ਕਿਸੇ ਉਮੀਦਵਾਰਾਂ ਨੂੰ ਕਿਸਾਨੀ ਨਾਲ ਸਬੰਧਤ ਚੋਣ ਨਿਸ਼ਾਨ ਅਲਾਟ ਨਾ ਕੀਤਾ ਜਾਵੇ: ਥੇੜੀ

ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਚੋਣ ਕਮਿਸ਼ਨ ਤੇ ਰਿਟਰਨਿੰਗ ਅਫ਼ਸਰਾਂ ਤੋਂ ਕੀਤੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਕਿਸੇ ਵੀ ਉਮੀਦਵਾਰ ਨੂੰ ਕਿਰਸਾਨੀ ਨਾਲ ਸਬੰਧਤ ਚੋਣ ਨਿਸ਼ਾਨ ਅਲਾਟ ਨਾ ਕੀਤਾ ਜਾਵੇ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੇਹਰ ਸਿੰਘ ਥੇੜ੍ਹੀ, ਜ਼ਿਲ੍ਹਾ ਰਵਿੰਦਰ ਸਿੰਘ ਦੇਹਕਲਾਂ, ਗਿਆਨ ਸਿੰਘ ਧੜਾਕ ਅਤੇ ਹੋਰਨਾਂ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਸਮੇਤ ਸੂਬੇ ਦੇ ਸਮੂਹ ਜ਼ਿਲ੍ਹਾ ਚੋਣਕਾਰ ਅਫ਼ਸਰਾਂ ਅਤੇ ਰਿਟਰਨਿੰਗ ਅਫ਼ਸਰਾਂ ਤੋਂ ਮੰਗ ਕੀਤੀ ਹੈ ਕਿ ਮਿਉਂਸਪਲ ਚੋਣਾਂ ਸਬੰਧੀ ਭਲਕੇ ਸ਼ੁੱਕਰਵਾਰ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਆਜ਼ਾਦ ਚੋਣਾਂ ਲੜਨ ਵਾਲੇ ਕਿਸੇ ਉਮੀਦਵਾਰ ਨੂੰ ਕਿਰਸਾਨੀ ਅਤੇ ਖੇੜੀਬਾੜੀ ਨਾਲ ਸਬੰਧਤ ਚੋਣ ਨਿਸ਼ਾਨ ਅਲਾਟ ਨਾ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਬਰੂਹਾਂ ’ਤੇ ਇਨਸਾਫ਼ ਪ੍ਰਾਪਤੀ ਲਈ ਫੈਸਲਾਕੁਨ ਜੰਗ ਲੜ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਪਰਿਵਾਰਾਂ ਸਮੇਤ ਅਤੇ ਆਮ ਨਾਗਰਿਕ ਧਰਨੇ ’ਤੇ ਬੈਠੇ ਹਨ ਪ੍ਰੰਤੂ ਕਿਸਾਨ ਯੂਨੀਅਨ ਦੇ ਧਿਆਨ ਵਿੱਚ ਆਇਆ ਹੈ ਕਿ ਇਨ੍ਹਾਂ ਚੋਣਾਂ ਵਿੱਚ ਸਿਆਹੀ ਲਾਹਾ ਲੈਣ ਲਈ ਕੁੱਝ ਧਿਰਾਂ ਦੇ ਉਮੀਦਵਾਰ ਕਿਰਸਾਨੀ ਨਾਲ ਸਬੰਧਤ ਚੋਣ ਨਿਸ਼ਾਨ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾ ਰਿਹਾ ਹੈ। ਲਿਹਾਜ਼ਾ ਚੋਣ ਨਿਸ਼ਾਨਾਂ ਦੀ ਵੰਡ ਸਮੇਂ ਕਿਸਾਨ ਜਥੇਬੰਦੀ ਦੀ ਇਸ ਮੰਗ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਅਜਿਹੀ ਕੋਈ ਵੀ ਹੋਛੀ ਹਰਕਤ ਨਾ ਕਰਨ ਅਤੇ ਆਪਣੇ ਪੋਸਟਰਾਂ ਅਤੇ ਬੈਨਰਾਂ ’ਤੇ ਵੀ ਕਿਸਾਨੀ ਨਾਲ ਸਬੰਧਤ ਚਿੰਨ੍ਹ ਨਾ ਲਗਾਏ ਜਾਣ ਤਾਂ ਜੋ ਵੋਟਰ ਆਪਣੀ ਸਮਝ ਮੁਤਾਬਕ ਮਤਦਾਨ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ ਅੰਦੋਲਨ ਪੂਰੇ ਜੋਬਨ ’ਤੇ ਹੈ ਅਤੇ ਹਰੇਕ ਰਾਜਨੀਤਕ ਆਗੂ ਇਸ ਦਾ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੈ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…