲੀਵਾਲ, ਡਾ.ਕਰਮਜੀਤ ਸਿੰਘ ਸਰਾਂ, ਸ੍ਰੀ ਦੀਪਕ ਮਨਮੋਹਨ ਸਿੰਘ, ਸ੍ਰੀ ਜੰਗ ਬਹਾਦਰ ਗੋਇਲ, ਪ੍ਰੋ. ਰਾਜਪਾਲ ਸਿੰਘ, ਸ੍ਰੀ ਅਮਰਜੀਤ ਸਿੰਘ ਗਰੇਵਾਲ, ਸ੍ਰੀ ਹਰਜਾਪ ਸਿੰਘ ਅੌਜਲਾ, ਡਾ.ਪ੍ਰਭਸ਼ਰਨ ਕੌਰ, ਸ੍ਰੀ ਮਨਮੋਹਨ ਸਿੰਘ, ਸ੍ਰੀ ਸ਼ਿੰਦਰਪਾਲ ਸਿੰਘ, ਸ੍ਰੀ ਮਨਪਾਲ ਟਿਵਾਣਾ, ਗੁਰਪ੍ਰੀਤ ਆਰਟਿਸਟ ਤੇ ਸ੍ਰੀ ਅਮਨਦੀਪ ਕੌਰ ਨੇ ਵੀ ਆਪਣੇ ਸੁਝਾਅ ਦਿੱਤੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …