Nabaz-e-punjab.com

ਐਨਆਈਏ ਨੇ ਬੁੜੈਲ ਜੇਲ੍ਹ ਦੇ ਅੰਦਰ ਖੋਲ੍ਹਿਆ ਚਾਰ ਸੂਬਿਆਂ ਦਾ ਨਵਾਂ ਜ਼ੋਨਲ ਦਫ਼ਤਰ

ਐਨਆਈਏ ਦੇ ਡੀਜੀਪੀ ਯੋਗੇਸ਼ ਚੰਦਰ ਮੋਦੀ ਕਰਨਗੇ ਰਸਮੀ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮੁਹਾਲੀ, 26 ਦਸੰਬਰ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਚਾਰ ਸੂਬਿਆਂ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ) ਦਾ ਸਾਂਝਾ ਜ਼ੋਨਲ ਦਫ਼ਤਰ ਖੋਲ੍ਹਿਆ ਗਿਆ ਹੈ। ਸੁਰੱਖਿਆ ਪ੍ਰਬੰਧਾਂ ਕਾਰਨ ਇਹ ਦਫ਼ਤਰ ਬੁੜੈਲ ਜੇਲ੍ਹ ਦੇ ਅੰਦਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਇਮਾਰਤ ਨੂੰ ਕਮਿਊਨਿਟੀ ਸੈਂਟਰ ਵਜੋਂ ਵਰਤਿਆਂ ਜਾਂਦਾ ਸੀ। ਨਵੇਂ ਦਫ਼ਤਰ ਦਾ ਰਸਮੀ ਉਦਘਾਟਨ ਭਲਕੇ 27 ਦਸੰਬਰ ਨੂੰ ਐਨਆਈਏ ਦੇ ਡੀਜੀਪੀ ਯੋਗੇਸ਼ ਚੰਦਰ ਮੋਦੀ ਸਵੇਰੇ 11 ਵਜੇ ਕਰਨਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਮਾਗਮ ਵਿੱਚ ਚਾਰੇ ਸੂਬਿਆਂ ਨਾਲ ਸਬੰਧਤ ਐਨਆਈਏ ਦੇ ਜਾਂਚ ਅਧਿਕਾਰੀ, ਵਕੀਲ ਅਤੇ ਸਿਰਫ਼ ਚੋਣਵੇਂ ਮਹਿਮਾਨ ਹੀ ਸੱਦੇ ਗਏ ਹਨ। ਨਵੇਂ ਦਫ਼ਤਰ ਤੋਂ ਲੈ ਕੇ ਬੁੜੈਲ ਜੇਲ੍ਹ ਦੇ ਬਾਹਰ ਤੱਕ ਰੰਗ ਬਿਰੰਗੇ ਝੰਡੇ ਲਗਾਏ ਗਏ ਹਨ ਅਤੇ ਦਫ਼ਤਰੀ ਇਮਾਰਤ ਨੂੰ ਵੀ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ।
ਇਸ ਤੋਂ ਪਹਿਲਾਂ ਅਪਰਾਧਿਕ ਮਾਮਲਿਆਂ ਸਬੰਧੀ ਐਨਆਈਏ ਦੇ ਮੁੱਖ ਦਫ਼ਤਰ ਨਵੀਂ ਦਿੱਲੀ ਜਾਂ ਜੰਮੂ ਸਥਿਤ ਜ਼ੋਨਲ ਦਫ਼ਤਰ ਨਾਲ ਰਾਬਤਾ ਕਾਇਮ ਕਰਨਾ ਪੈਂਦਾ ਸੀ। ਇਸ ਨਵੇਂ ਦਫ਼ਤਰ ਵਿੱਚ 40 ਕਰਮਚਾਰੀਆਂ ਦਾ ਸਟਾਫ਼ ਹੋਵੇਗਾ ਅਤੇ ਐਸਪੀ ਰੈਂਕ ਦੀ ਆਈਪੀਐਸ ਅਧਿਕਾਰੀ ਜਿਆ ਰੋਆਏ ਨਵੇਂ ਦਫ਼ਤਰ ਦੀ ਇੰਚਾਰਜ ਹੋਵੇਗੀ। ਡੀਐਸਪੀ ਜੈ ਰਾਜ ਬਾਜੀਆ ਸਮੇਤ ਕਈ ਇੰਸਪੈਕਟਰ, ਸਬ ਇੰਸਪੈਕਟਰ, ਹੌਲਦਾਰ ਤੇ ਸਿਪਾਹੀ ਸ਼ਾਮਲ ਹਨ।
ਇਸ ਸਮੇਂ ਐਨਆਈਏ ਦੇ ਮੁਹਾਲੀ ਅਦਾਲਤ ਵਿੱਚ ਪਠਾਨਕੋਟ ਏਅਰਬੇਸ ਅਤਿਵਾਦੀ ਹਮਲਾ, ਆਰਐਸਐਸ ਦੇ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਕਤਲ, ਪਾਕ ਡਰੋਨ, ਸਰਹੱਦੋਂ ਪਾਰ ਤੋਂ ਬਹੁ ਕਰੋੜੀ ਹੈਰੋਇਨ ਤਸਕਰੀ, ਹਿੰਦੂ ਆਗੂਆਂ ਦੇ ਕਤਲ, ਜਲੰਧਰ ਦੇ ਮਕਸੂਦਾਂ ਥਾਣੇ ’ਤੇ ਗਰਨੇਡ ਹਮਲਾ, ਤਰਨ ਤਾਰਨ ਦੇ ਪਿੰਡ ਪੰਡੋਰੀ ਕਲਾਂ ਬੰਬ ਧਮਾਕਾ ਅਤੇ ਜਾਨਲੇਵਾ ਹਮਲਿਆਂ ਸਮੇਤ ਬੱਬਰ ਖਾਲਸਾ ਦੇ ਖਾੜਕੂ ਗਤੀਵਿਧੀਆਂ ਦੇ ਕੇਸ ਚੱਲ ਰਹੇ ਹਨ। ਇਨ੍ਹਾਂ ਕੇਸਾਂ ਦੀ ਪੈਰਵੀ ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਕਰ ਰਹੇ ਹਨ। ਪੰਚਕੂਲਾ ਅਦਾਲਤ ਵਿੱਚ 1 ਕਰੋੜ 20 ਲੱਖ ਦੀ ਜਾਅਲੀ ਕਰੰਸੀ ਅਤੇ ਜਹਾਜ ਨੂੰ ਹਾਈਜੈੱਕ ਕਰਨ ਦਾ ਕੇਸ ਚੱਲ ਰਿਹਾ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਵੀ ਐਨਆਈਏ ਦੀ ਵਿਸ਼ੇਸ਼ ਅਦਾਲਤ ਹੈ ਪ੍ਰੰਤੂ ਫਿਲਹਾਲ ਇੱਥੇ ਐਨਆਈਏ ਦਾ ਕੋਈ ਕੇਸ ਨਹੀਂ ਚੱਲ ਰਿਹਾ ਹੈ। ਉਂਜ ਪੂਰੇ ਉੱਤਰ ਭਾਰਤ ਵਿੱਚ ਐਨਆਈਏ ਤਕਰੀਬਨ 250 ਤੋਂ 300 ਮਾਮਲਿਆਂ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…