Nabaz-e-punjab.com

ਨਵਾਂ ਗਰਾਓਂ ਪੁਲੀਸ ਨੇ 24 ਘੰਟੇ ਵਿੱਚ ਨੌਜਵਾਨ ਦੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਨਵਾਂ ਗਰਾਓਂ ਪੁਲੀਸ ਨੇ ਬੀਤੇ ਦਿਨੀਂ 25 ਮਾਰਚ ਨੂੰ ਰਾਕੇਸ਼ ਕੁਮਾਰ ਉਰਫ਼ ਰਮਨ ਦੇ ਕਤਲ ਕੇਸ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਇੱਥੇ ਸ਼ਾਮੀ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਥਾਣਾ ਨਵਾਂ ਗਰਾਓਂ ਵਿੱਚ ਊਸ਼ਾ ਰਾਣੀ ਪਤਨੀ ਮਨੋਜ ਕੁਮਾਰ ਵਾਸੀ ਆਦਰਸ਼ ਕਲੋਨੀ ਬਲੌਂਗੀ ਦੇ ਬਿਆਨ ’ਤੇ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿੱਚ ਮੋਹਿਤ, ਗੋਟਾ ਅਤੇ ਰਣਜੀਤ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਭਤੀਜੇ ਰਾਕੇਸ਼ ਕੁਮਾਰ ਉਰਫ਼ ਰਮਨ ਦਾ ਕਿਰਨ ਪੁੱਤਰੀ ਕਿਸ਼ਨ ਸਿੰਘ ਵਾਸੀ ਸਿੰਘਾ ਦੇਵੀ ਕਲੋਨੀ ਨਵਾਂ ਗਰਾਓਂ ਦੇ ਘਰ ਆਉਣਾ-ਜਾਣਾ ਸੀ, ਕਦੇ ਕਦੇ ਰਾਕੇਸ਼ ਆਪਣੇ ਦੋਸਤਾਂ ਮੋਹਿਤ ਤੇ ਗੋਟਾ ਵਾਸੀ ਜਨਤਾ ਕਲੋਨੀ ਨਵਾਂ ਗਰਾਓਂ ਅਤੇ ਰਣਜੀਤ ਵਾਸੀ ਸਿੰਘਾ ਦੇਵੀ ਕਲੋਨੀ ਨਵਾਂ ਗਰਾਓਂ ਨਾਲ ਵੀ ਉਨ੍ਹਾਂ ਦੇ ਕੋਲ (ਭੂਆ ਦੇ ਘਰ) ਆਉਂਦਾ ਹੁੰਦਾ ਸੀ।
ਬੀਤੀ 25 ਮਾਰਚ ਨੂੰ ਵੀ ਰਾਕੇਸ਼ ਕੁਮਾਰ ਉਸ ਨੂੰ ਇਹ ਦੱਸ ਕੇ ਗਿਆ ਸੀ ਕਿ ਉਹ ਕਿਰਨ ਦੇ ਘਰ ਚਲਿਆ ਹੈ, ਜਿੱਥੇ ਉਸ ਦੇ ਦੋਸਤਾਂ ਮੋਹਿਤ, ਗੋਟਾ ਅਤੇ ਰਣਜੀਤ ਨੇ ਪਾਰਟੀ ਰੱਖੀ ਹੋਈ ਹੈ। ਪ੍ਰੰਤੂ ਰਾਕੇਸ਼ ਕੁਮਾਰ ਉਰਫ ਰਮਨ ਸ਼ਾਮ ਨੂੰ ਵਾਪਸ ਨਹੀਂ ਆਇਆ, ਜਿਸ ਕਰਕੇ ਉਸ ਦੀ ਭਾਲ ਕਰਦੇ ਉਹ ਕਿਰਨ ਦੇ ਘਰ ਪੁੱਜੇ ਤਾਂ ਕਮਰੇ ਵਿੱਚ ਬੈੱਡ ਉੱਤੇ ਰਾਕੇਸ਼ ਕੁਮਾਰ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਜਿਸ ਦੇ ਧੌਣ ਦੇ ਸੱਜੇ ਪਾਸੇ ਤੇਜ਼ਧਾਰ ਹਥਿਆਰ ਨਾਲ ਡੂੰਘਾ ਜ਼ਖ਼ਮ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ।
ਐਸਐਸਪੀ ਨੇ ਦੱਸਿਆ ਕਿ ਕੇਸ ਨੂੰ ਹੱਲ ਕਰਨ ਲਈ ਵਰੁਣ ਸ਼ਰਮਾ ਆਈ.ਪੀ.ਐਸ, ਕਪਤਾਨ ਪੁਲੀਸ (ਜਾਂਚ) ਮੁਹਾਲੀ, ਹਰਵਿੰਦਰ ਸਿੰਘ ਵਿਰਕ ਐਸਪੀ ਸਿਟੀ, ਮਿਸ ਅਸ਼ਵਨੀ ਗੋਟਿਆਲ ਆਈ.ਪੀ.ਐਸ, ਏਐਸਪੀ ਸਿਟੀ-1 ਮੁਹਾਲੀ ਅਤੇ ਮੁੱਖ ਅਫ਼ਸਰ ਥਾਣਾ ਨਵਾਂ ਗਰਾਓਂ ਇੰਸਪੈਕਟਰ ਗੁਰਵੰਤ ਸਿੰਘ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਜਿਨ੍ਹਾਂ ਨੇ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰਦਿਆਂ ਕੜੀ ਨਾਲ ਕੜੀ ਜੋੜਦਿਆਂ ਇਸ ਮੁਕੱਦਮਾ ਦੇ ਦੋ ਮੁਲਜ਼ਮਾਂ ਨੂੰ 24 ਘੰਟੇ ਦੇ ਅੰਦਰ ਅੰਦਰ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆਂ ਗਿਆ ਛੁਰਾ ਵੀ ਬਰਾਮਦ ਕਰ ਲਿਆ ਗਿਆ ਹੈ। ਇਸ ਮੁਕੱਦਮਾ ਦੇ ਤੀਜੇ ਮੁਲਜ਼ਮ ਰਣਜੀਤ ਦੀ ਗ੍ਰਿਫ਼ਤਾਰੀ ਬਾਕੀ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਉਸ ਦੇ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹਨਾਂ ਨੇ ਇਹ ਕਤਲ ਰਾਕੇਸ਼ ਕੁਮਾਰ ਉਰਫ ਰਮਨ ਦੀ ਕਿਰਨ ਨਾਲ ਹੋਈ ਦੋਸਤੀ ਦੀ ਰੰਜਿਸ ਵਿੱਚ ਕੀਤਾ ਹੈ ਕਿਉਂਕਿ ਪਹਿਲਾਂ ਕਿਰਨ ਦੀ ਇਨ੍ਹਾਂ ਦੋਵਾਂ ਨਾਲ ਦੋਸਤੀ ਸੀ ਅਤੇ ਹੁਣ ਕਿਰਨ ਨਾਲ ਰਾਕੇਸ਼ ਕੁਮਾਰ ਉਰਫ ਰਮਨ ਦੀ ਦੋਸਤੀ ਹੋ ਗਈ ਸੀ। ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…