ਮੁਹਾਲੀ ਵਿੱਚ ਨਵੀਂ ਮਾਰਕੀਟ ਕਮੇਟੀ ਹੋਂਦ ਵਿੱਚ ਆਈ

ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ, ਐਸਡੀਐਮ ਹਰਬੰਸ ਸਿੰਘ ਨੇ ਸੰਭਾਲਿਆ ਪ੍ਰਬੰਧਕ ਦਾ ਚਾਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਪੰਜਾਬ ਦੀ ਨਵੀਂ ਬਣੀ ਆਪ ਸਰਕਾਰ ਨੇ ਲੋਕ ਹਿੱਤ ਵਿੱਚ ਵੱਡਾ ਫੈਸਲਾ ਲੈਂਦਿਆਂ ਮੁਹਾਲੀ ਲਈ ਨਵੀਂ ਮਾਰਕੀਟ ਕਮੇਟੀ ਬਣਾਈ ਗਈ ਹੈ। ਇਸ ਤੋਂ ਪਹਿਲਾਂ ਮੁਹਾਲੀ ਵਾਸੀਆਂ ਨੂੰ ਖਰੜ ਮਾਰਕੀਟ ਕਮੇਟੀ ’ਤੇ ਨਿਰਭਰ ਰਹਿਣਾ ਪੈਂਦਾ ਸੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਡੀਐਮ ਹਰਬੰਸ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦਿਨ ਰਾਤ ਇਕ ਕਰਕੇ ਰਾਜ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ 73 ਪਿੰਡਾਂ ’ਤੇ ਆਧਾਰਿਤ ਮਾਰਕੀਟ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ 73 ਪਿੰਡਾਂ ਤੋਂ ਇਲਾਵਾ ਅਨਾਜ ਸਨੇਟਾ ਮੰਡੀ ਅਤੇ ਭਾਗੋਮਾਜਰਾ ਪਹਿਲਾਂ ਖਰੜ ਮਾਰਕੀਟ ਕਮੇਟੀ ਵਿੱਚ ਸ਼ਾਮਲ ਸਨ।
ਐਸਡੀਐਮ ਹਰਬੰਸ ਸਿੰਘ ਨੇ ਅੱਜ ਨਵੀਂ ਬਣੀ ਮਾਰਕੀਟ ਕਮੇਟੀ ਮੁਹਾਲੀ ਦੇ ਪ੍ਰਬੰਧਕ ਵਜੋਂ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਨਵੀਂ ਮਾਰਕੀਟ ਕਮੇਟੀ ਦੇ ਬਣਨ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰ ਦੀਆਂ ਸਮੂਹ ਕਿਸਾਨ ਮੰਡੀਆਂ ਜੋ ਕਿ ਪਹਿਲਾਂ ਖਰੜ ਕਮੇਟੀ ਅਧੀਨ ਸਨ ਹੁਣ ਉਹ ਸਾਰੀਆਂ ਮੰਡੀਆਂ ਵੀ ਨਵੀਂ ਮਾਰਕੀਟ ਕਮੇਟੀ ਅਧੀਨ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਬੰਧਤ 73 ਪਿੰਡਾਂ ਸਮੇਤ ਅਨਾਜ ਮੰਡੀ ਸਨੇਟਾ ਨੂੰ ਪਹਿਲ ਦੇ ਆਧਾਰ ’ਤੇ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਆਪਣੀ ਜਿਨਸ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ, ਲੇਖਾਕਾਰ ਕੁਲਬੀਰ ਸਿੰਘ ਅਤੇ ਪਲਵਿੰਦਰ ਸਿੰਘ ਹਾਜ਼ਰ ਸਨ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…