
ਬਲੌਂਗੀ ਦੇ ਨਵੇਂ ਐਸਐਚਓ ਨੇ ਪੀਜੀ ਮਾਲਕਾਂ ਨਾਲ ਕੀਤੀ ਮੀਟਿੰਗ
ਕਵਿਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਬਲੌਂਗੀ ਦੇ ਥਾਣੇ ਵਿੱਚ ਆਏ ਨਵੇਂ ਐਸਐਚਓ ਪੈਰੀ ਵਿੰਕਲ ਗਰੇਵਾਲ ਨੇ ਅੱਜ ਪਿੰਡ ਬਲੌਂਗੀ ਅਤੇ ਬਲੌਂਗੀ ਕਲੋਨੀਆਂ ਵਿੱਚ ਬਣੇ ਪੀਜੀ ਮਾਲਕਾਂ ਦੇ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਐਸਐਚਓ ਨੇ ਪੀਜੀ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਬਾਹਰੋਂ ਆਏ ਲੋਕਾਂ ਜਾਂ ਵਿਦਿਆਰਥੀਆਂ ਨੂੰ ਆਪਣੇ ਪੀਜੀ ਵਿੱਚ ਰੱਖਣ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਜਾਣਕਾਰੀ ਅਤੇ ਪੁਲੀਸ ਵੈਰੀਫਿਕੇਸ਼ਨ ਦੀ ਕਾਪੀ ਲੈਣੀ ਜ਼ਰੂਰੀ ਹੈ ਤਾਂ ਜੋ ਵਾਰਦਾਤਾਂ ਹੋਣ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਦਦ ਮਿਲ ਸਕੇ।
ਥਾਣਾ ਮੁਖੀ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਵੱਲੋਂ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਪੀਜੀ ਮਾਲਕ ਕਿਸੇ ਵਿਅਕਤੀ ਨੂੰ ਆਪਣੇ ਪੀਜੀ ਦਾ ਕਮਰਾ ਕਿਰਾਏ ’ਤੇ ਦੇਣ ਤੋਂ ਪਹਿਲਾਂ ਪੁਲੀਸ ਵੈਰੀਫਿਕੇਸ਼ਨ ਜਾਂ ਉਸ ਦੇ ਜ਼ਰੂਰੀ ਦਸਤਾਵੇਜ਼ ਨਹੀਂ ਲੈਣਗੇ ਤਾਂ ਪੀਜੀ ਮਾਲਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਬਲੌਂਗੀ ਦੇ ਪੀਜੀ ਮਾਲਕਾਂ ਨੇ ਨਵੇਂ ਐਸਐਚਓ ਪੈਰੀ ਵਿੰਕਲ ਗਰੇਵਾਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪੀਜੀ ਵਿੱਚ ਕਿਸੇ ਨੂੰ ਵੀ ਬਿਨਾਂ ਪਰੂਫ਼ ਅਤੇ ਕਿਸੇ ਦੀ ਜ਼ਿੰਮੇਵਾਰੀ ਤੋਂ ਬਿਨਾਂ ਆਪਣੇ ਪੀਜੀ ਵਿੱਚ ਕਮਰਾ ਨਹੀਂ ਦਿੱਤਾ ਜਾਵੇਗਾ।