ਐਨਆਈਏ ਅਦਾਲਤ ਨੇ ਨਿਹੰਗ ਸਿੰਘ ਸਣੇ ਛੇ ਜਣਿਆਂ ਨੂੰ ਉਮਰ ਕੈਦ, ਤਿੰਨ ਨੂੰ 10-10 ਸਾਲ ਦੀ ਸਜ਼ਾ
ਪਾਕਿਸਤਾਨ ਤੋਂ ਡਰੋਨ ਰਾਹੀਂ ਅਸਲਾ ਤੇ ਗੋਲਾ ਬਰੂਦ ਮੰਗਵਾਉਣ ਦਾ ਮਾਮਲਾ
ਸੁਪਰੀਮ ਕੋਰਟ ਦੇ ਹੁਕਮਾਂ ’ਤੇ ਮੁਹਾਲੀ ਅਦਾਲਤ ਵਿੱਚ ਫਾਸਟ ਟਰੈਕ ’ਤੇ ਹੋਈ ਕੇਸ ਦੀ ਸੁਣਵਾਈ
ਮੁਹਾਲੀ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਨੌਤੀ ਦੇਵਾਂਗੇ: ਵਕੀਲ ਜਸਪਾਲ ਸਿੰਘ ਮੰਝਪੁਰ
ਨਬਜ਼-ਏ-ਪੰਜਾਬ, ਮੁਹਾਲੀ, 11 ਮਾਰਚ:
ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਾਜਾਇਜ਼ ਅਸਲਾ ਅਤੇ ਗੋਲਾ ਬਰੂਦ ਮੰਗਵਾਉਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਜਾਅਲੀ ਕਰੰਸੀ ਮਾਮਲੇ ਦਾ ਨਿਬੇੜਾ ਕਰਦਿਆਂ ਇੱਕ ਨਿਹੰਗ ਸਿੰਘ ਸਮੇਤ ਛੇ ਜਣਿਆਂ ਨੂੰ ਉਮਰ ਕੈਦ ਅਤੇ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਹੋਰ ਦੋਸ਼ੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਨਿਹੰਗ ਬਾਬਾ ਮਾਨ ਸਿੰਘ ਵਾਸੀ ਗੁਰਦਾਸਪੁਰ, ਬਾਬਾ ਬਲਵੰਤ ਸਿੰਘ ਵਾਸੀ ਚੋਹਲਾ ਸਾਹਿਬ (ਤਰਨਤਾਰਨ), ਗੁਰਦੇਵ ਸਿੰਘ ਝੱਜਾ (ਹੁਸ਼ਿਆਰਪੁਰ), ਬਾਬਾ ਬਲਬੀਰ ਸਿੰਘ ਵਾਸੀ ਟਾਂਡਾ (ਹੁਸ਼ਿਆਰਪੁਰ), ਹਰਭਜਨ ਸਿੰਘ ਅਤੇ ਆਕਾਸ਼ਦੀਪ ਸਿੰਘ ਵਾਸੀ ਤਰਨਤਾਰਨ ਨੂੰ ਅਸਲਾ ਐਕਟ, ਜਾਅਲੀ ਕਰੰਸੀ ਦੀ ਧਾਰਾ 489, ਧਾਰਾ 121-ਏ, 122, ਯੂਏਪੀਏ ਵਿੱਚ ਉਮਰ ਕੈਦ ਅਤੇ
ਸਾਜਨਦੀਪ ਸਿੰਘ, ਰੋਮਨਦੀਪ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ ਧਾਰਾ ਧਾਰਾ 121-ਏ, 122 ਵਿੱਚ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਕਤ ਸਾਰੇ ਦੋਸ਼ੀ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ ਅਤੇ ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ ਅਤੇ ਸਾਰੇ ਦੋਸ਼ੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ।
ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਬਾਬਾ ਬਲਬੀਰ ਸਿੰਘ, ਬਾਬਾ ਬਲਵੰਤ ਸਿੰਘ, ਹਰਭਜਨ ਸਿੰਘ, ਆਕਾਸ਼ਦੀਪ ਸਿੰਘ ਅਤੇ ਗੁਰਦੇਵ ਸਿੰਘ ਝੱਜਾ ਨੂੰ 22 ਸਤੰਬਰ 2019 ਨੂੰ ਚੋਹਲਾ ਸਾਹਿਬ (ਤਰਨਤਾਰਨ) ਸੜਕ ’ਤੇ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ’ਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਾਜਾਇਜ਼ ਅਸਲਾ ਅਤੇ ਗੋਲਾ ਬਰੂਦ ਮੰਗਵਾਉਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਲੱਖਾਂ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕਰਨ ਦਾ ਦੋਸ਼ ਹੈ। ਹਾਲਾਂਕਿ ਗੁਰਦੇਵ ਸਿੰਘ ਦੇ ਹੱਕ ਵਿੱਚ ਪਿੰਡ ਦੀ ਪੰਚਾਇਤ ਨੇ ਹਲਫ਼ਨਾਮਾ ਵੀ ਦਾਇਰ ਕੀਤਾ ਸੀ ਪ੍ਰੰਤੂ ਪੁਲੀਸ ਦਾ ਕਹਿਣਾ ਸੀ ਕਿ ਉਸ ਕੋਲੋਂ ਤਿੰਨ ਰੁਪਏ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ ਅਤੇ ਉਹ ਵੀ ਬਾਕੀ ਦੋਸ਼ੀਆਂ ਦੀ ਸਾਜ਼ਿਸ਼ ਵਿੱਚ ਬਰਾਬਰ ਦਾ ਭਾਗੀਦਾਰ ਸੀ।
ਜਦੋਂਕਿ ਨਿਹੰਗ ਮਾਨ ਸਿੰਘ ਨੂੰ ਪਹਿਲਾਂ ਹੀ ਕਿਸੇ ਹੋਰ ਮਾਮਲੇ ਵਿੱਚ ਜੇਲ੍ਹ ਵਿੱਚ ਸੀ, ਉਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਪੁਲੀਸ ਵੱਲੋਂ ਉਕਤ ਵਿਅਕਤੀਆਂ ਕੋਲੋਂ 5 ਏਕੇ-47 ਰਾਈਫਲਾਂ, ਗੋਲੀ ਸਿੱਕਾ, ਪੰਜ ਪਿਸਤੌਲ, 9 ਹੱਥ ਗੋਲੇ ਅਤੇ 10 ਲੱਖ ਰੁਪਏ ਜਾਅਲੀ ਕਰੰਸੀ ਬਰਾਮਦ ਕਰਨ ਦੀ ਗੱਲ ਕਹੀ ਗਈ। ਬਾਅਦ ਵਿੱਚ ਜਸ਼ਨਪ੍ਰੀਤ ਸਿੰਘ, ਰੋਮਨਪ੍ਰੀਤ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੁੱਝ ਸਮੇਂ ਬਾਅਦ 1 ਅਕਤੂਬਰ 2019 ਨੂੰ ਇਸ ਮਾਮਲੇ ਦੀ ਪੜਤਾਲ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਆਪਣੇ ਹੱਥਾਂ ਵਿੱਚ ਲੈ ਲਈ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਐਨਆਈਏ ਅਦਾਲਤ ਵਿੱਚ ਚੱਲ ਰਹੀ ਸੀ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਮੁਹਾਲੀ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ’ਤੇ ਹੋਈ। ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਛੇ ਦੋਸ਼ੀਆਂ ਨੂੰ ਉਮਰ ਕੈਦ ਅਤੇ ਤਿੰਨ ਦੋਸ਼ੀਆਂ 10-10 ਸਾਲ ਦੀ ਸਜ਼ਾ ਸੁਣਾਈ ਗਈ।
ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਐਨਆਈਏ ਅਦਾਲਤ ਦੇ ਤਾਜ਼ਾ ਫ਼ੈਸਲੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਮੁਹਾਲੀ ਅਦਾਲਤ ਦੇ ਇਸ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਨੌਤੀ ਦੇਣਗੇ। ਉਨ੍ਹਾਂ ਕਿਹਾ ਕਿ ਅਦਾਲਤ ਨੇ ਉਸ ਦੇ ਮੁਵਕਿਲਾਂ ਦਾ ਪੱਖ ਹੀ ਨਹੀਂ ਸੁਣਿਆ। ਜਾਂਚ ਏਜੰਸੀ ਅਤੇ ਜੇਲ੍ਹ ਸਟਾਫ਼ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਟਰਾਇਲ ਦੌਰਾਨ ਅਦਾਲਤ ਵਿੱਚ ਪੇਸ਼ ਹੀ ਨਹੀਂ ਕੀਤਾ ਗਿਆ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਗਵਾਹੀ ਦੌਰਾਨ ਜੇਲ੍ਹ ਸੁਪਰਡੈਂਟ ਨੇ ਆਪਣੇ ਬਿਆਨਾਂ ਵਿੱਚ ਸਪੱਸ਼ਟ ਕੀਤਾ ਸੀ ਕਿ ਨਿਹੰਗ ਮਾਨ ਸਿੰਘ, ਆਕਾਸ਼ਦੀਪ ਸਿੰਘ ਅਤੇ ਗੁਰਦੇਵ ਸਿੰਘ ਕਦੇ ਵੀ ਜੇਲ੍ਹ ਦੀ ਇੱਕ ਬੈਰਕ ਵਿੱਚ ਇਕੱਠੇ ਨਹੀਂ ਰਹੇ। ਜਦੋਂਕਿ ਜਾਂਚ ਏਜੰਸੀ ਦਾ ਕਹਿਣਾ ਸੀ ਕਿ ਨਿਹੰਗ ਮਾਨ ਸਿੰਘ ਨੇ ਜੇਲ੍ਹ ਵਿੱਚ ਬੈਠ ਕੇ ਸਾਥੀਆਂ ਨਾਲ ਮਿਲ ਕੇ ਦੇਸ਼ ਅਤੇ ਸੂਬੇ ਦੇ ਹਾਲਾਤ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਹਿਲੂ ਅਣਛੋਹੇ ਰਹਿ ਗਏ ਹਨ। ਲਿਹਾਜ਼ਾ ਇਨਸਾਫ਼ ਲਈ ਉਹ ਜਲਦ ਹੀ ਹਾਈ ਕੋਰਟ ਦਾ ਬੂਹਾ ਖੜਕਾਉਣਗੇ।