
ਨਵੇਂ ਵਰ੍ਹੇ ਦਾ ਤੋਹਫ਼ਾ: ਸਿੱਖਿਆ ਬੋਰਡ ਦੇ ਮੁਲਾਜ਼ਮਾਂ ਲਈ ਬੱਸ ਸਰਵਿਸ ਮੁੜ ਸ਼ੁਰੂ
ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਕਰਮਚਾਰੀ ਮੰਗਾਂ ਬਾਰੇ ਬੋਰਡ ਮੁਖੀ ਨਾਲ ਕੀਤੀ ਵਿਚਾਰ ਚਰਚਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਅੱਜ ਬੋਰਡ ਦੇ ਮੁਲਾਜ਼ਮਾਂ ਨੂੰ ਨਵੇਂ ਵਰ੍ਹੇ ਦਾ ਤੋਹਫ਼ਾ ਦਿੰਦਿਆਂ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਮੁਲਾਜ਼ਮ ਬੱਸ ਸਰਵਿਸ ਦੁਬਾਰਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਮੁਲਾਜ਼ਮ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮਹੀਨਾਵਾਰ ਰਸਾਲਿਆਂ ਪ੍ਰਾਇਮਰੀ ਸਿੱਖਿਆ ਅਤੇ ਪੰਖੜੀਆਂ ਦਾ ਵਿਸ਼ੇਸ਼ ਅੰਕ ਕਹਾਣੀ ਸੰਗ੍ਰਹਿ ਸਮੇਤ ਕਰਮਚਾਰੀ ਐਸੋਸੀਏਸ਼ਨ ਦਾ ਨਵੇਂ ਸਾਲ 2021 ਦਾ ਕਲੰਡਰ, ਅਨੁਸੂਚਿਤ ਜਾਤੀ ਕਰਮਚਾਰੀ ਭਲਾਈ ਐਸੋਸੀਏਸ਼ਨ ਅਤੇ ਡੇਲੀਵੇਜ ਕਰਮਚਾਰੀ ਯੂਨੀਅਨ ਦੇ ਨਵੇਂ ਸਾਲ ਦੇ ਕਲੰਡਰ ਰਿਲੀਜ਼ ਕੀਤੇ ਗਏ।
ਸੰਪਾਦਕ ਦਰਸ਼ਨ ਸਿੰਘ ਬਨੂੜ ਨੇ ਨਵੇਂ ਸਾਲ ਦੇ ਮੌਕੇ ’ਤੇ ਤਿਆਰ ਕਰਵਾਏ ਗਏ ਰਸਾਲਿਆਂ ਪ੍ਰਾਇਮਰੀ ਸਿੱਖਿਆ ਅਤੇ ਪੰਖੜੀਆਂ ਦੇ ਵਿਸ਼ੇਸ਼ ਅੰਕ, ਕਹਾਣੀ ਸੰਗ੍ਰਹਿ ਨੂੰ ਵੀ ਰਿਲੀਜ਼ ਕੀਤਾ ਗਿਆ। ਨਵੇਂ ਸਾਲ ਵਿੱਚ ਛਪੇ ਪੰਖੜੀਆਂ ਰਸਾਲੇ ਵਿੱਚ ਪਹਿਲੀ ਵਾਰ ਉਚੇਚੇ ਤੌਰ ’ਤੇ ਕਹਾਣੀ ਲੇਖਕਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਅਤੇ ਕਹਾਣੀਕਾਰਾਂ ਵਿਚਾਲੇ ਜਾਣ ਪਛਾਣ ਤੇ ਸਾਂਝ ਬਰਕਰਾਰ ਰਹਿ ਸਕੇ।
ਪ੍ਰੋ. ਯੋਗਰਾਜ ਨੇ ਕਿਹਾ ਕਿ ਤਿੰਨਾਂ ਜਥੇਬੰਦੀਆਂ ਦੇ ਕਲੰਡਰਾਂ ਵਿੱਚ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਹੋਣ ਵਾਲੀਆਂ ਜਨਤਕ ਅਤੇ ਰਾਖਵੀਆਂ ਛੁੱਟੀਆਂ ਦੇ ਵੇਰਵੇ ਦਿੱਤੇ ਗਏ ਹਨ। ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਨਵੇਂ ਸਾਲ ਦੇ ਮੌਕੇ ’ਤੇ ਸਮੂਹ ਅਧਿਕਾਰੀਆਂ ਤੇ ਦਫ਼ਤਰੀ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਵੀ ਨਵੇਂ ਸਾਲ ਦੇ ਸ਼ੁੱਭ ਅਵਸਰ ’ਤੇ ਮੁਲਾਜ਼ਮਾਂ ਨਾਲ ਸਬੰਧਤ ਕਈ ਅਹਿਮ ਮਸਲਿਆਂ ’ਤੇ ਚਰਚਾ ਕੀਤੀ। ਅਨੁਸੂਚਿਤ ਜਾਤੀ ਕਰਮਚਾਰੀ ਭਲਾਈ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਅਤੇ ਡੇਲੀਵੇਜ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਰਾਜ ਕੁਮਾਰ ਨੇ ਵੀ ਕਈ ਪੈਂਡਿੰਗ ਪਏ ਮੁਲਾਜ਼ਮ ਮੁੱਦਿਆਂ ’ਤੇ ਚਰਚਾ ਕਰਦਿਆਂ ਉਨ੍ਹਾਂ ਨੂੰ ਨਵੇਂ ਸਾਲ ਅੰਦਰ ਪੂਰੇ ਕਰਨ ਦੀ ਗੁਹਾਰ ਲਗਾਈ।
ਇਸ ਮੌਕੇ ਉਪ ਸਕੱਤਰ ਗੁਰਤੇਜ ਸਿੰਘ, ਮਨਮੀਤ ਸਿੰਘ ਭੱਠਲ, ਕਰਮਚਾਰੀ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੁਖਚੈਨ ਸਿੰਘ ਸੈਣੀ, ਪਰਮਜੀਤ ਸਿੰਘ, ਸਤਨਾਮ ਸਿੰਘ ਸਮੇਤ ਅਨੁਸੂਚਿਤ ਜਾਤੀ ਕਰਮਚਾਰੀ ਭਲਾਈ ਐਸੋਸੀਏਸ਼ਨ ਦੇ ਅਮਰਜੀਤ ਸਿੰਘ, ਡੇਲੀਵੇਜ ਕਰਮਚਾਰੀ ਯੂਨੀਅਨ ਦੇ ਇੰਦਰਜੀਤ ਸਿੰਘ ਤੇ ਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।