
ਨਾਈਟ ਕਲੱਬ ਮਾਮਲਾ: ਗੋਲੀ ਮਾਰ ਕੇ ਮੁੱਖ ਮੰਤਰੀ ਦੇ ਸੁਰੱਖਿਆ ਗਾਰਡ ਕਮਾਂਡੋ ਦਾ ਕਤਲ
ਮਾਪਿਆਂ ਦਾ ਇਕਲੌਤਾ ਪੁੱਤ ਸੀ ਸੁਖਵਿੰਦਰ ਸਿੰਘ, 2016 ਵਿੱਚ ਹੀ ਹੋਇਆ ਸੀ ਪੰਜਾਬ ਪੁਲੀਸ ’ਚ ਭਰਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਇੱਥੋਂ ਦੇ ਫੇਜ਼-11 ਸਥਿਤ ਇਕ ਚਰਚਿਤ ਨਾਈਟ ਕਲੱਬ (ਵਾਕਿੰਗ ਸਟ੍ਰੀਟ ਐਂਡ ਕੈਫ਼ੇ) ਦੀ ਪਾਰਕਿੰਗ ਵਿੱਚ ਲੰਘੀ ਦੇਰ ਰਾਤ ਇਕ ਨੌਜਵਾਨ ਨੇ ਪੰਜਾਬ ਪੁਲੀਸ ਦੇ ਕਮਾਂਡੋ ਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (23) ਵਾਸੀ ਪਿੰਡ ਤਾਰੇ ਵਾਲਾ (ਜਲਾਲਾਬਾਦ) ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮੌਜੂਦਾ ਸਮੇਂ ਵਿੱਚ ਸੁਖਵਿੰਦਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਦਸਤੇ ਵਿੱਚ ਤਾਇਨਾਤ ਸੀ। ਉਸ ਦੇ ਪਿਤਾ ਬਲਜੀਤ ਰਾਮ ਮਹਿਰੋਕ ਵੀ ਪੁਲੀਸ ਵਿਭਾਗ ਵਿੱਚ ਥਾਣੇਦਾਰ ਹਨ। ਸੁਖਵਿੰਦਰ ਤਿੰਨ ਸਾਲ ਪਹਿਲਾਂ 2016 ਵਿੱਚ ਪੁਲੀਸ ਵਿੱਚ ਸਿਪਾਹੀ ਭਰਤੀ ਹੋਇਆ ਸੀ।
ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਨੇ ਦੱਸਿਆ ਕਿ ਇਸ ਸਬੰਧੀ ਬੀਟ ਕਾਂਸਟੇਬਲ ਸੁਖਵਿੰਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਕਮਾਂਡੋ ਨੂੰ ਗੋਲੀਆਂ ਮਾਰਨ ਵਾਲੇ ਚਰਨਜੀਤ ਸਿੰਘ ਉਰਫ਼ ਸਾਹਿਲ ਵਾਸੀ ਅੰਮ੍ਰਿਤਸਰ ਦੇ ਖ਼ਿਲਾਫ਼ ਧਾਰਾ 302,34 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਂਜ ਪੁਲੀਸ ਨੇ ਪੁੱਛਗਿੱਛ ਲਈ ਨਾਈਟ ਕਲੱਬ ਦੇ ਪ੍ਰਬੰਧਕ ਸਮੇਤ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜੋ ਕਿ ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਪੁਲੀਸ ਹਿਰਾਸਤ ਵਿੱਚ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਵਾਕਿੰਗ ਸਟ੍ਰੀਟ ਐਂਡ ਕੈਫ਼ੇ (ਨਾਈਟ ਕਲੱਬ) ਵਿੱਚ ਪਾਰਟੀ ਚੱਲ ਰਹੀ ਸੀ। ਇਹ ਪਾਰਟੀ ਕਿਸੇ ਦੇ ਜਨਮ ਦਿਨ ਸਬੰਧੀ ਆਯੋਜਨ ਕੀਤੀ ਗਈ ਸੀ। ਜਿਸ ਵਿੱਚ ਕਮਾਂਡੋ ਸੁਖਵਿੰਦਰ ਸਿੰਘ ਅਤੇ ਮੁਲਜ਼ਮ ਚਰਨਜੀਤ ਸਿੰਘ ਉਰਫ਼ ਸਾਹਿਲ ਵੀ ਪਾਰਟੀ ਦਾ ਆਨੰਦ ਮਾਣਨ ਲਈ ਗਏ ਹੋਏ ਸੀ। ਇਸ ਦੌਰਾਨ ਦੋਵੇਂ ਨੌਜਵਾਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚਣ ’ਤੇ ਕਾਫੀ ਹੰਗਾਮਾ ਹੋ ਗਿਆ। ਜਿਸ ਕਾਰਨ ਪ੍ਰਬੰਧਕਾਂ ਨੂੰ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਕਲੱਬ ’ਚੋਂ ਬਾਹਰ ਕੱਢ ਦਿੱਤਾ। ਬਾਹਰ ਆਉਂਦੇ ਹੀ ਸਾਹਿਲ ਨੇ ਆਪਣਾ ਰਿਵਾਲਵਰ ਕੱਢਿਆ ਅਤੇ ਕਮਾਂਡੋ ਜਵਾਨ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਧਰ, ਸੂਚਨਾ ਮਿਲਦੇ ਹੀ ਐਸਐਸਪੀ ਕੁਲਦੀਪ ਸਿੰਘ ਚਾਹਲ, ਡੀਐਸਪੀ (ਸਿਟੀ-2) ਰਮਨਦੀਪ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਫੇਜ਼-11 ਦੇ ਐਸਐਚਓ ਜਗਦੇਵ ਸਿੰਘ ਧਾਲੀਵਾਲ ਛੁੱਟੀ ’ਤੇ ਹੋਣ ਕਾਰਨ ਇਸ ਮਾਮਲੇ ਜਾਂਚ ਥਾਣਾ ਸੋਹਾਣਾ ਦੇ ਐਸਐਚਓ ਰਾਜੇਸ਼ ਹਸਤੀਰ ਨੂੰ ਸੌਂਪੀ ਗਈ ਹੈ। ਹਾਲਾਂਕਿ ਗੋਲੀ ਲੱਗਣ ਤੋਂ ਬਾਅਦ ਕਮਾਂਡੋ ਜਵਾਨ ਨੂੰ ਆਈਵੀਵਾਈ ਹਸਪਤਾਲ ਵਿੱਚ ਲਿਜਾਇਆ ਗਿਆ ਲੇਕਿਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਗਰੋਂ ਪੁਲੀਸ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ।
ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਵੱਲੋਂ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ ਹੈ। ਕਮਾਂਡੋ ਨੂੰ ਦੋ ਗੋਲੀਆਂ ਲੱਗੀਆਂ ਸੀ। ਇਕ ਗੋਲੀ ਛਾਤੀ ਵਿੱਚ ਅਤੇ ਦੂਜੀ ਪੇਟ ਦੇ ਉੱਪਰ ਲੱਗੀ ਹੋਈ ਸੀ। ਹਾਲਾਂਕਿ ਕਮਾਂਡੋ ਦੀ ਮੌਤ ਛਾਤੀ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ ਪ੍ਰੰਤੂ ਫਿਰ ਵੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਵਿੱਸਰਾ ਕੈਮੀਕਲ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ।