nabaz-e-punjab.com

5ਵੀਂ, ਦਸਵੀਂ ਤੇ ਬਾਰ੍ਹਵੀਂ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਸਬੰਧੀ ਨਵੀਂ ਡੇਟਸ਼ੀਟ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਕਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਅਕਾਦਮਿਕ ਸਾਲ 2019-20 ਦੀਆਂ ਪੰਜਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਨਵੀਂ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਸਕੂਲ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 20 ਮਾਰਚ ਤੋਂ 31 ਮਾਰਚ ਦੌਰਾਨ ਹੋਣ ਵਾਲੀਆਂ ਪ੍ਰੀਖਿਆਵਾਂ, ਜੋ ਬੀਤੇ ਦਿਨੀਂ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਲਤਵੀ ਕੀਤੀਆਂ ਗਈਆਂ ਸਨ। ਉਨ੍ਹਾਂ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਈ ਸਿੱਖਿਆ ਬੋਰਡ ਵੱਲੋਂ ਪੁਰਾਣੀ ਡੇਟਸ਼ੀਟ ਵਿੱਚ ਤਬਦੀਲੀ ਕਰਕੇ ਨਵੇਂ ਸਿਰਿਓਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਵੀਂ ਸ਼੍ਰੇਣੀ, ਦਸਵੀਂ ਸ਼੍ਰੇਣੀ ਅਤੇ ਬਾਰ੍ਹਵੀ ਸ਼੍ਰੇਣੀ ਦੀਆਂ ਪਹਿਲੀਆਂ ਡੇਟਸ਼ੀਟਾਂ ਵਿੱਚ ਤਬਦੀਲੀ ਕਰਦਿਆਂ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਪਹਿਲੀ ਅਪਰੈਲ ਤੋਂ 3 ਅਪਰੈਲ 2020 ਤੱਕ, ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 3 ਅਪਰੈਲ ਤੋਂ 23 ਅਪਰੈਲ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 3 ਅਪਰੈਲ ਤੋਂ 13 ਅਪਰੈਲ ਤੱਕ ਪਹਿਲਾਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿੱਚ ਹੀ ਕਰਵਾਈ ਜਾਵੇਗੀ। ਇਨ੍ਹਾਂ ਵਿਸ਼ਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਸਬੰਧੀ ਸ਼ਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਵੀ ਉਪਲਬਧ ਕਰਵਾਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀ ਦਿਨੀਂ ਕਰੋਨਾਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲੋਕਹਿੱਤ ਵਿੱਚ 31 ਮਾਰਚ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਸਾਲਾਨਾ ਪ੍ਰੀਖਿਆ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਸੀ ਪ੍ਰੰਤੂ ਹੁਣ ਇਸ ਵਾਇਰਸ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ ਅਤੇ ਰੋਜ਼ਾਨਾ ਕਿਸੇ ਨਾ ਕਿਸੇ ਸ਼ਹਿਰ ’ਚੋਂ ਪੀੜਤ ਅਤੇ ਸ਼ੱਕੀ ਮਰੀਜ਼ ਮਿਲ ਰਹੇ ਹਨ। ਇਸ ਖ਼ਤਰਨਾਕ ਵਾਇਰਸ ਤੋਂ ਬਚਾਅ ਲਈ ਹੁਣ ਸਾਲਾਨਾ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ ਅਤੇ ਹੁਣ ਤੱਕ ਜਿਹੜੇ ਵਿਸ਼ਿਆਂ ਦੀ ਪ੍ਰੀਖਿਆ ਲਈ ਜਾ ਚੁੱਕੀ ਹੈ, ਉਨ੍ਹਾਂ ਵਿਸ਼ਿਆਂ ਦੀਆਂ ਉੱਤਰ ਪੱਤਰੀਆਂ ਦਾ ਮੁਲਾਂਕਣ ਅਧਿਆਪਕਾਂ ਨੂੰ ਆਪਣੇ ਘਰ ਬੈਠ ਕੇ ਕਰਨ ਲਈ ਆਖਿਆ ਗਿਆ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…