nabaz-e-punjab.com

ਸਿੱਖ ਗੁਰੂਆਂ ਬਾਰੇ ਕੋਈ ਚੈਪਟਰ ਨਹੀਂ ਹਟਾਇਆ ਸਗੋਂ 4 ਸਾਹਿਬਜ਼ਾਦਿਆਂ ਬਾਰੇ ਨਵੇਂ ਅਧਿਆਏ ਸ਼ਾਮਲ ਕੀਤੇ: ਕੈਪਟਨ ਅਮਰਿੰਦਰ ਸਿੰਘ

ਸਿਆਸੀ ਹਿੱਤਾਂ ਖਾਤਰ ਸੰਜੀਦਾ ਮਸਲੇ ’ਤੇ ਗਲਤਫਹਿਮੀ ਫੈਲਾਉਣ ਵਾਲੇ ਅਕਾਲੀਆਂ ’ਤੇ ਜੰਮ ਕੇ ਵਰ੍ਹੇ ਮੁੱਖ ਮੰਤਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 28 ਅਪਰੈਲ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਹਟਾਉਣ ਬਾਰੇ ਅਕਾਲੀ ਦਲ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਇਸ ਸੰਜੀਦਾ ਧਾਰਮਿਕ ਮਸਲੇ ’ਤੇ ਗਲਤਫਹਿਮੀਆਂ ਫੈਲਾਉਣ ਦੀਆਂ ਕੋਸ਼ਿਸ਼ ਕਰਨ ਵਾਲੇ ਅਕਾਲੀ ਲੀਡਰਾਂ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਤੱਥਾਂ ਦੀ ਪੜਚੋਲ ਕੀਤੇ ਬਿਨਾਂ ਨਿਰਆਧਾਰ ਜਨਤਕ ਬਿਆਨਬਾਜ਼ੀ ਕਰਕੇ ਘੋਰ ਗੈਰ-ਜ਼ਿੰਮੇਵਾਰੀ ਦਾ ਨੀਚ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਵਿੱਚ ਕੋਰਸਾਂ ਨੂੰ ਮਹਿਜ਼ ਐਨ.ਸੀ.ਆਈ.ਆਰ.ਟੀ. ਦੇ ਸਿਲੇਬਸ ਨਾਲ ਮੁੜ ਸੰਗਠਤ ਕੀਤਾ ਗਿਆ ਹੈ ਤਾਂ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਕੌਮੀ ਪੱਧਰ ਦੇ ਮੁਕਾਬਲੇ ਦੇ ਯੋਗ ਬਣਾਇਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੋਰਡ ਵੱਲੋਂ ਇਕ ਵੀ ਚੈਪਟਰ ਜਾਂ ਸ਼ਬਦ ਨਹੀਂ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਗਿਆਰਵੀਂ ਤੇ ਬਾਰ੍ਹਵੀਂ ਜਮਾਤਾਂ ਵਿੱਚ ਇਤਿਹਾਸ ਨਾਲ ਸਬੰਧਤ ਚੈਪਟਰਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਇਸ ਮਾਹਿਰ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਸ਼ਾਮਲ ਹੈ। ਕਮੇਟੀ ਦੀਆਂ ਸਿਫਾਰਸ਼ਾਂ ’ਤੇ ਹੀ ਬੋਰਡ ਨੇ ਪਹਿਲਾਂ ਐਨ.ਸੀ.ਆਈ.ਆਰ.ਟੀ. ਦੀਆਂ ਲੀਹਾਂ ’ਤੇ ਫਿਜ਼ਿਕਸ ਤੇ ਕੈਮਿਸਟਰੀ ਦੇ ਕੋਰਸਾਂ ਅਤੇ ਹੁਣ ਇਤਿਹਾਸਕ ਕਿਤਾਬਾਂ ਨੂੰ ਨਵਾਂ ਰੂਪ ਦਿੱਤਾ ਤਾਂ ਕਿ ਕੋਰਸ ਦੀ ਸਾਰਥਿਕਤਾ ਹੋਰ ਵਧਾਈ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਕਮੇਟੀ ਨੇ ਇਸ ਨੁਕਤੇ ’ਤੇ ਵਿਚਾਰ ਕੀਤੀ ਸੀ ਕਿ ਵਿਦਿਆਰਥੀਆਂ ਨੂੰ ਗਿਆਰਵੀਂ ਜਮਾਤ ਤੋਂ ਹੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਜਿਸ ਕਰਕੇ ‘ਪੰਜਾਬ ਤੇ ਸਿੱਖ ਇਤਿਹਾਸ’ ਬਾਰੇ ਚੈਪਟਰ ਗਿਆਰਵੀਂ ਦੇ ਸਿਲੇਬਸ ਦਾ ਹਿੱਸਾ ਬਣਾ ਦਿੱਤੇ ਗਏ ਜਦਕਿ ‘ਭਾਰਤ ਤੇ ਆਧੁਨਿਕ ਇਤਿਹਾਸ’ ਅਤੇ ‘ਆਧੁਨਿਕ ਸਿੱਖ ਇਤਿਹਾਸ’ ਨੂੰ ਬਾਰ੍ਹਵੀਂ ਜਮਾਤ ਦੇ ਸਿਲੇਬਸ ਨਾਲ ਜੋੜ ਦਿੱਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਬੋਰਡ ਨੇ ਸਿੱਖ ਗੁਰੂਆਂ ਬਾਰੇ ਇਕ ਵੀ ਚੈਪਟਰ ਨਹੀਂ ਹਟਾਇਆ ਸਗੋਂ ਚਾਰ ਸਾਹਿਬਜ਼ਾਦਿਆਂ ਬਾਰੇ ਚੈਪਟਰ ਸਕੂਲ ਦੀਆਂ ਕਿਤਾਬਾਂ ਵਿੱਚ ਸ਼ਾਮਲ ਕੀਤੇ ਗਏ ਤਾਂ ਕਿ ਸਾਡੇ ਨੌਜਵਾਨਾਂ ਨੂੰ ਸਿੱਖ ਗੁਰੂਆਂ ਦੇ ਮਹਾਨ ਇਤਿਹਾਸ ਤੇ ਲਾਸਾਨੀ ਕੁਰਬਾਨੀਆਂ ਬਾਰੇ ਜਾਣੂ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਅਕਾਲੀਆਂ ਨੂੰ ਪੰਜਾਬੀਆਂ ਦੀਆਂ ਧਾਰਮਿਕ ਸੰਵੇਦਨਾਵਾਂ ਨਾਲ ਜੁੜੇ ਮਸਲੇ ’ਤੇ ਘਟੀਆ ਸਿਆਸਤ ਨਾ ਖੇਡਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਿੱਖਾਂ ਦੇ ਹਿੱਤਾਂ ਦਾ ਪਹਿਰੇਦਾਰ ਹੋਣ ਦਾ ਦਾਅਵਾ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਆਸੀ ਹਿੱਤਾਂ ਖਾਤਰ ਵਾਰ-ਵਾਰ ਧਰਮ ਦੀ ਦੁਰਵਰਤੋਂ ਕਰਦਾ ਹੈ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …