nabaz-e-punjab.com

ਐਨਆਈਏ ਵੱਲੋਂ 50 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ, ਵਕੀਲਾਂ ਦੇ ਘਰ ਵੀ ਪਹੁੰਚੀ ਐਨਆਈਏ ਟੀਮ

ਮੁਹਾਲੀ ਸਮੇਤ ਹੋਰ ਅਦਾਲਤਾਂ ਵਿੱਚ ਗੈਂਗਸਟਰਾਂ ਦੇ ਕੇਸ ਲੜਨ ਵਾਲੇ ਵਕੀਲਾਂ ’ਤੇ ਵੀ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਕੌਮੀ ਜਾਂਚ ਏਜੰਸੀ (ਐੱਨਆਈਏ) ਦੀਆਂ ਵੱਖ-ਵੱਖ ਟੀਮਾਂ ਨੇ ਮੰਗਲਵਾਰ ਨੂੰ ਮੁਹਾਲੀ ਸਮੇਤ ਗੁਆਂਢੀ ਸੂਬਿਆਂ ਚੰਡੀਗੜ੍ਹ, ਦਿੱਲੀ, ਹਰਿਆਣਾ, ਰਾਜਸਥਾਨ ਵਿੱਚ 50 ਤੋਂ ਵੱਧ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਉਭਰ ਰਹੇ ਗੱਠਜੋੜ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਕੀਤੀ ਗਈ ਹੈ। ਉਧਰ, ਮੁਹਾਲੀ ਸਮੇਤ ਹੋਰ ਅਦਾਲਤਾਂ ਵਿੱਚ ਗੈਂਗਸਟਰਾਂ ਅਤੇ ਖਾੜਕੂਆਂ ਦੇ ਕੇਸ ਲੜਨ ਵਾਲੇ ਵਕੀਲਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਐਨਆਈਏ ਦੀ ਇੱਕ ਟੀਮ ਨੇ ਅੱਜ ਮਟੌਰ ਪੁਲੀਸ ਨੂੰ ਨਾਲ ਲੈ ਕੇ ਮੁਹਾਲੀ ਦੇ ਸੈਕਟਰ-71 ਵਿੱਚ ਵੀ ਦਸਤਕ ਦਿੱਤੀ। ਉਸ ਸਮੇਂ ਮਕਾਨ ਮਾਲਕ ਅਤੇ ਕਿਰਾਏਦਾਰ ਘਰ ਮੌਜੂਦ ਨਹੀਂ ਸੀ। ਉਕਤ ਮਕਾਨ ਵਿੱਚ ਸੁਖਵਿੰਦਰ ਸਿੰਘ ਨਾਂ ਦਾ ਨੌਜਵਾਨ ਰਹਿੰਦਾ ਸੀ ਪਰ ਹੁਣ ਉਹ ਮਕਾਨ ਛੱਡ ਕੇ ਸੈਕਟਰ-88 ਵਿੱਚ ਚਲਾ ਗਿਆ ਹੈ। ਮਕਾਨ ਮਾਲਕ ਪਿੰਡ ਗਿਆ ਹੋਇਆ ਦੱਸਿਆ ਗਿਆ ਹੈ। ਐਨਆਈਏ ਨੇ ਛਾਪੇਮਾਰੀ ਦੌਰਾਨ ਬਾਕੀ ਕਿਰਾਏਦਾਰਾਂ ਦੇ ਮੋਬਾਈਲ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਪ੍ਰੰਤੂ ਵਾਪਸ ਜਾਣ ਸਮੇਂ ਕਿਰਾਏਦਾਰਾਂ ਨੂੰ ਮੋਬਾਈਲ ਵਾਪਸ ਕਰ ਦਿੱਤੇ ਗਏ। ਇਸ ਮਗਰੋਂ ਐਨਆਈਏ ਦੀ ਟੀਮ ਸੋਹਾਣਾ ਥਾਣਾ ਦੇ ਸਬ ਇੰਸਪੈਕਟਰ ਨੈਬ ਸਿੰਘ ਨੂੰ ਲੈ ਕੇ ਸੈਕਟਰ-88 ਵਿੱਚ ਪਹੁੰਚੀ ਅਤੇ ਛਾਣਬੀਣ ਕੀਤੀ।
ਇੰਜ ਹੀ ਐਨਆਈਏ ਦੀ ਟੀਮ ਨੇ ਅੱਜ ਸਵੇਰੇ ਕਰੀਬ 6 ਵਜੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕੇਸ ਲੜ ਰਹੀ ਐਡਵੋਕੇਟ ਸ਼ੈਲੀ ਸ਼ਰਮਾ ਦੇ ਘਰ ਪਹੁੰਚੀ ਅਤੇ ਮਹਿਲਾ ਵਕੀਲ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ ਗਈ। ਸ਼ੈਲੀ ਸ਼ਰਮਾ ਚੰਡੀਗੜ੍ਹ ਦੇ ਸੈਕਟਰ-27 ਵਿੱਚ ਰਹਿੰਦੀ ਹੈ। ਐਨਆਈਏ ਦੀ ਟੀਮ ਵਕੀਲ ਦਾ ਲੈਪਟਾਪ, ਮੋਬਾਈਲ ਫੋਨ ਅਤੇ ਕੇਸ ਨਾਲ ਸਬੰਧਤ ਅਹਿਮ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ। ਜਿਸ ਦਾ ਵਕੀਲ ਭਾਈਚਾਰੇ ਨੇ ਗੰਭੀਰ ਨੋਟਿਸ ਲਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਐਨਆਈਏ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਅੱਜ ਅਦਾਲਤੀ ਕੰਮਕਾਜ ਠੱਪ ਕਰਕੇ ਕੌਮੀ ਜਾਂਚ ਏਜੰਸੀ ਵਿਰੁੱਧ ਰੋਸ ਵਿਖਾਵਾ ਕੀਤਾ। ਵਕੀਲਾਂ ਨੇ ਕਿਹਾ ਕਿ ਐਨਆਈਏ ਕੀ ਕੋਈ ਵੀ ਜਾਂਚ ਏਜੰਸੀ ਕਿਸੇ ਵਕੀਲ ਤੋਂ ਧੱਕੇਸ਼ਾਹੀ ਨਾਲ ਕੋਈ ਦਸਤਾਵੇਜ਼ ਨਹੀਂ ਲੈ ਸਕਦੀ। ਵੈਸੇ ਵੀ ਜਦੋਂ ਇੱਕ ਵਕੀਲ ਕੇਸ ਵਿਸ਼ੇਸ਼ ਵਿਅਕਤੀ ਜਾਂ ਮੁਲਜ਼ਮ ਦਾ ਕੇਸ ਲੜਦਾ ਹੈ ਤਾਂ ਵਕੀਲ ਦੀ ਉਸ ਨਾਲ ਗੱਲ ਹੋਣੀ ਸੁਭਾਵਿਕ ਹੈ।
ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਜਾਂਚ ਏਜੰਸੀ ਨੇ ਡਰੋਨ ਡਿਲੀਵਰੀ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਸਮੇਤ ਕਈ ਥਾਵਾਂ ’ਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਐਨਆਈਏ ਮੁਤਾਬਕ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਿਛਲੇ ਨੌਂ ਮਹੀਨਿਆਂ ਵਿੱਚ ਗੁਆਂਢੀ ਮੁਲਕ ਪਾਕਿਸਤਾਨ ਤੋਂ ਕਰੀਬ 200 ਡਰੋਨ ਆਏ ਹਨ। ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਇਹ ਬਹੁਤ ਚਿੰਤਾਜਨਕ ਵਾਲੀ ਗੱਲ ਹੈ।
ਉਧਰ, ਐਨਆਈਏ ਨੇ ਕਬੱਡੀ ਪ੍ਰਮੋਟਰਜ਼ ਜੱਗਾ ਜੰਡੀਆਂ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਇੰਜ ਹੀ ਗੈਂਗਸਟਰ ਝੱਜਰ (ਹਰਿਆਣਾ) ਵਿਖੇ ਗੈਂਗਸਟਰ ਨਰੇਸ਼ ਸੇਠੀ ਦੇ ਘਰ ਛਾਪੇਮਾਰੀ ਕੀਤੀ ਗਈ। ਜਾਂਚ ਏਜੰਸੀ ਨੇ ਸੇਠੀ ਦੀ ਜਾਇਦਾਦ ਅਤੇ ਬੈਂਕ ਡਿਟੇਲ ਦੀ ਛਾਣਬੀਣ ਕੀਤੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਐਨਆਈਏ ਟੀਮ ਸੇਠੀ ਦੇ ਘਰ ਕਰੀਬ ਪੰਜ ਘੰਟੇ ਰਹੀ। ਹੱਤਿਆ, ਫਿਰੌਤੀ ਸਮੇਤ ਕਈ ਸੰਗੀਨ ਮਾਮਲਿਆਂ ਵਿੱਚ ਗੈਂਗਸਟਰ ਸੇਠੀ ਨਾਮਜ਼ਦ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰਾਂ ਨਾਲ ਵੀ ਨਰੇਸ਼ ਸੇਠੀ ਦਾ ਨਾਮ ਜੁੜਿਆ ਹੈ। ਨਵੀਨ ਬਾਲੀ ਅਤੇ ਰਾਹੁਲ ਕਾਲਾ ਦੇ ਘਰਾਂ ਵਿੱਚ ਵੀ ਐਨਆਈਏ ਨੇ ਦਸਤਕ ਦਿੱਤੀ ਹੈ। ਇਹ ਦੋਵੇਂ ਗੈਂਗਸਟਰ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…