
ਨਿਦਾਨ ਸਿੰਘ ਤੋਂ ਬਾਅਦ ਹੋਰਨਾਂ ਅਫ਼ਗਾਨੀ ਸਿੱਖਾਂ ਨੂੰ ਵੀ ਭਾਰਤ ਲਿਆਏਗੀ ਕੇਂਦਰ ਸਰਕਾਰ: ਤੇਜਿੰਦਰ ਸਰਾਂ
ਸੀਏਏ ਦਾ ਵਿਰੋਧ ਕਰਨ ਵਾਲੀਆਂ ਰਾਜਸੀ ਪਾਰਟੀਆਂ ਨੂੰ ਹਿੰਦੂਆਂ ਤੇ ਸਿੱਖਾਂ ਦਾ ਦੁਸ਼ਮਣ ਦੱਸਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਅਫ਼ਗਾਨੀ ਸਿੱਖ ਨਿਦਾਨ ਸਿੰਘ ਪਿਛਲੇ ਦਿਨੀਂ ਭਾਰਤ ਲਿਆਉਣ ਤੋਂ ਬਾਅਦ ਭਾਜਪਾ ਨੇ ਹੁਣ ਬਾਕੀ ਰਹਿੰਦੇ 10 ਹੋਰ ਸਿੱਖਾਂ ਦੀ ਵਤਨ ਵਾਪਸੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਹ ਗੱਲ ਭਾਜਪਾ ਦੇ ਸੂਬਾ ਸਕੱਤਰ ਤੇਜਿੰਦਰ ਸਿੰਘ ਸਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਝੁੱਗੀ ਝੌਪੜੀਆਂ ਵਿੱਚ ਰਹਿੰਦੇ ਲੋੜਵੰਦ ਪਰਿਵਾਰਾਂ ਨੂੰ ਖਾਣਾ ਪਰੋਸਿਆ ਅਤੇ ਬੱਚਿਆਂ ਨੂੰ ਬਿਸਕੁਟ ਅਤੇ ਬਰੈੱਡ ਵੀ ਵੰਡੇ।
ਭਾਜਪਾ ਆਗੂ ਨੇ ਸੀਏਏ ਦਾ ਵਿਰੋਧ ਕਰਨ ਵਾਲੀਆਂ ਰਾਜਸੀ ਪਾਰਟੀਆਂ ਹਿੰਦੂਆਂ ਅਤੇ ਸਿੱਖਾਂ ਦੀ ਦੁਸ਼ਮਣ ਦੱਸਦਿਆਂ ਕਿਹਾ ਕਿ ਸਿਟੀਜ਼ਨ ਅਮੈਂਡਮੈਂਟ ਐਕਟ ਕੇਂਦਰ ਸਰਕਾਰ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਐਕਟ ਰਾਹੀਂ ਆਪਣੇ ਵਤਨ ਪਰਤਣ ਵਾਲੇ ਲੋਕਾਂ ਦਾ ਭਾਰਤ ਵਿੱਚ ਆ ਕੇ ਵਸਣ ਦਾ ਰਾਹ ਪੱਧਰਾ ਹੋਇਆ ਹੈ, ਪ੍ਰੰਤੂ ਵਿਰੋਧੀ ਸਿਆਸੀ ਪਾਰਟੀਆਂ ਇਸ ਕਾਨੂੰਨ ਦਾ ਵਿਰੋਧ ਕਰਕੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਅਤਿਵਾਦੀਆਂ ਵੱਲੋਂ ਕਾਬੁਲ ਗੁਰਦੁਆਰਾ ਸਾਹਿਬ ਵਿੱਚ ਅਤਿਵਾਦੀ ਹਮਲੇ ਵਿੱਚ 30 ਅਫ਼ਗਾਨੀ ਸਿੱਖਾਂ ਦੇ 10 ਪਰਿਵਾਰਕ ਮੈਂਬਰ ਮਾਰੇ ਗਏ ਸਨ। ਇਸ ਉਪਰੰਤ ਕਈ ਹਿੰਦੂਆਂ ਅਤੇ ਸਿੱਖਾਂ ਨੇ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਗੁਹਾਰ ਲਗਾਈ ਸੀ ਕਿ ਕੋਵਿਡ-19 ਦੇ ਖਤਰੇ ਦੇ ਬਾਵਜੂਦ ਪੀੜਤਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।