
ਗੰਦੇ ਨਾਲੇ ਦੇ ਕੰਢੇ ਝਾੜੀਆਂ ’ਚੋਂ ਮਿਲੀ ਨਵਜੰਮੀ ਬੱਚੀ, ਅਣਪਛਾਤੇ ਮਾਪਿਆਂ ਖ਼ਿਲਾਫ਼ ਕੇਸ ਦਰਜ
ਸਰਕਾਰੀ ਹਸਪਤਾਲ ਫੇਜ਼-6 ਵਿੱਚ ਨਰਸਾਂ ਕਰ ਰਹੀਆਂ ਨੇ ਨਵਜੰਮੀ ਬੱਚੀ ਦੀ ਦੇਖਭਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਮੁਹਾਲੀ ਸ਼ਹਿਰ ’ਚੋਂ ਲੰਘਦੇ ਗੰਦੇ ਪਾਣੀ ਦੇ ਨਾਲੇ ਦੇ ਕੰਢੇ ਝਾੜੀਆਂ ’ਚੋਂ ਪੁਲੀਸ ਨੂੰ ਇਕ ਨਵਜੰਮੀ ਬੱਚੀ ਮਿਲੀ ਹੈ। ਜਿਸ ਨੂੰ ਮਰਨ ਲਈ ਕੋਈ ਵਿਅਕਤੀ ਝਾੜੀਆਂ ਵਿੱਚ ਇਸ ਕਦਰ ਸੁੱਟ ਕੇ ਫਰਾਰ ਹੋ ਗਿਆ ਤਾਂ ਜੋ ਇਹ ਬੱਚੀ ਖ਼ੁਦ ਹੀ ਰੁੜ ਕੇ ਨਾਲੇ ਵਿੱਚ ਚਲੀ ਜਾਵੇ ਅਤੇ ਉਸ ਦੇ ਬਾਰੇ ਕਿਸੇ ਨੂੰ ਕੁੱਝ ਪਤਾ ਵੀ ਨਾ ਲੱਗ ਸਕੇ। ਪ੍ਰੰਤੂ ਇਸ ਬੱਚੀ ’ਤੇ ਗੁਰਬਾਣੀ ਦੀ ਇਹ ਤੁਕ ਹੂਬਹੂ ਢੁਕਦੀ ਹੈ ਕਿ ‘‘ਜਿਸ ਦਾ ਸਾਹਿਬੁ ਡਾਢਾ ਹੋਇ, ਤਿਸ ਨੋ ਮਾਰ ਨਾ ਸਾਕੈ ਕੋਇ’’। ਪੁਲੀਸ ਨੂੰ ਇਸ ਘਟਨਾ ਦੀ ਜਾਣਕਾਰੀ ਰਾਹਗੀਰਾਂ ਨੇ ਫੋਨ ’ਤੇ ਦਿੱਤੀ ਅਤੇ ਸੂਚਨਾ ਮਿਲਦੇ ਹੀ ਫੇਜ਼-11 ਥਾਣਾ ਦੇ ਐਸਐਚਓ ਜਗਦੀਪ ਸਿੰਘ ਬਰਾੜ ਅਤੇ ਤਫ਼ਤੀਸ਼ੀ ਅਫ਼ਸਰ ਏਐਸਆਈ ਨਿਰਮਲ ਸਿੰਘ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਨਵਜੰਮੀ ਬੱਚੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲੀਸ ਮੌਕੇ ’ਤੇ ਪਹੁੰਚੀ ਤਾਂ ਉੱਥੇ ਦੋ ਅੌਰਤਾਂ ਅਤੇ ਕੁੱਝ ਹੋਰ ਵਿਅਕਤੀ ਇਸ ਬੱਚੀ ਨੂੰ ਸੰਭਾਲ ਰਹੇ ਸੀ। ਇਹ ਬੱਚੀ ਫਿਰੋਜ਼ੀ ਰੰਗੀ ਦੀ ਚੱਡੀ ਵਿੱਚ ਸੀ। ਪੁਲੀਸ ਦੀ ਜਾਣਕਾਰੀ ਮੁਤਾਬਕ ਇਹ ਬੱਚੀ ਮਹਿਜ਼ 10 ਕੁ ਦਿਨਾਂ ਦੀ ਜਾਪਦੀ ਹੈ। ਪੁਲੀਸ ਤੁਰੰਤ ਇਸ ਬੱਚੀ ਨੂੰ ਸ਼ਹਿਰ ਦੇ ਇਕ ਨੇੜਲੇ ਨਿੱਜੀ ਹਸਪਤਾਲ ਵਿੱਚ ਲੈ ਕੇ ਪਹੁੰਚੀ ਅਤੇ ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਫੇਜ਼-6 ਵਿੱਚ ਭੇਜ ਦਿੱਤਾ। ਜਿੱਥੇ ਜੱਚਾ-ਬੱਚਾ ਹਸਪਤਾਲ ਵਿੱਚ ਨਰਸਾਂ ਵੱਲੋਂ ਇਸ ਮਾਸੂਮ ਬੱਚੀ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਉਧਰ, ਇਸ ਮਾਸੂਮ ਬੱਚੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ ਪੁਲੀਸ ਨੇ ਸ਼ਹਿਰ ਅਤੇ ਆਸਪਾਸ ਇਲਾਕੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਿਛਲੇ 10-12 ਦਿਨਾਂ ਦੇ ਵਿੱਚ ਕਿਹੜੇ ਹਸਪਤਾਲਾਂ ਵਿੱਚ ਕਿੰਨੀਆਂ ਡਲਿਵਰੀਆਂ ਹੋਈਆਂ ਹਨ ਅਤੇ ਸਬੰਧਤ ਅੌਰਤਾਂ ਕਿੱਥੋਂ ਦੀਆਂ ਰਹਿਣ ਵਾਲੀਆਂ ਸਨ ਤਾਂ ਜੋ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੀ ਪੈੜ ਨੱਪੀ ਜਾ ਸਕੇ। ਉਂਜ ਇਸ ਸਬੰਧੀ ਪੁਲੀਸ ਨੇ ਅਣਪਛਾਤੇ ਮਾਂ-ਬਾਪ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਮੁੱਚੇ ਘਟਨਾਕ੍ਰਮ ਦੀ ਜਾਣਕਾਰੀ ਉੱਚ ਅਧਿਕਾਰੀਆਂ ਸਮੇਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੀ ਹੈ।