ਲੋਪੋਕੇ ਵਿੱਚ ਨਵੇਂ ਤਹਿਸੀਲ ਕੰਪਲੈਕਸ ਦਾ ਕੀਤਾ ਜਾਵੇਗਾ ਨਿਰਮਾਣ, ਹੁਸ਼ਿਆਰਪੁਰ ਵਿੱਚ ਬਣਾਈ ਜਾਵੇਗੀ ਫੂਡ ਸਟ੍ਰੀਟ

ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਵਿਕਾਸ ਪ੍ਰਾਜੈਕਟਾਂ ਨੂੰ ਮਨਜ਼ੂਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਜੂਨ:
ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੰਮ੍ਰਿਤਸਰ ਜ਼ਿਲੇ ਦੇ ਲੋਪੋਕੇ ਵਿਖੇ ਤਹਿਸੀਲ ਕੰਪਲੈਕਸ ਦੀ ਉਸਾਰੀ ਅਤੇ ਹੁਸ਼ਿਆਰਪੁਰ ਵਿੱਚ ਫੂਡ ਸਟ੍ਰੀਟ ਸਥਾਪਤ ਕਰਨ ਸਬੰਧੀ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇਣ ਦੇ ਨਾਲ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਕਾਸ ਪ੍ਰਾਜੈਕਟਾਂ ਨੂੰ ਮੰਨਜ਼ੂਰੀ ਦੇ ਦਿੱਤੀ ਹੈ।
ਉਹ ਅੱਜ ਇਥੇ ਖਾਲੀ ਸਰਕਾਰੀ ਜ਼ਮੀਨਾਂ ਦੀ ਸਰਬੋਤਮ ਵਰਤੋਂ (ਓ.ਯੂ.ਵੀ.ਜੀ.ਐਲ.) ਸਬੰਧੀ ਯੋਜਨਾ ਦੀ ਉੱਚ ਪੱਧਰੀ ਕਮੇਟੀ ਦੀ 54ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬੇ ਵਿਚ ਵਿਕਾਸ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਇਸ ਮੀਟਿੰਗ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਲੋਪੋਕੇ ਵਿਖੇ ਤਹਿਸੀਲ ਕੰਪਲੈਕਸ ਦੇ ਨਿਰਮਾਣ ਸਬੰਧੀ ਫੈਸਲਾ ਲਿਆ ਗਿਆ ਹੈ। ਇਸ ਕਮੇਟੀ ਨੇ ਜਲਦ ਹੀ ਹੁਸ਼ਿਆਰਪੁਰ ਦੇ ਨਾਲੋਨੀਆਂ ਵਿਖੇ ਫੂਡ ਸਟ੍ਰੀਟ ਦੇ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਕਰਨ ਦਾ ਫੈਸਲਾ ਵੀ ਲਿਆ ਅਤੇ ਚਾਹਵਾਨ ਵਿਅਕਤੀਆਂ ਤੋਂ ਨਵੇਂ ਵਪਾਰਕ ਸਥਾਨ ‘ਤੇ ਬੂਥਾਂ ਅਤੇ ਦੁਕਾਨਾਂ ਦੀ ਅਲਾਟਮੈਂਟ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ। ਮੁੱਖ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਾਲ ਦੇ ਅੰਤ ਤੱਕ ਨਵੀਂ ਫੂਡ ਸਟ੍ਰੀਟ ਨੂੰ ਸ਼ੁਰੂ ਕਰਨ ਲਈ ਕਿਹਾ।
ਮੀਟਿੰਗ ਵਿੱਚ ਅੰਮ੍ਰਿਤਸਰ ਨੇੜਲੇ ਇਲਾਕਾ ਨਿਵਾਸੀਆਂ ਦੀਆਂ ਜਰੂਰਤਾਂ ਦੀ ਪੂਰਤੀ ਲਈ 290 ਲੱਖ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਾਮਦਾਸ ਅਰਬਨ ਅਸਟੇਟ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਬਣਾਉਣ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ। ਕਮੇਟੀ ਵੱਲੋਂ ਫਿਰੋਜ਼ਪੁਰ ਦੇ ਪੁਰਾਣੇ ਤਹਿਸੀਲ ਕੰਪਲੈਕਸ ਨੂੰ ਵਿਕਸਤ ਕਰਨ ਨੂੰ ਵੀ ਹਰੀ ਝੰਡੀ ਦਿੱਤੀ ਗਈ।
ਚਾਰ ਬਹੁ-ਮੰਤਵੀ ਥਾਵਾਂ ਦੀ ਯੋਜਨਾ ਬਣਾਉਣ ਉਪਰੰਤ ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਰਿਹਾਇਸ਼ ਦੇ ਸਾਹਮਣੇ ਵਾਲੀ ਪੀ.ਡਬਲਯੂ.ਡੀ. ਕਲੋਨੀ ਦੀ ਜ਼ਮੀਨ ਨੂੰ ਵੇਚਣ ਦਾ ਫੈਸਲਾ ਲਿਆ ਗਿਆ।
ਮੁੱਖ ਸਕੱਤਰ ਨੇ ਪੁੱਡਾ ਅਤੇ ਹੋਰ ਵਿਕਾਸ ਅਥਾਰਟੀਆਂ ਨੂੰ ਹਦਾਇਤ ਕੀਤੀ ਕਿ ਸੰਭਾਵੀ ਖਰੀਦਦਾਰਾਂ ਨੂੰ ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਪੇਸ਼ਕਸ਼ ਕਰਨ ਲਈ ਨਿਲਾਮੀ ਦੀਆਂ ਨਿਸ਼ਚਤ ਤਰੀਕਾਂ ਵਾਲਾ ਕੈਲੰਡਰ ਬਣਾ ਕੇ ਹਰ ਮਹੀਨੇ ਓ.ਯੂ.ਵੀ.ਜੀ.ਐਲ. ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇ, ਜਿਸ ਨਾਲ ਸੂਬੇ ਵਿਚ ਵੱਧ ਮਾਲੀਆ ਇੱਕਠਾ ਕੀਤਾ ਜਾ ਸਕੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…