
ਪਿੰਡ ਦਾਊਂ ਵਿੱਚ ਜਲਦੀ ਹੀ ਲਗਾਇਆ ਜਾਵੇਗਾ ਪਾਣੀ ਦਾ ਨਵਾਂ ਟਿਊਬਵੈੱਲ: ਕੁਲਵੰਤ ਸਿੰਘ
ਮੁਹਾਲੀ ਹਲਕੇ ਦੇ 72 ਪਿੰਡਾਂ ਵਿੱਚ ਸੀਵਰੇਜ ਲਾਈਨ ਪਾਉਣ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਪੰਜਾਬ ਦੀ ਆਪ ਸਰਕਾਰ ਵੱਲੋਂ ਮੁਹਾਲੀ ਹਲਕੇ ਦੇ 72 ਪਿੰਡਾਂ ਵਿੱਚ ਸੀਵਰੇਜ ਲਾਈਨ ਪਾਈ ਜਾਵੇਗੀ। ਇਸ ਸਬੰਧੀ ਜਲਦੀ ਹੀ ਕਾਰਜ ਯੋਜਨਾ ਬਣਾਈ ਜਾਵੇਗੀ। ਇਹ ਐਲਾਨ ਆਪ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਵਿੱਚ ਲੋਕਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਪਿੰਡ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਦਾਊਂ ਵਿੱਚ ਛੇਤੀ ਹੀ ਇਕ ਹੋਰ ਨਵਾਂ ਟਿਊਬਵੈੱਲ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣਾਂ ਸਮੇਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਪੜਾਅਵਾਰ ਇਕ ਤੋਂ ਬਾਅਦ ਇਕ ਪੂਰਾ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕਾਰਵਾਈ ਦਾ ਅਰੰਭ ਦਿੱਤੀ ਹੈ ਅਤੇ ਸਰਕਾਰੀ ਵਿਭਾਗਾਂ ਵਿੱਚ 25 ਹਜ਼ਾਰ ਤੋਂ ਵੱਧ ਖਾਲੀ ਪਈਆਂ ਅਸਾਮੀਆਂ ਵਿਰੁੱਧ ਨਵੀਂ ਭਰਤੀ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ 1 ਜੁਲਾਈ ਤੋਂ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣਾ ਫੈਸਲਾ ਕੀਤਾ ਹੈ ਅਤੇ ਅੌਰਤਾਂ ਨੂੰ ਹਜ਼ਾਰ ਰੁਪਏ ਦੇਣ ਦੀ ਖ਼ੁਸ਼ਖ਼ਬਰੀ ਵੀ ਜਲਦੀ ਸੁਣਨ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਰਕਾਰ ਸਮੇਂ ਸਿਆਸੀ, ਰਸੂਖਵਾਨਾਂ ਅਤੇ ਉੱਚ ਅਧਿਕਾਰੀਆਂ ਦੇ ਗੱਠਜੋੜ ਵੱਲੋਂ ਸ਼ਾਮਲਾਤ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸਿਆਸੀ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਲੀਜ਼ ’ਤੇ ਲਈਆਂ ਸ਼ਾਮਲਾਤ ਜ਼ਮੀਨਾਂ ਵੀ ਛੁਡਵਾਈਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ, ਟਰੇਡ ਯੂਨੀਅਨ ਦੇ ਆਗੂ ਹਰਬੰਸ ਸਿੰਘ ਬਾਗੜੀ, ਕਿਸਾਨ ਆਗੂ ਗੁਰਨਾਮ ਸਿੰਘ, ਸਾਬਕਾ ਸਰਪੰਚ ਜਗਦੀਸ ਸਿੰਘ ਨੇ ਕੁਲਵੰਤ ਸਿੰਘ ਦਾ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਪਿੰਡ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਆਪ ਆਗੂ ਪ੍ਰਭਜੋਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ। ਪਿੰਡ ਦੇ ਸਰਪੰਚ ਅਜਮੇਰ ਸਿੰਘ, ਪੰਚ ਹਰਵਿੰਦਰ ਸਿੰਘ ਰਾਜੂ ਨੇ ਪਿੰਡ ਵਿੱਚ ਨਵੇਂ ਟਿਊਬਵੈੱਲ ਲਗਾਉਣ ਲਈ ਜ਼ਮੀਨ ਦੇਣ, ਸ਼ਾਮਲਾਤ ਜ਼ਮੀਨ ਵਿੱਚ ਖੇਡ ਗਰਾਉਂਡ ਬਣਾਉਣ ਅਤੇ ਪਿੰਡ ਦਾਊਂ ਲਈ ਨੈਸ਼ਨਲ ਹਾਈਵੇਅ ਤੋਂ ਸਿੱਧਾ ਰਸਤਾ ਦਿਵਾਉਣ ਦੀ ਅਪੀਲ ਕੀਤੀ। ਗਰੀਨ ਐਨਕਲੇਵ ਦਾਊਂ ਦੀ ਪੰਚਾਇਤ ਨੇ ਵੀ ਵਿਧਾਇਕ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਆਪ ਦੇ ਸਰਕਲ ਪ੍ਰਧਾਨ ਅਮਿਤ ਵਰਮਾ, ਬਲਾਕ ਪ੍ਰਧਾਨ ਰਾਜੇਸ਼ ਰਾਣਾ, ਸਾਬਕਾ ਪੰਚ ਗਿਆਨ ਸਿੰਘ, ਗੁਰਮਿੰਦਰ ਸਿੰਘ ਅਤੇ ਦਰਸ਼ਨ ਸਿੰਘ ਹਾਜ਼ਰ ਸਨ।