‘ਸਮਾਰਟ ਸਕੂਲ ਪਾਲਿਸੀ’ ਤਹਿਤ ਸਕੂਲਾਂ ਦੀ ਬਦਲੀ ਨੁਹਾਰ ਨੂੰ ਪੇਸ਼ ਕਰਦਾ ਪ੍ਰੋਗਰਾਮ ‘ਨਵੀਆਂ ਪੈੜਾਂ’

ਖਿੱਚ ਦਾ ਕੇਂਦਰ ਬਣਿਆ ਗੁਣਾਤਮਿਕ ਸਿੱਖਿਆ ਵਿੱਚ ਨਵੇਂ ਨਕਸ਼ ਉਲੀਕਦਾ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਗੁਣਾਤਮਿਕ ਸਿੱਖਿਆ ਦੇ ਟੀਚਿਆਂ ਦੀ ਪ੍ਰਾਪਤੀ ਕਰਦਾ ਹੋਇਆ ਨਿੱਤ ਦਿਨ ਨਵੇਂ ਪੂਰਨੇ ਪਾ ਰਿਹਾ ਹੈ। ਇਨ੍ਹਾਂ ਉਪਰਾਲਿਆਂ ਦੀ ਲੜੀ ਵਿੱਚ ਹਰ ਸਨਿੱਚਰਵਾਰ ਸਰਕਾਰੀ ਸਕੂਲਾਂ ਦੇ ਮੂੰਹ ਬੋਲਦੇ ਨਕਸ਼ ਉਭਾਰਦਾ ਹਫ਼ਤਾਵਾਰੀ ਪ੍ਰੋਗਰਾਮ ‘ਨਵੀਆਂ ਪੈੜਾਂ’ ਸੱਚਮੁੱਚ ਸਰਕਾਰੀ ਸਕੂਲਾਂ ਦੀ ਸਿੱਖਿਆ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਦੀ ਛਾਪ ਛੱਡ ਰਿਹਾ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਮੰਚ ਸੰਚਾਲਕ ਅਮਰਦੀਪ ਸਿੰਘ ਬਾਠ ਅਤੇ ਰਾਕੇਸ਼ ਸ਼ਰਮਾ ਡੀਐੱਸਐੱਮ ਦੀ ਲਾਜਵਾਬ ਲਫ਼ਜ਼ੀ ਪੇਸ਼ਕਾਰੀ ਨਾਲ ਹੋਈ। ਇਸ ਵਾਰ ਦਾ ਪ੍ਰੋਗਰਾਮ ਸਮਾਰਟ ਸਕੂਲ ਮੁਹਿੰਮ ਦੀ ਹਾਮੀ ਭਰਦਾ ਹੋਇਆ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਸਮਾਰਟ ਸਕੂਲਾਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਿਹਾ ਸੀ। ਇਸ ਦੌਰਾਨ ਸਾਲ 1862 ਵਿੱਚ ਸਥਾਪਿਤ ਹੋਏ ਜ਼ਿਲ੍ਹੇ ਦੇ ਵਿਰਾਸਤੀ ਸਕੂਲ ਸਸਸਸ (ਲੜਕੇ) ਅਬੋਹਰ, ਸਸਸਸ (ਲੜਕੀਆਂ) ਅਬੋਹਰ, ਸਾਲ 1913 ਵਿੱਚ ਸਥਾਪਿਤ ਪੁਰਾਤਨ ਸਕੂਲ ਸਸਸਸਸ (ਲੜਕੀਆਂ) ਫਾਜ਼ਿਲਕਾ, ਸਸਹਸ ਹੀਰਾਂ ਵਾਲੀ, ਸਸਸਸ ਨਿਹਾਲ ਖੇੜਾ ਦੀਆਂ ਗੁਣਾਤਮਿਕ ਸਿੱਖਿਆ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਵੋਕੇਸ਼ਨਲ ਲੈਬਾਟਰੀਆਂ, ਖੂਬਸੂਰਤ ਸਿੱਖਿਆ ਪਾਰਕ, ਸਮਾਰਟ ਜਮਾਤ ਕਮਰੇ, ਆਕਰਸ਼ਕ ਫਰਨੀਚਰ, ਸੰਗੀਤ ਲੈਬਾਟਰੀਆਂ, ਖੇਡ ਮੈਦਾਨ, ਐੱਨਸੀਸੀ ਦੀ ਖੂਬਸੂਰਤ ਵੀਡੀਓਗ੍ਰਾਫੀ ਕਾਬਲ-ਏ-ਤਾਰੀਫ਼ ਸੀ।
ਸਕੂਲ ਮੁਖੀਆਂ ਵੱਲੋਂ ਆਪਣੇ-ਆਪਣੇ ਸਕੂਲਾਂ ਦੀਆਂ ਸਰਬਪੱਖੀ ਵਿਕਾਸ ਦੀਆਂ ਕਹਾਣੀਆਂ ਵੀ ਬਿਆਨ ਕੀਤੀਆਂ ਗਈਆਂ। ਇਸ ਤੋਂ ਬਾਅਦ ਬਿਲਕੁਲ ਬਾਰਡਰ ਅਤੇ ਦਰਿਆ ਦੇ ਪਰਲੇ ਪਾਰ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨੱਥਾ ਸਿੰਘ ਦੀ ਆਕਰਸ਼ਕ ਇਮਾਰਤ, ਸਮਾਰਟ ਜਮਾਤਾਂ, ਸਿੱਖਿਆ ਪਾਰਕਾਂ, ਸਿੱਖਿਆ ਲੈਬਾਟਰੀਆਂ ਅਤੇ ਪੜ੍ਹਾਈ ਦੀ ਗੁਣਵੱਤਾ ਬਾਰੇ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਜਾਣਕਾਰੀ ਦਿੱਤੀ।
ਅੰਤ ਵਿੱਚ ਪੰਜਾਬ ਦੇ ਨਾਮਵਾਰ ਸਕੂਲਾਂ ਦੀ ਸ਼੍ਰੇਣੀ ਵਿੱਚ ਸ਼ੁਮਾਰ ਪੰਜਾਬ ਦੇ ਪਹਿਲੇ ਪੂਰਨ ਤੌਰ ’ਤੇ ਏਸੀ ਦੀ ਸਹੂਲਤ ਨਾਲ ਲੈੱਸ ਅਤੇ ਹਰ ਖੇਤਰ ਵਿੱਚ ਚਾਨਣ ਬਿਖੇਰਦੇ ਸਕੂਲ ਚੰਨਣਵਾਲਾ ਦੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਦੀ ਅਤੇ ਹਾਈਟੈੱਕ ਸਹੂਲਤਾਂ ਵਾਲੀ ਇਮਾਰਤ, ਸੋਹਣੇ ਪਾਰਕ, ਸਮਾਰਟ ਕਲਾਸਰੂਮ ਅਤੇ ਵਿਦਿਆਰਥੀਆਂ ਦੀ ਸੱਭਿਆਚਾਰਕ ਪੇਸ਼ਕਾਰੀ ਦੀ ਤਸਵੀਰ ਦੇਖਣ ਨੂੰ ਮਿਲੀ।
ਡਾ. ਲਵਜੀਤ ਸਿੰਘ ਗਰੇਵਾਲ ਸਕੂਲ ਮੁਖੀ ਨੇ ਸਕੂਲ ਦੇ ਵਿਕਾਸ ਦੀ 100 ਦਿਨਾਂ ਦੀ ਕਹਾਣੀ ਦਰਸ਼ਕਾਂ ਨਾਲ ਸਾਂਝੀ ਕੀਤੀ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰੀ ਸਕੂਲਾਂ ਦੀ ਸਮਾਰਟ ਗੁਣਾਤਮਿਕ ਸਿੱਖਿਆ ਅਤੇ ਮਿਹਨਤੀ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ। ਸਰਹੱਦੀ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਇੰਗਲਿਸ਼ ਬੂਸਟਰ ਕਲੱਬ ਅਧੀਨ ਅੰਗਰੇਜ਼ੀ ਵਾਰਤਾਲਾਪ, ਸੱਭਿਆਚਾਰਕ ਲੋਕਗੀਤ, ਲੋਕਨਾਚ, ਲੈਬਾਟਰੀਆਂ ਵਿੱਚ ਵਿਗਿਆਨਕ ਤਜ਼ਰਬੇ, ਸੰਗੀਤਕ ਸਾਜ਼ਾਂ ਦੀ ਪੇਸ਼ਕਾਰੀ, ਖੇਡਾਂ ਅਤੇ ਕਰਾਟੇ ਦੀਆਂ ਵਿਲੱਖਣ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…