nabaz-e-punjab.com

ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਪੰਜਾਬੀ ਵਿਦਿਅਰਥੀਆਂ ਦੀ ਸਹੂਲਤ ਲਈ ਨਵਾਂ ਵੈਬ ਪੋਰਟਲ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਜਨਵਰੀ:
ਵਿਦੇਸ਼ਾਂ ਵਿੱਚ ਉੱਚ ਪੜ੍ਹਾਈ ਕਰਨ ਦੀ ਚਾਹਤ ਰੱਖਣ ਵਾਲੇ ਪੰਜਾਬੀ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਨਵਾਂ ਵੈਬ ਪੋਰਟਲ ਸ਼ੁਰੂ ਕੀਤਾ ਗਿਆ ਹੈ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਜ਼ਾਅਲੀ ਏਜੰਟਾਂ/ਸਲਾਹਕਾਰਾਂ ਦੇ ਸ਼ੋਸਣ ਹੱਥੋਂ ਬਚਾਏਗਾ। Punjabvisahub.com ਨਾਂ ਦਾ ਵੈਬ ਪੋਰਟਲ ਵਿਦਿਆਰਥੀਆਂ ਨੂੰ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਵੇਗਾ ਅਤੇ ਉਨ੍ਹਾਂ ਦੀ ਅਗਵਾਈ ਕਰੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬ੍ਰਿਗੇਡੀਅਰ (ਰਿਟਾਇਰਡ) ਸੀ.ਐਸ ਹਰੀਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਵੀਂ ਵੈਬਸਾਈਟ ਬਾਰੇ ਜਾਣੂ ਕਰਵਾਇਆ ਜੋ ਪੰਜਾਬੀ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਵੈਬ ਪੋਰਟਲ ਤੋਂ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਬਾਰੇ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਮਿਲੇਗੀ। ਇਸ ਵਿੱਚ ਦੁਨੀਆ ਭਰ ਦੇ ਕਾਲਜਾਂ/ਯੂਨੀਵਰਸਿਟੀਆਂ ਦੀ ਰੇਟਿੰਗ ਅਤੇ ਫੀਸ ਢਾਂਚੇ ਬਾਰੇ ਵੀ ਸੂਚਨਾ ਉਪਲਬਧ ਹੋਵੇਗੀ।
ਮੁੱਖ ਮੰਤਰੀ ਨੇ ਬ੍ਰਿਗੇਡੀਅਰ ਹਰੀਕਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਇਹ ਵੈਬਸਾਈਟ ਉਹਨਾਂ ਨੌਜਵਾਨਾਂ ਨੂੰ ਅਗਵਾਈ ਦੇਵੇਗੀ ਜੋ ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਜਾਂ ਨੌਕਰੀ ਕਰਨ ਦੀ ਇੱਛਾ ਰੱਖਦੇ ਹਨ। ਬ੍ਰਿਗੇਡੀਅਰ ਹਰੀਕਾ ਨੇ ਖੁਲਾਸਾ ਕੀਤਾ ਕਿ ਸੂਬੇ ਵਿੱਚ ਕਰੀਬ 25,000 ਟ੍ਰੈਵਲ ਏਜੰਟ/ਏਜੰਸੀਆਂ ਹਨ ਜੋ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਬਾਰੇ ਸਲਾਹ ਮੁਹੱਈਆ ਕਰਾਉਂਦੀਆਂ ਹਨ ਪਰ ਇਨ੍ਹਾਂ ਵਿਚੋਂ ਸਿਰਫ 5000 ਨੇ ਹੀ ਆਪਣੇ ਆਪ ਨੂੰ ਰਾਜ ਸਰਕਾਰ ਨਾਲ ਰਜਿਸਟਰਡ ਕਰਾਇਆ ਹੈ। ਵਿਦੇਸ਼ਾਂ ਵਿੱਚ ਜਾਣ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਵੈਬਸਾਈਟ ’ਤੇ ਆਪਣੇ ਸਵਾਲ ਉਠਾ ਸਕਦੇ ਹਨ ਜਿਨ੍ਹਾਂ ਦਾ ਤੁਰੰਤ ਮਾਹਿਰਾਂ ਵੱਲੋਂ ਜਵਾਬ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਇਸ ਵਿਚ ਸਰਕਾਰ ਦੇ ਪ੍ਰਵਾਨਿਤ ਏਜੰਟਾਂ/ਏਜੰਸੀਆਂ ਦੀ ਸੂਚੀ ਹੋਵੇਗੀ ਅਤੇ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਇਸ ਪਲੇਟਫਾਰਮ ’ਤੇ ਵੀ ਸਾਂਝੀਆਂ ਕਰ ਸਕਦੇ ਹਨ ਜਿਸ ਨੂੰ ਜਾਂਚ ਲਈ ਅਤੇ ਲੋੜੀਂਦੀ ਕਾਰਵਾਈ ਲਈ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਜਾਵੇਗਾ। ਇਹ ਪੋਰਟਲ ਪੰਜਾਬ ਦੇ ਲੋਕਾਂ ਨੂੰ ਸੇਧ ਦੇਵੇਗਾ ਅਤੇ ਇਸ ਬਾਰੇ ਅਣਅਧਿਕਾਰਤ ਏਜੰਟਾਂ ਅਤੇ ਝੂਠੇ ਇਸਤਿਹਾਰਾਂ ਦੁਆਰਾ ਉਨ੍ਹਾਂ ਨੂੰ ਧੋਖਾ ਦੇਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਠੱਲ੍ਹ ਪਾਵੇਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਵੀਜ਼ਾ ਹੱਬ ਕੋਈ ਪਲੇਸਮੈਂਟ ਏਜੰਸੀ ਨਹੀਂ ਹੈ ਪਰ ਇਹ ਵਿਦੇਸ਼ਾਂ ਦੇ ਕਾਲਜਾਂ/ਯੂਨੀਵਰਸਿਟੀਆਂ ਦੇ ਵਧੀਆ ਵੇਰਵੇ ਪ੍ਰਦਾਨ ਕਰਨ ਵਾਲਾ ਇਕ ਮੰਚ ਹੈ। ਜਿਸ ’ਤੇ ਪਾਠਕ੍ਰਮ ਅਤੇ ਹੋਰ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ। ਕੋਈ ਵੀ ਉਮੀਦਵਾਰ ਇਸ ’ਤੇ ਆਪਣੇ ਸਵਾਲ ਉਠਾ ਸਕਦਾ ਹੈ। ਉਸ ਦੀ ਇਸ ਸਬੰਧ ਵਿੱਚ ਪੂਰੀ ਸੰਤੁਸ਼ਟੀ ਕਰਾਈ ਜਾਵੇਗੀ। ਇਹ ਪੋਰਟਲ ਪਹਿਲਾਂ ਹੀ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਤੋਂ ਸੁਝਾਅ ਮੰਗੇਗਾ ਅਤੇ ਉਨ੍ਹਾਂ ਦੀ ਸਾਰੀ ਜਾਣਕਾਰੀ ਲਈ ਵੈਬਸਾਈਟ ਤੇ ਪੋਸਟ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…