
ਕਰੋਨਾ ਮਹਾਮਾਰੀ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ
ਹਫ਼ਤੇ ਦੇ ਸਾਰੇ ਦਿਨਾਂ ਵਿੱਚ ਰਾਤ 10 ਵਜੇ ਤੱਕ ਹੋਮ ਡਿਲਵਰੀ ਦੀ ਇਜਾਜ਼ਤ ਹੋਵੇਗੀ: ਈਸ਼ਾ ਕਾਲੀਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਕਰੋਨਾ ਮਹਾਮਾਰੀ ਦੇ ਲਾਗਾਤਾਰ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਜਾਹਰ ਕਰਦੇ ਹੋਏ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਹਫ਼ਤੇ ਦੇ ਸਾਰੇ ਦਿਨਾਂ ਵਿੱਚ ਰਾਤ 10 ਵਜੇ ਤੱਕ ਹੋਮ ਡਿਲਵਰੀ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਜਾਰੀ ਕੀਤੇ ਹੁਕਮ ਉਸੇ ਤਰ੍ਹਾਂ ਜਾਰੀ ਰਹਿਣਗੇ, ਉਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਇਹ ਹੁਕਮ 15 ਜਨਵਰੀ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।
ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਕੋਵਿਡ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਵਿਰੁੱਧ ਆਫ਼ਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ 1860 ਦੇ ਸਬੰਧਤ ਉਪਬੰਧਾ ਦੇ ਤਹਿਤ ਅਪਰਾਧਿਕ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਭੀੜ-ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਘਰ ਤੋਂ ਬਾਹਰ ਜਾਣ ਸਮੇਂ ਆਪਣੇ ਮੂੰਹ ’ਤੇ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ।