
ਨਿਪੁੰਨ ਭਾਰਤ ਮਿਸ਼ਨ: ਬੁਨਿਆਦੀ ਸਾਖਰਤਾ ਤੇ ਸੰਖਿਆ ਗਿਆਨ ਦੀ ਅਕਾਦਮਿਕ ਯੋਜਨਾਬੰਦੀ ਲਈ ਦੋ ਰੋਜ਼ਾ ਵਰਕਸ਼ਾਪ ਸ਼ੁਰੂ
ਪੰਜਾਬ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੇ ਅਧਿਕਾਰੀ ਨੇ ਕੀਤੀ ਸ਼ਿਰਕਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਅਧੀਨ ਨਿਪੁੰਨ ਭਾਰਤ ਮਿਸ਼ਨ ਤਹਿਤ ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਦੀ ਅਕਾਦਮਿਕ ਯੋਜਨਾਬੰਦੀ ਲਈ ਅੱਜ ਇੱਥੇ ਦੋ ਰੋਜ਼ਾ ਵਰਕਸ਼ਾਪ ਸ਼ੁਰੂ ਹੋਈ। ਜਿਸ ਦੀ ਪ੍ਰਧਾਨਗੀ ਪੰਜਾਬ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਸਸੀਈਆਰਟੀ) ਦੇ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਕੀਤੀ। ਇਸ ਮੌਕੇ ਐੱਸਸੀਈਆਰਟੀ (ਟਰੇਨਿੰਗਾਂ) ਰਾਜੇਸ਼ ਭਾਰਦਵਾਜ ਅਤੇ ਸਹਾਇਕ ਡਾਇਰੈਕਟਰ ਹਰਵਿੰਦਰ ਕੌਰ ਸਮੇਤ ਉੱਚ ਸਿੱਖਿਆ ਅਧਿਕਾਰੀ, ਕਰਮਚਾਰੀ ਅਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਲੈਕਚਰਾਰਾਂ ਨੇ ਸ਼ਮੂਲੀਅਤ ਕੀਤੀ।
ਡਾ. ਸਰਕਾਰੀਆ ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਮਿਆਰੀ ਬਣਾਉਣ ਲਈ ਸਮੇਂ ਸਮੇਂ ’ਤੇ ਐੱਸਸੀਈਆਰਟੀ ਵੱਲੋਂ ਓਰੀਐਂਟੇਸ਼ਨ ਪ੍ਰੋਗਰਾਮ ਚਲਾਏ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ ਤਹਿਤ ਬੱਚਿਆਂ ਦੇ ਸਿੱਖਣ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸਿੱਖਣ-ਸਿਖਾਉਣ ਸਬੰਧੀ ਤਕਨੀਕਾਂ ਅਤੇ ਵੱਖ-ਵੱਖ ਸੰਸਥਾਵਾਂ ਦੀ ਸਾਕਾਰਾਤਮਕ ਭੂਮਿਕਾ ਬਾਰੇ ਆਪਸੀ ਸਹਿਯੋਗ ਵਧਾਉਣ ਲਈ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਸਿੱਖਿਆ ਦੇ ਖੇਤਰ ਵਿੱਚ ਚੰਗੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ।

ਇਸ ਮੌਕੇ ਸੈਂਟਰਲ ਸਕੂਏਅਰ ਫਾਊਂਡੇਸ਼ਨ ਦੇ ਨਿਤਿਨ ਸ਼ਰਮਾ ਅਤੇ ਹੋਰ ਰਿਸੋਰਸ ਪਰਸਨਾਂ ਅਤੇ ਵਲੰਟੀਅਰਾਂ ਨੇ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਵਿੱਚ ਮੁੱਖ ਦਫ਼ਤਰ ਤੋਂ ਸੀਮਾ ਖੇੜਾ, ਰੁਮਕੀਤ ਕੌਰ, ਡਾ. ਹਰਪਾਲ ਸਿੰਘ ਬਾਜਕ, ਗੁਰਵੀਰ ਕੌਰ, ਸੁਨੀਲ ਕੁਮਾਰ, ਗੁਰਤੇਜ ਸਿੰਘ ਖੱਟੜਾ, ਨਿਰਮਲ ਕੌਰ, ਰਾਜਿੰਦਰ ਸਿੰਘ ਚਾਨੀ ਅਤੇ ਵੱਖ-ਵੱਖ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਮੌਜੂਦ ਸਨ।