nabaz-e-punjab.com

ਨਸ਼ਾ ਤਸਕਰੀ ਮਾਮਲਾ: ਐਨਆਈਏ ਦੀ ਟੀਮ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਤੋਂ ਕਰੇਗੀ ਹੋਰ ਪੁੱਛਗਿੱਛ

ਐਨਆਈਏ ਦੇ ਮੁੱਖ ਜਾਂਚ ਅਧਿਕਾਰੀ ਨੇ ਮੁਹਾਲੀ ਅਦਾਲਤ ਵਿੱਚ ਦਾਇਰ ਕੀਤੀ ਸੀ ਅਰਜ਼ੀ, ਮਨਜ਼ੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਵੱਲੋਂ ਅੰਮ੍ਰਿਤਸਰ ਹੈਰੋਇਨ ਤਸਕਰੀ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਬੰਦ ਛੇ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰੇਗੀ। ਇਸ ਸਬੰਧੀ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਨੇ ਜਾਂਚ ਟੀਮ ਨੂੰ ਮੁਲਜ਼ਮਾਂ ਤੋਂ ਲੋੜੀਂਦੀ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਐਨਆਈਏ ਦੇ ਮੁੱਖ ਜਾਂਚ ਅਧਿਕਾਰੀ ਜੈਰਾਜ ਬਾਜੀਆ ਨੇ ਸਰਕਾਰੀ ਵਕੀਲ ਊਰਫੀ ਮਸੂਦ ਸਾਇਦ ਰਾਹੀਂ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਕੋਲੋਂ ਜੇਲ੍ਹ ਵਿੱਚ ਜਾ ਕੇ ਹੋਰ ਪੁੱਛਗਿੱਛ ਕਰਨ ਦੀ ਗੁਹਾਰ ਲਗਾਈ ਗਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਪੁਲੀਸ ਨੇ 31 ਮਈ 2019 ਨੂੰ ਜੱਜਬੀਰ ਸਿੰਘ ਵਾਸੀ ਏਕਲ ਗੱਡਾ (ਤਰਨ ਤਾਰਨ), ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਢੱੁਡੀਕੇ (ਮੋਗਾ) ਅਤੇ ਵਰਿੰਦਰ ਸਿੰਘ ਚਾਹਲ ਵਾਸੀ ਦੇਵੀਦਾਸਪੁਰਾ, ਜੰਡਿਆਲਾ ਗੁਰੂ (ਅੰਮ੍ਰਿਤਸਰ) ਨੂੰ ਅੱਧਾ ਕਿੱਲੋ ਹੈਰੋਇਨ ਅਤੇ 1 ਲੱਖ 20 ਹਜ਼ਾਰ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਤਰਸੀਕਾ ਥਾਣਾ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਨਿਰਮਲ ਸਿੰਘ ਉਰਫ਼ ਨੀਲਧਾਰੀ ਵਾਸੀ ਬਟਾਲਾ, ਸਤਪਾਲ ਸਿੰਘ ਵਾਸੀ ਅੰਮ੍ਰਿਤਸਰ ਅਤੇ ਹੀਰਾ ਲਾਲ ਵਾਸੀ ਅੰਮ੍ਰਿਤਸਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਾਰੇ ਮੁਲਜ਼ਮ ਜੇਲ੍ਹ ਵਿੱਚ ਬੰਦ ਹਨ। ਇਸ ਸਾਲ 20 ਜਨਵਰੀ ਨੂੰ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ। ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਣੀ ਹੈ।
ਉਧਰ, ਬਚਾਅ ਪੱਖ ਦੇ ਵਕੀਲ ਰਣਜੋਧ ਸਿੰਘ ਸਰਾਓ ਨੇ ਐਨਆਈਏ ਵੱਲੋਂ ਪੁੱਛਗਿੱਛ ਕਰਨ ਦੀ ਅਪੀਲ ਦਾ ਵਿਰੋਧ ਕਰਦਿਆਂ ਲਿਖਤੀ ਰੂਪ ਵਿੱਚ ਅਦਾਲਤ ਨੂੰ ਦੱਸਿਆ ਕਿ ਉਕਤ ਸਾਰੇ ਖ਼ਿਲਾਫ਼ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ ਅਤੇ ਦੋਸ਼ ਵੀ ਤੈਅ ਹੋ ਚੁੱਕੇ ਹਨ। ਲਿਹਾਜ਼ਾ ਸੀਆਰਪੀਸੀ ਐਕਟ ਦੇ ਤਹਿਤ ਹੁਣ ਐਨਆਈਏ ਦੀ ਜਾਂਚ ਟੀਮ ਨੂੰ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਐਨਆਈਏ ਦੀ ਅਰਜ਼ੀ ਮਨਜ਼ੂਰ ਕਰਦਿਆਂ ਜਾਂਚ ਟੀਮ ਨੂੰ ਭਲਕੇ 20 ਮਾਰਚ ਤੋਂ 25 ਮਾਰਚ ਤੱਕ ਰੋਜ਼ਾਨਾ ਦਿਨ ਵਿੱਚ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…