
ਮੁਹਾਲੀ ਵਿੱਚ ਨਵੀਂ ਨੀਡ ਬੇਸਿਡ ਪਾਲਿਸੀ ਜਲਦੀ ਲਾਗੂ ਹੋਣ ਦੀ ਆਸ ਬੱਝੀ
ਰਿਹਾਇਸ਼ ਤੇ ਕਾਰੋਬਾਰ ਕਰਨ ਲਈ ਮੁਹਾਲੀ ਲੋਕਾਂ ਦੀ ਪਹਿਲੀ ਪਸੰਦ ਬਣਿਆ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਮੁਹਾਲੀ ਵਿੱਚ ਨਵੀਂ ਨੀਡ ਬੇਸਿਡ ਪਾਲਿਸੀ ਜਲਦੀ ਲਾਗੂ ਹੋਣ ਦੀ ਆਸ ਬੱਝ ਗਈ ਹੈ। ਇਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਜੇ ਸੂਬੇ ਦੇ ਬਾਕੀ ਸ਼ਹਿਰਾਂ ਲਈ ਨਵੀਂ ਨੀਡ ਬੇਸਿਡ ਪਾਲਿਸੀ ਲਿਆਂਦੀ ਜਾ ਰਹੀ ਹੈ ਤਾਂ ਉਹ ਮੁਹਾਲੀ ਵਿੱਚ ਵੀ ਹੂਬਹੂ ਲਾਗੂ ਹੋਵੇਗੀ। ਉਂਜ ਉਨ੍ਹਾਂ ਕਿਹਾ ਕਿ ਗਮਾਡਾ ਨੇ ਪਹਿਲਾਂ ਵੀ ਨੀਡ ਬੇਸਿਡ ਪਾਲਿਸੀ ਬਣਾਈ ਸੀ, ਉਸ ਨੂੰ ਲੋਕਾਂ ਵੱਲੋਂ ਨਕਾਰੇ ਜਾਣ ਕਾਰਨ ਉਹ ਯੋਜਨਾ ਰੱਦ ਹੋ ਗਈ ਸੀ।
ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਸਿੰਗਲ ਬੂਥਾਂ ਉੱਤੇ ਪਹਿਲੀ ਮੰਜ਼ਲ ਬਣਾਉਣ ਲਈ ਦੁਕਾਨਦਾਰਾਂ ਦੀ ਮੰਗ ਨੂੰ ਜਾਇਜ਼ ਦੱਸਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜੇ ਨਵੇਂ ਸੈਕਟਰਾਂ ਵਿੱਚ ਬੂਥਾਂ ’ਤੇ ਉਸਾਰੀ ਕਰਨ ਦੀ ਇਜਾਜ਼ਤ ਹੈ ਤਾਂ ਪੁਰਾਣੇ ਸੈਕਟਰਾਂ ਵਿੱਚ ਵੀ ਇਹ ਫ਼ਾਰਮੂਲਾ ਲਾਗੂ ਹੋਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਯੋਗ ਪੈਰਵੀ ਕਰਨਗੇ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਨਵੈਸਟਰ ਪੰਜਾਬ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਚੱਲ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਚੇਨਈ, ਮੁੰਬਈ, ਦਿੱਲੀ ਅਤੇ ਬੰਗਲੌਰ ਜਾ ਕੇ ਵੱਡੇ ਕਾਰੋਬਾਰੀ ਘਰਾਣਿਆਂ ਨੂੰ ਪੰਜਾਬ ਵਿੱਚ ਸੁਖਾਵਾਂ ਮਾਹੌਲ ਹੋਣ ਦਾ ਭਰੋਸਾ ਦੇ ਕੇ ਨਿਵੇਸ਼ ਕਰਨ ਲਈ ਅਪੀਲ ਕਰਕੇ ਆਏ ਹਨ। ਉਨ੍ਹਾਂ ਕਾਰੋਬਾਰੀ ਹੋਰ ਦੇ ਨਾਤੇ ਵੱਡੇ ਘਰਾਣਿਆਂ ਨੂੰ ਅਪੀਲ ਕੀਤੀ ਕਿ ਮੁਹਾਲੀ ਸਮੇਤ ਪੰਜਾਬ ਵਿੱਚ ਦਿਲ ਖੋਲ੍ਹ ਕੇ ਨਿਵੇਸ਼ ਕਰਨ। ‘ਆਪ’ ਵਿਧਾਇਕ ਨੇ ਕਿਹਾ ਕਿ ਕਾਰੋਬਾਰ ਅਤੇ ਰਿਹਾਇਸ਼ ਕਰਨ ਲਈ ਮੁਹਾਲੀ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਸਨਅਤੀ ਸ਼ਹਿਰ ਵਜੋਂ ਉੱਭਰ ਕੇ ਸਾਹਮਣੇ ਆਵੇਗਾ।
ਦੇਸ਼ ਦੇ ਹੁਕਮਰਾਨਾਂ ਵੱਲੋਂ ਅੰਬਾਨੀ ਤੇ ਅੰਡਾਨੀ ਨੂੰ ਵੱਡਾ ਲਾਭ ਪਹੁੰਚਣ ਬਾਰੇ ਬੋਲਦਿਆਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਹੁਤ ਜਲਦੀ ਤਰੱਕੀ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਪ੍ਰੰਤੂ ਗਲਤ ਤਰੀਕੇ ਨਾਲ ਤਰੱਕੀ ਕਰਨਾ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ੇਅਰਾਂ ਵਿੱਚ ਗੜਬੜੀ ਕਰਕੇ ਕਿਸੇ ਵਿਸ਼ੇਸ਼ ਘਰਾਣੇ ਨੂੰ ਵਿੱਤੀ ਲਾਭ ਪਹੁੰਚਾਉਣ ਦੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮੌਕੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਆਪ ਵਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਰਣਦੀਪ ਸਿੰਘ ਬੈਦਵਾਨ, ਜਸਪਾਲ ਸਿੰਘ ਮਟੌਰ, ਰਾਜੀਵ ਵਸ਼ਿਸ਼ਟ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਤਰਨਜੀਤ ਸਿੰਘ ਅਤੇ ਹੋਰ ਆਗੂ ਮੌਜੂਦ ਸਨ।