Nabaz-e-punjab.com

ਹੈਰੋਇਨ ਤਸਕਰੀ ਮਾਮਲੇ ਵਿੱਚ ਐਨਆਈਏ ਦੇ ਸੀਨੀਅਰ ਪੀਪੀ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ, ਏਜੰਸੀਆਂ ਚੌਕਸ

ਕਿਹਾ ਹੈਰੋਇਨ ਤਸਕਰੀ ਮਾਮਲੇ ਦੀ ਪੈਰਵੀ ਤੋਂ ਪਾਸੇ ਹਟੋ, ਧਮਕੀ ਦੇਣ ਵਾਲੇ ਵਸਟਐਪ ’ਤੇ ਕੀਤੀ ਕਾਲ

ਸੀਨੀਅਰ ਪੀਪੀ ਸੁਰਿੰਦਰ ਸਿੰਘ ਨੇ ਐਨਆਈਏ ਹੈੱਡ ਕੁਆਰਟਰ ਤੇ ਆਈਜੀ ਨੂੰ ਦਿੱਤੀ ਇਤਲਾਹ

ਪੰਜਾਬ ਵਿੱਚ ਹਿੰਦੂ ਆਗੂਆਂ ਦੇ ਕਤਲ ਅਤੇ ਜਾਨਲੇਵਾ ਮਾਮਲਿਆਂ ਬਾਰੇ ਵੀ ਖਾੜਕੂਆਂ ਨੇ ਦਿੱਤੀ ਸੀ ਧਮਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਪੰਜਾਬ ਦੇ ਬਹੁਤ ਚਰਚਿਤ ਹੈਰੋਇਨ ਮਾਮਲੇ ਵਿੱਚ ਪਾਕਿਸਤਾਨ ਦੇ ਡਰੱਗ ਤਸਕਰਾਂ ਨੇ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਦੇ ਸੀਨੀਅਰ ਪੀਪੀ ਸੁਰਿੰਦਰ ਸਿੰਘ ਨੂੰ ਡਰਾਉਣ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਐਨਆਈਏ ਦੇ ਸੀਨੀਅਰ ਵਕੀਲ ਨੂੰ ਵਸਟਐਪ ’ਤੇ ਫੋਨ ਕਰਕੇ ਧਮਕਾਇਆ ਗਿਆ ਹੈ। ਇਸ ਤੋਂ ਪਹਿਲਾਂ ਹਿੰਦੂ ਆਗੂਆਂ ਦੀ ਹੱਤਿਆ ਅਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਵਿੱਚ ਖਾੜਕੂ ਕਾਰਕੁਨਾਂ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਨੂੰ ਧਮਕਾਇਆ ਗਿਆ ਸੀ। ਇਸ ਘਟਨਾਕ੍ਰਮ ਤੋਂ ਬਾਅਦ ਦੇਸ਼ ਭਰ ਵਿੱਚ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਖ਼ੁਫ਼ੀਆ ਵਿੰਗ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਬਹੁ ਕਰੋੜੀ ਹੈਰੋਇਨ ਤਸਕਰੀ ਦੀ ਮਾਮਲੇ ਵਿੱਚ ਨਾਮਜ਼ਦ ਕਈ ਮੁਲਜ਼ਮਾਂ ਦੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਤਾਰ ਜੁੜੇ ਹੋਣ ਕਾਰਨ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਦੀ ਪੜਤਾਲ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਨੂੰ ਸੌਂਪੀ ਗਈ ਸੀ। ਇੰਝ ਹੀ ਪੰਜਾਬ ਵਿੱਚ ਹਿੰਦੂ ਆਗੂਆਂ ਦੀ ਮੌਤ ਅਤੇ ਜਾਨਲੇਵਾ ਹਮਲਿਆਂ ਦੇ ਮਾਮਲਿਆਂ ਦੀ ਜਾਂਚ ਵੀ ਐਨਆਈਏ ਦੇ ਸਪੁਰਦ ਕੀਤੀ ਗਈ ਹੈ। ਇਨ੍ਹਾਂ ਮਾਮਲਿਆਂ ਦੀ ਸੁਣਵਾਈ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਚਲ ਰਹੀ ਹੈ।
ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਹੈਰੋਇਨ ਤਸਕਰੀ ਮਾਮਲੇ ਵਿੱਚ ਪਾਕਿਸਤਾਨ ’ਚੋਂ ਕਿਸੇ ਨੇ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ ਉੱਤੇ ਵਸਟਐਪ ’ਤੇ ਕਾਲ ਕਰਕੇ ਧਮਕਾਇਆ ਗਿਆ ਹੈ। ਫੋਨ ’ਤੇ ਗੱਲ ਕਰਨ ਵਾਲਾ ਪੰਜਾਬੀ ਬੋਲਦਾ ਸੀ। ਉਸ ਦਾ ਕਹਿਣਾ ਸੀ ਕਿ ਉਹ ਹੈਰੋਇਨ ਤਸਕਰੀ ਮਾਮਲੇ ਦੀ ਅਦਾਲਤ ਵਿੱਚ ਠੋਸ ਪੈਰਵੀ ਕਰਨ ਤੋਂ ਲਾਂਭੇ ਹੋ ਜਾਵੇ, ਵਰਨਾ ਉਸ ਨੂੰ ਗੰਭੀਰ ਸਿੱਟੇ ਭੁਗਤਨੇ ਪੈ ਸਕਦੇ ਹਨ। ਇਸ ਸਬੰਧੀ ਉਨ੍ਹਾਂ ਨੇ ਐਨਆਈਏ ਦੇ ਮੁੱਖ ਦਫ਼ਤਰ ਅਤੇ ਆਈਜੀ ਨੂੰ ਧਮਕੀ ਭਰੇ ਫੋਨ ਬਾਰੇ ਇਤਲਾਹ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਹਿੰਦੂ ਆਗੂਆਂ ਦੇ ਕਤਲ ਅਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਵਿੱਚ ਵੀ ਡਰਾਇਆ ਧਮਕਾਇਆ ਜਾਂਦਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਵੱਲੋਂ 5836 ਕਿੱਲੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ 532 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਦੋ ਕਸ਼ਮੀਰੀ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 2600 ਕਰੋੜ ਰੁਪਏ ਦੱਸੀ ਗਈ ਹੈ। ਦੱਸਿਆ ਗਿਆ ਹੈ ਕਿ ਏਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਪਾਕਿਸਤਾਨ ਤੋਂ ਅਟਾਰੀ ਬਾਰਡਰ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ। ਇਹ ਨਸ਼ੀਲੇ ਪਦਾਰਥ ਇਕ ਟਰੱਕ ਵਿੱਚ ਬੈਗਾਂ ਦੇ ਥੱਲੇ ਛੁਪਾ ਕੇ ਰੱਖੇ ਹੋਏ ਸੀ।
ਐਨਆਈਏ ਦੀ ਜਾਂਚ ਅਨੁਸਾਰ ਇਸ ਮਾਮਲੇ ਦਾ ਮੁੱਖ ਮੁਲਜ਼ਮ ਤਾਰਿਕ ਅਹਿਮਦ ਹੰਦਵਾੜਾ (ਜੰਮੂ ਕਸ਼ਮੀਰ) ਦਾ ਵਸਨੀਕ ਹੈ। ਉਸ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਗੂੜੇ ਸਬੰਧ ਹਨ। ਜਿਨ੍ਹਾਂ ਦੀ ਮਿਲੀਭੁਗਤ ਨਾਲ ਸਰਹੱਦੋਂ ਪਾਰ ਨਸ਼ੇ ਦੀ ਸਪਲਾਈ ਹੋ ਰਹੀ ਸੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਜੋ ਪੈਸਾ ਕਮਾਇਆ ਜਾਂਦਾ ਹੈ, ਉਸ ਨੂੰ ਖਾੜਕੂ ਗਤੀਵਿਧੀਆਂ ਲਈ ਵਰਤਿਆਂ ਜਾਂਦਾ ਹੈ।
ਗੁਰਪਿੰਦਰ ਸਿੰਘ ਵਾਸੀ ਅੰਮ੍ਰਿਤਸਰ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੀਤੀ 29 ਜੂਨ ਨੂੰ ਉਸ ਸਮੇਂ ਆਪਣੀ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਉਹ ਅਟਾਰੀ ਬਾਰਡਰ ਦੇ ਰਾਹੀਂ ਟਰੱਕ ਵਿੱਚ ਸਮਾਨ ਲੈ ਕੇ ਪੰਜਾਬ ਆ ਰਿਹਾ ਸੀ ਅਤੇ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸੀ। ਪੁੱਛਗਿੱਛ ਦੌਰਾਨ ਗੁਰਪਿੰਦਰ ਦੀ ਨਿਸ਼ਾਨਦੇਹੀ ’ਤੇ ਕਸ਼ਮੀਰੀ ਨੌਜਵਾਨ ਤਾਰਿਕ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਗੁਰਪਿੰਦਰ ਸਿੰਘ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਤੋਂ ਬਾਅਦ ਇਸ ਕੇਸ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ।
ਐਨਆਈਏ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਤਰਫ਼ੋਂ ਲੂਣ ਦੀ ਆੜ ਹੈਰੋਇਨ ਸਪਲਾਈ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਲੂਣ ਦੇ ਵਪਾਰੀ ਅਜੈ ਗੁਪਤਾ ਸਮੇਤ ਜਸਵੀਰ ਸਿੰਘ, ਸੰਦੀਪ ਕੌਰ, ਅਤੇ ਨਿਰਭੈਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। (ਧੰਨਵਾਦ ਸਹਿਤ:-ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…