ਨਵੇਂ ਸਾਲ ਦਾ ਤੋਹਫ਼ਾ: ਮੁਹਾਲੀ ਜ਼ਿਲ੍ਹੇ ਨੂੰ ਮਿਲੇ 14 ਹੋਰ ਨਵੇਂ ਪਟਵਾਰੀ

ਡੀਸੀ ਨੇ ਨਵੇਂ ਪਟਵਾਰੀਆਂ ਦਾ ਸਵਾਗਤ ਕੀਤਾ, ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ

ਨਵਾਂ ਸਟਾਫ਼ ਮਿਲਣ ਨਾਲ ਮੁਹਾਲੀ ਜ਼ਿਲ੍ਹੇ ਵਿੱਚ ਮਾਲ ਵਿਭਾਗ ਦੇ ਕੰਮ ’ਚ ਤੇਜ਼ੀ ਆਵੇਗੀ

ਨਬਜ਼-ਏ-ਪੰਜਾਬ, ਮੁਹਾਲੀ, 2 ਜਨਵਰੀ:
ਮਾਲ ਵਿਭਾਗ ਨਾਲ ਸਬੰਧਤ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਅੱਜ ਮੁਹਾਲੀ ਜ਼ਿਲ੍ਹੇ ਵਿੱਚ 14 ਨਵੇਂ ਮਾਲ ਪਟਵਾਰੀ ਸ਼ਾਮਲ ਕੀਤੇ ਗਏ ਹਨ। ਜਿਸ ਨਾਲ ਪਟਵਾਰੀਆਂ ਦੀ ਕੁੱਲ ਗਿਣਤੀ ਵਧ ਕੇ 111 ਹੋ ਗਈ ਹੈ। ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਦੀਆਂ ਮਾਲ ਸੇਵਾਵਾਂ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਪਟਵਾਰੀਆਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੂਰੀ ਲਗਨ, ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਆ ਗਿਆ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 136 ਰੈਵੀਨਿਊ ਪਟਵਾਰੀ ਫੀਲਡ ਅਤੇ 5 ਜ਼ਿਲ੍ਹਾ ਹੈੱਡ ਕੁਆਰਟਰ ’ਤੇ ਤਾਇਨਾਤ ਹਨ। ਇਨ੍ਹਾਂ 14 ਨਵੇਂ ਪਟਵਾਰੀਆਂ ਦੇ ਸ਼ਾਮਲ ਹੋਣ ਨਾਲ ਹੁਣ ਇਹ ਗਿਣਤੀ ਵੱਧ ਕੇ 111 ਹੋ ਗਈ ਹੈ ਜੋ ਕਿ ਜ਼ਿਲ੍ਹੇ ਵਿੱਚ ਮਾਲ ਵਿਭਾਗ ਦੀਆਂ ਸੇਵਾਵਾਂ ਚਲਾਉਣ ਲਈ ਕਾਫ਼ੀ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ 85 ਰੈਗੂਲਰ ਅਤੇ 12 ਮੁੜ-ਰੁਜ਼ਗਾਰ (ਠੇਕੇ ਉੱਤੇ) ਮਾਲ ਪਟਵਾਰੀ ਕੰਮ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਨਵੇਂ ਪਟਵਾਰੀਆਂ ਨੂੰ ਦੋ-ਦੋ ਮਾਲ ਪਟਵਾਰ ਸਰਕਲਾਂ ਦਾ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਨਵੇਂ ਪਟਵਾਰੀਆਂ ਦੇ ਆਉਣ ਨਾਲ ਆਮ ਲੋਕਾਂ ਨੂੰ ਯਕੀਨੀ ਤੌਰ ’ਤੇ ਸਹੂਲਤ ਮਿਲੇਗੀ ਅਤੇ ਬਕਾਇਆ ਕੰਮਾਂ ਨੂੰ ਨਿਪਟਾਉਣ ਵਿੱਚ ਮਦਦ ਮਿਲੇਗੀ, ਜਿਸ ਨਾਲ ਜ਼ਿਲ੍ਹੇ ਅੰਦਰ ਮਾਲ ਦਫ਼ਤਰਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਜਿਵੇਂ ਕਿ ਮਾਲ ਰਿਕਾਰਡ ਸਬ ਰਜਿਸਟਰਾਰ ਅਤੇ ਤਹਿਸੀਲ ਦਫ਼ਤਰਾਂ ਨਾਲ ਸਬੰਧਤ ਸਾਰੇ ਕੰਮਾਂ ਵਿੱਚ ਮਦਦ ਕਰਦਾ ਹੈ, ਇਸ ਲਈ ਨਵੇਂ ਪਟਵਾਰੀ ਆਪਣੇ ਕੰਮ ਸਮੇਂ ਸਿਰ ਨਿਪਟਾ ਕੇ ਆਮ ਲੋਕਾਂ ਦੀ ਤਕਲੀਫ਼ ਨੂੰ ਘੱਟ ਕਰਨਗੇ।
ਉਨ੍ਹਾਂ ਨਵੇਂ ਪਟਵਾਰੀਆਂ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਦੀ ਹਦਾਇਤਾਂ ਦਿੰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਸੂਰਤ ਵਿੱਚ ਸਬੰਧਤ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਟਵਾਰੀਆਂ ਨੂੰ ਜ਼ਿਆਦਾਤਰ ਨਾਗਰਿਕ ਕੇਂਦਰਿਤ ਸੇਵਾਵਾਂ ਬਾਰੇ ਰਿਪੋਰਟ ਕਰਨੀ ਪੈਂਦੀ ਹੈ, ਇਸ ਲਈ ਉਨ੍ਹਾਂ ਨੂੰ ਸੇਵਾਵਾਂ ਦੀ ਸਪਲਾਈ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਧੇਰੇ ਸਟੀਕਤਾ ਨਾਲ ਕੰਮ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …