Share on Facebook Share on Twitter Share on Google+ Share on Pinterest Share on Linkedin ਨਾਈਟ ਕਲੱਬ ਕਤਲ ਕਾਂਡ: ਮੁਹਾਲੀ ਪੁਲੀਸ ਵੱਲੋਂ 12 ਘੰਟਿਆਂ ਵਿੱਚ ਮੁੱਖ ਮੁਲਜ਼ਮ ਸਣੇ ਤਿੰਨ ਨੌਜਵਾਨ ਕਾਬੂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆਂ ਪਿਸਤੌਲ ਵੀ ਬਰਾਮਦ, ਮੁਲਜ਼ਮ ਦੀ ਅੌਡੀ ਕਾਰ ਵੀ ਕੀਤੀ ਜ਼ਬਤ ਸਬੰਧਤ ਏਰੀਆ ਦੇ ਡੀਐਸਪੀ ਅਤੇ ਥਾਣਾ ਮੁਖੀ ਦੀ ਜ਼ਿੰਮੇਵਾਰੀ ਤੈਅ ਕੀਤੀ, ਕਲੱਬ ਪ੍ਰਬੰਧਕਾਂ ਖ਼ਿਲਾਫ਼ ਵੱਖਰਾ ਕੇਸ ਦਰਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ: ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼-11 ਸਥਿਤ ਨਾਈਟ ਕਲੱਬ (Walking Street Club) ਦੇ ਬਾਹਰ ਪਾਰਕਿੰਗ ਵਿੱਚ ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਵਿੱਚ ਤਾਇਨਾਤ ਪੰਜਾਬ ਪੁਲੀਸ ਦੇ ਕਮਾਂਡੋ ਸਿਪਾਹੀ ਸੁਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰਕੇ ਫਰਾਰ ਹੋਏ ਤਿੰਨਾਂ ਮੁਲਜ਼ਮਾਂ ਨੂੰ 12 ਘੰਟਿਆਂ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਹਾਲੀ ਪੁਲੀਸ ਨੇ ਹਰਿਆਣਾ ਪੁਲੀਸ ਦੀ ਮਦਦ ਨਾਲ ਮੁੱਖ ਮੁਲਜ਼ਮ ਚਰਨਜੀਤ ਸਿੰਘ ਉਰਫ਼ ਸਾਹਿਲ ਵਾਸੀ ਸੁਲਤਾਨਵਿੰਡ ਰੋਡ, ਅੰਮ੍ਰਿਤਸਰ, ਅਸ਼ੀਸ਼ ਕੁਮਾਰ ਵਾਸੀ ਵਾਸੀ ਦਿੱਗੜਬਾਹਾ, ਮੁਕਤਸਰ ਸਾਹਿਬ ਅਤੇ ਅਤੁਲ ਗੁਪਤਾ ਵਾਸੀ ਰੂਪਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੇ ਨੌਜਵਾਨ ਚੰਡੀਗੜ੍ਹ ਵਿੱਚ ਵੱਖ ਵੱਖ ਸੈਕਟਰਾਂ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਸੀ। ਸ੍ਰੀ ਚਾਹਲ ਨੇ ਘਟਨਾ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਐਤਵਾਰ ਨੂੰ ਤੜਕੇ ਸਵੇਰੇ ਵਾਕਿੰਗ ਸਟ੍ਰੀਟ ਕਲੱਬ ਫੇਜ਼-11 ਵਿੱਚ ਕਮਾਂਡੋ ਸੁਖਵਿੰਦਰ ਸਿੰਘ ਦਾ ਚਰਨਜੀਤ ਸਿੰਘ ਉਰਫ਼ ਸਹਿਲ ਅਤੇ ਉਸ ਦੇ ਸਾਥੀਆਂ ਅਸ਼ੀਸ਼ ਕੁਮਾਰ ਅਤੇ ਸੰਦੀਪ ਨਾਲ ਕਿਸੇ ਗੱਲੋ ਕਲੱਬ ਵਿੱਚ ਤਕਰਾਰ ਹੋ ਗਈ ਸੀ। ਜਿਸ ਕਾਰਨ ਕਲੱਬ ਵਾਲਿਆਂ ਨੇ ਦੋਵਾਂ ਧਿਰਾਂ ਨੂੰ ਕਲੱਬ ’ਚੋਂ ਬਾਹਰ ਭੇਜ ਦਿੱਤਾ ਸੀ, ਲੇਕਿਨ ਇਸ ਦੌਰਾਨ ਤੈਸ ਵਿੱਚ ਆ ਕੇ ਸਹਿਲ ਨੇ ਸਿਪਾਹੀ ਸੁਖਵਿੰਦਰ ਸਿੰਘ ਉੱਤੇ ਆਪਣੀ ਲਾਇਸੈਂਸੀ ਪਿਸਤੌਲ ਫਾਈਰਿੰਗ ਕਰ ਦਿੱਤੀ ਅਤੇ ਤਿੰਨੋਂ ਜਣੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਵਿੱਚ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਉਕਤ ਨੌਜਵਾਨਾਂ ਦੇ ਖ਼ਿਲਾਫ਼ ਧਾਰਾ 302, 34 ਅਤੇ ਅਰਮਜ ਐਕਟ ਤਹਿਤ ਫੇਜ਼-11 ਥਾਣੇ ਵਿੱਚ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਗਈ ਅਤੇ ਪੁਲੀਸ ਨੇ ਬੀਤੀ ਰਾਤ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆਂ ਗਿਆ ਪਿਸਤੌਲ ਵੀ ਬਰਾਮਦ ਕਰਨ ਸਮੇਤ ਮੁਲਜ਼ਮ ਦੀ ਅੌਡੀ ਕਾਰ ਵੀ ਜ਼ਬਤ ਕਰ ਲਈ ਹੈ। ਐਸਐਸਪੀ ਸ੍ਰੀ ਚਾਹਲ ਨੇ ਦੱਸਿਆ ਕਿ ਪੁਲੀਸ ਨੇ ਵਾਕਿੰਗ ਸਟ੍ਰੀਟ ਕਲੱਬ ਨੂੰ ਪੱਕੀ ਸੀਲ ਜੜ੍ਹ ਦਿੱਤੀ ਹੈ ਅਤੇ ਇਸ ਕਲੱਬ ਦਾ ਪੱਕੇ ਤੌਰ ’ਤੇ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਪਹਿਲਾਂ ਵੀ ਦੋ ਪੁਲੀਸ ਕੇਸ ਦਰਜ ਕੀਤੇ ਗਏ ਸੀ ਅਤੇ ਭਵਿੱਖ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਬੰਧੀ ਸਬੰਧਤ ਏਰੀਆ ਦੇ ਡੀਐਸਪੀ ਅਤੇ ਥਾਣਾ ਮੁਖੀ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਜੇਕਰ ਕਿਸੇ ਹੋਰ ਅਜਿਹੀ ਘਟਨਾ ਵਾਪਰਦੀ ਹੈ ਜਾਂ ਕੋਈ ਕਲੱਬ ਪ੍ਰਬੰਧਕ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਕਲੱਬ ਪ੍ਰਬੰਧਕਾਂ ਦੇ ਨਾਲ ਨਾਲ ਸਬੰਧਤ ਏਰੀਆ ਦਾ ਡੀਐਸਪੀ ਅਤੇ ਥਾਣਾ ਮੁਖੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਇਸ ਮੌਕੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ