ਜਬਰ ਜਨਾਹ ਦੀ ਸ਼ਿਕਾਰ ਨੌਵੀਂ ਜਮਾਤ ਦੀ ਵਿਦਿਆਰਥਣ ਨੇ ਬੱਚੀ ਨੂੰ ਜਨਮ ਦਿੱਤਾ

ਪੀੜਤ ਲੜਕੀ ਦੀ ਸ਼ਿਕਾਇਤ ’ਤੇ ਮੁਲਜ਼ਮ ਨੌਜਵਾਨ ਦੇ ਖ਼ਿਲਾਫ਼ ਪਰਚਾ ਦਰਜ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਇੱਥੋਂ ਦੇ ਸੈਕਟਰ-70 ਸਥਿਤ ਪਿੰਡ ਮਟੌਰ ਦੀ ਵਸਨੀਕ ਅਤੇ ਜਬਰ ਜਨਾਹ ਦੀ ਪੀੜਤ ਨਾਬਾਲਗ ਲੜਕੀ ਨੇ ਅੱਜ ਇਕ ਬੱਚੀ ਨੂੰ ਜਨਮ ਦਿੱਤਾ। ਇਸ ਸਬੰਧੀ ਮਟੌਰ ਪੁਲੀਸ ਨੇ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਉਸ ਦੇ ਪ੍ਰੇਮੀ ਸ਼ਮਸ਼ੇਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਮੁਲਜ਼ਮ ਨੌਜਵਾਨ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਪੀੜਤ ਲੜਕੀ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਦੋ ਸਾਲ ਪਹਿਲਾਂ ਉਸ ਦੀ ਸ਼ਮਸ਼ੇਰ ਸਿੰਘ ਨਾਲ ਦੋਸਤੀ ਹੋਈ ਸੀ। ਇਸ ਦੌਰਾਨ ਨੌਜਵਾਨ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਸਰੀਰਕ ਸਬੰਧ ਕਾਇਮ ਕਰ ਲਏ। ਜਦੋਂ ਉਸ ਨੇ ਆਪਣੇ ਦੋਸਤ ਨੌਜਵਾਨ ਨੂੰ ਗਰਭਵਤੀ ਹੋਣ ਬਾਰੇ ਦੱਸਿਆ ਤਾਂ ਉਹ ਉਸ ਨੂੰ ਛੱਡ ਕੇ ਭੱਜ ਗਿਆ।
ਸ਼ਿਕਾਇਤ ਅਨੁਸਾਰ ਮੁਲਜ਼ਮ ਨੌਜਵਾਨ ਆਗਰਾ ਜਾ ਕੇ ਰਹਿਣ ਲੱਗ ਪਿਆ ਅਤੇ ਉਸ (ਪੀੜਤ ਲੜਕੀ) ਨਾਲ ਫੋਨ ’ਤੇ ਵੀ ਗੱਲ ਕਰਨੀ ਬੰਦ ਕਰ ਦਿੱਤੀ। ਅੱਜ ਪੀੜਤ ਲੜਕੀ ਨੇ ਇਕ ਮਾਸੂਮ ਬੱਚੀ ਨੂੰ ਜਨਮ ਦਿੱਤਾ ਅਤੇ ਇਸ ਮਗਰੋਂ ਪੁਲੀਸ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ। ਇਸ ਸਬੰਧੀ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਮਟੌਰ ਥਾਣੇ ਵਿੱਚ ਸ਼ਮਸ਼ੇਰ ਸਿੰਘ ਦੇ ਖ਼ਿਲਾਫ਼ ਧਾਰਾ 376, 506 ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਪੀੜਤ ਲੜਕੀ ਹਾਲੇ ਵੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਸ ਨੇ ਮੁਲਜ਼ਮ ’ਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਲਾਇਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …