13 ਕਰੋੜ ਦੀ ਲਾਗਤ ਨਾਲ ਉਸਾਰੀ ਜਾਵੇਗੀ ਸਰਕਾਰੀ ਸਕੂਲ ਦੀ ਨਵੀਂ ਇਮਾਰਤ: ਸਿੱਧੂ

ਸਕੂਲ ਦੀ ਤਿੰਨ ਮੰਜ਼ਲਾਂ ਇਮਾਰਤ ਦੀ ਉਸਾਰੀ ਦਾ ਕੰਮ 1 ਸਾਲ ਵਿੱਚ ਹੋਵੇਗਾ ਮੁਕੰਮਲ: ਬਾਜਵਾ

ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਪੜ੍ਹਾਈ ਸਬੰਧੀ ਹਰ ਤਰ੍ਹਾਂ ਦੀ ਸਹੂਲਤ ਹੋਵੇਗੀ ਉਪਲਬਧ: ਸਿੰਗਲਾ

ਤਿੰਨ ਕੈਬਨਿਟ ਮੰਤਰੀਆਂ ਨੇ ਸਾਂਝੇ ਤੌਰ ’ਤੇ ਰੱਖਿਆ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਸਾਲ 2020 ਅਤੇ 2021 ਨੂੰ ਮਨੁੱਖਤਾ ਲਈ ਅਣਕਿਆਸਿਆ ਅਤੇ ਅੌਕੜਾਂ ਭਰਿਆ ਵਰ੍ਹਾ ਮੰਨਿਆ ਜਾ ਰਿਹਾ ਹੈ। ਇਸ ਅੌਕੜਾਂ ਭਰੇ ਸਮੇਂ ਦੌਰਾਨ ਵੀ ਪੰਜਾਬ ਸਰਕਾਨ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਲੀਕੀ ਗਈ ਯੋਜਨਾ ਤਹਿਤ ਵਿਕਾਸ ਕਾਰਜ਼ਾਂ ਵਿੱਚ ਕੋਈ ਖੜੋਤ ਨਹੀਂ ਆਉਣ ਦਿੱਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੋਂ ਦੇ ਫੇਜ਼-11 (ਸੈਕਟਰ-65) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਮੌਜੂਦ ਸਨ।
ਸ੍ਰੀ ਬਾਜਵਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਦੇ ਯੋਗ ਬਣਾਉਣ ਲਈ ਬਿਹਤਰੀਨ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਤਿੰਨ ਮੰਜ਼ਿਲਾਂ ਵਾਲੀ ਇਮਾਰਤ ਦੀ ਉਸਾਰੀ 12 ਮਹੀਨੇ ਵਿੱਚ ਮੁਕੰਮਲ ਕੀਤੀ ਜਾਵੇਗੀ। ਇਸ ਸਬੰਧੀ ਟੈਂਡਰ ਵਿੱਚ ਇਹ ਸ਼ਰਤ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ 32 ਕਲਾਸ ਰੂਮ, ਲੈਬਾਰਟਰੀਜ਼ ਅਤੇ 2 ਲਾਇਬ੍ਰੇਰੀਜ਼ ਹੋਣਗੀਆਂ।
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਵਿੱਚ ਵਾਧੇ ਦਾ ਕਾਰਨ ਸਕੂਲੀ ਬੁਨਿਆਦੀ ਢਾਂਚੇ ਵਿੱਚ ਵਿਕਾਸ, 12000 ਸਮਾਰਟ ਸਕੂਲਾਂ ਤਿਆਰ ਕਰਨਾ, ਮੈਰਿਟ ਅਧਾਰਤ ਟਰਾਂਸਫਰ ਪਾਲਿਸੀ ਅਤੇ ਪ੍ਰੀ-ਪ੍ਰਾਇਮਰੀ ਸਕੂਲ ਸਿੱਖਿਆ ਨੂੰ ਲਾਗੂ ਕਰਨਾ ਦੱਸਿਆ। ਉਨ੍ਹਾਂ ਦੱਸਿਆ ਕਿ ਪਾਠਕ੍ਰਮ ਦਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਈ-ਕੰਟੈਂਟ ਆਡੀਓ-ਵਿਜ਼ੂਅਲ ਤਕਨੀਕ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿਖਾ ਕੇ ਚੰਗੀ ਤਰਾਂ ਦੁਹਰਾਈ ਕਰਵਾਉਣ ਅਤੇ ਅੌਖੀਆਂ ਧਾਰਨਾਵਾਂ ਸਮਝਾਉਣ ਲਈ ਸਹਾਈ ਸਿੱਧ ਹੋ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਬਦਲਾਓ ਸਦਕਾ ਸਕੂਲ ਸਿੱਖਿਆ ਦੇ ਖੇਤਰ ਵਿੱਚ ਮਿਆਰੀ ਸੁਧਾਰ ਹੋਇਆ ਹੈ ਜਿਸ ਸਦਕਾ ਜਿੱਥੇ ਨਤੀਜਿਆਂ ਦੇ ਮਾਮਲੇ ਵਿੱਚ ਸਰਕਾਰੀ ਸਕੂਲਾਂ ਨੇ ਪ੍ਰਾਇਵੇਟ ਸਕੂਲਾਂ ਨੂੰ ਪਿੱਛੇ ਛੱਡਿਅ ਹੈ, ਉੱਥੇ ਹੀ ਮਾਪਿਆਂ ਦਾ ਵਿਸ਼ਵਾਸ ਵੀ ਮੁੜ ਸਰਕਾਰੀ ਸਕੂਲਾਂ ਵਿਚ ਬੱਝਿਆ ਹੈ ਅਤੇ ਸਰਕਾਰੀ ਸਕੂਲਾ ਵਿੱਚ 3.50 ਲੱਖ ਦਾਖ਼ਲੇ ਵਧੇ ਹਨ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕੋਡਿਵ-19 ਦੇ ਰੂਪ ਵਿੱਚ ਸਾਨੂੰ ਸਭਨਾਂ ਨੂੰ ਇੱਕ ਘਾਤਕ ਮਹਾਂਮਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਪੰਜਾਬ ਸਰਕਾਰ ਜਿਥੇ ਇੱਕ ਪਾਸੇ ਕੋਰੋਨਾ ਪ੍ਰਕੋਪ ਦਾ ਖਾਤਮਾ ਕਰਨ ਵਿੱਚ ਜੁਟੀ ਹੋਈ ਹੈ ਉਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਰਾਜ ਦਾ ਸਰਵਪੱਖੀ ਵਿਕਾਸ ਵੀ ਜੰਗੀ ਪੱਧਰ ‘ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਇਸ ਅੌਕੜਾਂ ਭਰੇ ਸਮੇਂ ਦੌਰਾਨ ਵੀ ਪੰਜਾਬ ਸਰਕਾਰ ਆਪਣੇ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਲੋਕਾ ਦੀ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਇਸ ਇਲਾਕੇ ਵਿੱਚ ਸਕੂਲ ਦੀ ਇਮਾਰਤ ਦੀ ਕਾਫੀ ਪੁਰਾਣੀ ਮੰਗ ਸੀ , ਜਿਸ ਨੂੰ ਅੱਜ ਪੂਰਾ ਕੀਤਾ ਗਿਆ । ਉਨ੍ਹਾਂ ਦੱਸਿਆ ਕਿ 85900 ਸੁਕੇਅਰ ਫੁੱਟ ਖੇਤਰ ਵਾਲੇ ਪਲਾਟ ਚ ਤਿੰਨ ਮੰਜ਼ਿਲਾਂ ਇਮਾਰਤ ਦੀ ਉਸਾਰੀ 13 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਧਰਾਤਲ ਮੰਜ਼ਿਲ ਦਾ ਕਵਰਡ ਖੇਤਰ 22600 ਸੁਕੇਅਰ ਫੁੱਟ, ਪਹਿਲੀ ਅਤੇ ਦੂਜ਼ੀ ਮੰਜ਼ਲ ਕ੍ਰਮਵਾਰ 22250-22250 ਸੁਕੇਅਰ ਫੁੱਟ ਅਤੇ ਤੀਜ਼ੀ ਮੰਜ਼ਲ ਦਾ ਕਵਰਡ ਖੇਤਰ 16050 ਸੁਕੇਅਰ ਫੁੱਟ ਹੋਵੇਗਾ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨ ਅਤੇ ਖੁੱਲੀ ਜਗ੍ਹਾ ਲਈ 17900 ਸੁਕੇਅਰ ਫੁੱਟ ਥਾਂ ਰੱਖੀ ਗਈ ਹੈ। ਉ੍ਹਾਂ ਦੱਸਿਆ ਕਿ ਐਸ.ਏ.ਐਸ ਨਗਰ ਮੈਡੀਕਲ ਹੱਬ ਵਝੋਂ ਵਿਕਸਤ ਹੋ ਰਿਹਾ ਹੈ । ਨਾਗਰਿਕਾਂ ਦੀ ਪਹਿਲੀ ਲੋੜ ਸਿਹਤ ਸੇਵਾਵਾਂ ਅਤੇ ਦੂਜੀ ਮੁੱਢਲੀ ਲੋੜ ਅੱਛੀ ਸਿੱਖਿਆ ਹੁੰਦੀ ਹੈ ਜੋ ਇਸ ਸ਼ਹਿਰ ਚ ਪੂਰੀ ਕੀਤੀ ਜਾ ਰਹੀ ਹੈ।ਅੱਛੀ ਸਿੱਖਿਆ ਅਤੇ ਸਿਹਤ ਹੀ ਪਰਿਵਾਰ, ਸੂਬੇ ਅਤੇ ਦੇਸ਼ ਦੇ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹਲਕਾ ਐਸ.ਏ.ਐਸ ਨਗਰ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਜੰਗੀ ਪੱਧਰ ‘ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਹਾਲੀ ਹਲਕੇ ਵਿੱਚ ਤਿੰਨ ਨਵੇ ਹਸਪਤਾਲ ਬਣਾਏ ਜਾਣਗੇ। ਸੈਕਟਰ 69 ਅਤੇ ਸੈਕਟਰ 79 ਵਿਖੇ ਦੋ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਅਤੇ ਪਿੰਡ ਸਨੇਟਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਬਣਾਏ ਜਾਣਗੇ ਜੋ 4-6 ਮਹੀਨੇ ਵਿਚ ਪੂਰੇ ਹੋ ਜਾਣਗੇ। ਫੇਜ਼-3ਬੀ 1 ਵਿੱਚ ਬਣ ਰਿਹਾ ਕਮਿਊਨਿਟੀ ਹੈਲਥ ਸੈਂਟਰ ਵੀ ਇਸੇ ਸਾਲ ਅਕਤੂਬਰ ਵਿੱਚ ਪੂਰਾ ਹੋ ਜਾਵੇਗਾ।
ਇਸ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੁੱਝ ਕਾਂਗਰਸੀ ਆਗੂਆਂ ਵੱਲੋਂ ਆਪਣੇ ਮਤਭੇਦ ਪਾਰਟੀ ਹਾਈ ਕਮਾਂਡ ਕੋਲ ਰੱਖਣ ਤੋਂ ਪਹਿਲਾਂ ਮੀਡੀਆ ਦੇ ਅੱਗੇ ਰੱਖਣ ਨੂੰ ਮੰਦਭਾਗਾ ਦਸਿਆ ਅਤੇ ਐਸ ਕੀਤੀ ਕਿ ਇਸ ਦਾ ਹੱਲ ਹਾਈ ਕਮਾਂਡ ਦੇ ਪੱਧਰ ਤੇ ਛੇਤੀ ਹੋ ਜਾਵੇਗਾ। ਇਸ ਮੌਕੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਡਿਪਟੀ ਮੇਅਰ ਨਗਰ ਨਿਗਮ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਕੰਵਰਬੀਰ ਸਿੰਘ ਸਿੱਧੂ, ਸਾਬਕਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਰਿਸ਼ਵ ਜੈਨ, ਜਸਬੀਰ ਸਿੰਘ ਮਣਕੂ, ਕੁਲਵੰਤ ਸਿੰਘ ਕਲੇਰ, ਹਰਸ਼ਪ੍ਰੀਤ ਕੌਰ ਭੰਵਰਾ (ਸਾਰੇ ਕੌਸਲਰ) ਗੁਰਚਰਨ ਸਿੰਘ ਭੰਵਰਾ ਸਮੇਤ ਪੰਚਾਇਤੀ ਰਾਜ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…