
ਮੁਹਾਲੀ ਦਾ ਅਗਲਾ ਮੇਅਰ ਆਜ਼ਾਦ ਗਰੁੱਪ ਦਾ ਹੀ ਬਣੇਗਾ: ਕੁਲਵੰਤ ਸਿੰਘ
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੋਲਿੰਗ ਬੂਥ ’ਤੇ ਜਾ ਕੇ ਪਾਈ ਵੋਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਨੇ ਅੱਜ ਇੱਥੋਂ ਦੇ ਸੈਕਟਰ-71 ਸਥਿਤ ਕਮਿਊਨਿਟੀ ਸੈਂਟਰ ਵਿੱਚ ਬਣੇ ਪੋਲਿੰਗ ਬੂਥ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੋਟ ਪਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਿਕਾਸ ਦੇ ਨਾਂ ’ਤੇ ਚੋਣ ਲੜੀ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਮੁਹਾਲੀ ਦੇ ਸਰਬਪੱਖੀ ਵਿਕਾਸ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਆਜ਼ਾਦ ਗਰੁੱਪ ਦੇ ਹੱਕ ਵਿੱਚ ਫਤਵਾ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਅਤੇ ਡਾ. ਅੰਬੇਦਕਰ ਮੈਮੋਰੀਅਲ ਟਰੱਸਟ ਸਮੇਤ ਮੁਲਾਜ਼ਮ ਵਰਗ ਵੱਲੋਂ ਆਜ਼ਾਦ ਗਰੁੱਪ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਦੇ ਗਰੁੱਪ ਦੀ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੁਹਾਲੀ ਦਾ ਅਗਲਾ ਮੇਅਰ ਵੀ ਆਜ਼ਾਦ ਗਰੁੱਪ ਦਾ ਹੀ ਬਣੇਗਾ।
ਸਾਬਕਾ ਮੇਅਰ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਨੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਪੱਖੋਂ ਮੁਹਾਲੀ ਨੂੰ ਦੁਨੀਆ ਦੇ ਨਕਸ਼ੇ ’ਤੇ ਲਿਆਂਦਾ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸਾਬਕਾ ਮੇਅਰ ਨੇ ਅੱਜ ਨਗਰ ਨਿਗਮ ਚੋਣਾਂ ਦੌਰਾਨ ਮੁਹਾਲੀ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸ਼ਹਿਰ ਵਾਸੀਆਂ ਦੇ ਨਾਲ ਨਾਲ ਆਪਣੇ ਗਰੁੱਪ ਦੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮੁਹਾਲੀ ਸਿਵਲ ਤੇ ਪੁਲੀਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ। ਜਿਨ੍ਹਾਂ ਨੇ ਪੂਰੀ ਮੂਸਤੈਦੀ ਦਿਖਾਉਂਦੇ ਹੋਏ ਪੁਰਅਮਨ ਅਮਾਨ ਨਾਲ ਚੋਣ ਪ੍ਰਕਿਰਿਆ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਗਿਆ।