ਵਿਕਾਸ ਕਾਰਜਾਂ ਦੀ ਗੁਣਵੱਤਾ ਤੇ ਮਾਪਦੰਡਾਂ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ: ਤ੍ਰਿਪਤ ਰਜਿੰਦਰ ਬਾਜਵਾ

ਪੰਜਾਬ ਦੇ ਪਿੰਡਾਂ ਦੇ ਵਿਕਾਸ ਪ੍ਰਾਜੈਕਟ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਤੇ ਗਰਾਂਟਾਂ ਦੀ ਪਾਰਦਰਸ਼ੀ ਵੰਡ ਦੇ ਹੁਕਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 7 ਅਪਰੈਲ:
ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਵਿਕਾਸ ਕੰਮਾਂ ਦੀ ਗੁਣਵੱਤਾ ਅਤੇ ਮਾਪਦੰਡਾਂ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਜੋ ਵਿਭਾਗ ਲੋਕਾਂ ਦੀ ਸਿਹਤ ਨਾਲ ਸਿੱਧੇ ਤੌਰ ’ਤੇ ਜੁੜਿਆ ਹੋÎਇਆ ਹੈ। ਇੱਥੇ ਕਿਸਾਨ ਭਵਨ ਵਿਖੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਸਿੱਧੇ ਤਰੀਕਿਆਂ ਵਿੱਚ ਗ਼ਲਤਾਨ ਅਧਿਕਾਰੀਆਂ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਉਚੇਚੇ ਤੌਰ ’ਤੇ ਕਿਹਾ, ‘‘ਆਪਣੇ ਨਿੱਜੀ ਮੁਫ਼ਾਦਾਂ ਲਈ ਮੇਰੇ ਨਾਂ ਦੀ ਵਰਤੋਂ ਕਰਨ ਵਾਲੇ ਅਧਿਕਾਰੀ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰਨ।’’
ਸ੍ਰੀ ਬਾਜਵਾ ਨੇ ਜ਼ੋਰ ਦੇ ਕੇ ਕਿਹਾ, ‘‘ਲੋਕਾਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾਉਣਾ ਸਭ ਤੋਂ ਵੱਡੀ ਸੇਵਾ ਹੈ। ਇਸ ਲਈ ਇਸ ਪੁੰਨ ਦੇ ਕਾਰਜ ਵਿੱਚ ਢਿੱਲਮੱਠ ਨਾ ਵਰਤੀ ਜਾਵੇ।’’ ਉਨ੍ਹਾਂ ਕਿਹਾ ਕਿ ਗੁਣਵੱਤਾ ਭਰਪੂਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਗ੍ਰਾਂਟਾਂ ਅਤੇ ਲੋਕਾਂ ਦੇੇ ਪੈਸੇ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾਵੇ। ਲੋਕਾਂ ਨੂੰ ਵਧੀਆ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਗ੍ਰਾਂਟਾਂ ਦੀ ਪਾਰਦਰਸ਼ੀ ਅਤੇ ਬਿਨਾਂ ਪੱਖਪਾਤ ਤੋਂ ਵੰਡ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਉਚੇਚੇ ਤੌਰ ’ਤੇ ਨਿਰਦੇਸ਼ ਦਿੱਤੇ ਕਿ ਨਵੀਆਂ ਉਸਾਰੀਆਂ ਗਈਆਂ ਪਾਣੀ ਵਾਲੀਆਂ ਟੈਂਕੀਆਂ ਨੂੰ ਪੰਚਾਇਤਾਂ ਦੇ ਸਪੁਰਦ ਕਰਨ ਤੋਂ ਪਹਿਲਾਂ 6 ਮਹੀਨੇ ਵਿਭਾਗ ਖ਼ੁਦ ਟੈਂਕੀਆਂ ਦਾ ਰੱਖ-ਰਖਾਅ ਕਰੇ ਤਾਂ ਜੋ ਕਿਸੇ ਕਿਸਮ ਦੀ ਲੀਕੇਜ ਜਾਂ ਹੋਰ ਨੁਕਸ ਦਾ ਪਤਾ ਲਾਉਣ ਸਮੇਤ ਭਵਿੱਖ ਵਿੱਚ ਆਉਣ ਵਾਲੀਆਂ ਸਾਰੀਆਂ ਅੌਕੜਾਂ ਪਹਿਲਾਂ ਹੀ ਦੂਰ ਕੀਤੀਆਂ ਜਾ ਸਕਣ। ਸ੍ਰੀ ਬਾਜਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਵਿਭਾਗ ਦੇ ਸਾਰੇ ਵਿਕਾਸ ਪ੍ਰਾਜੈਕਟ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹੇ ਜਾਣ। ਉਨ੍ਹਾਂ ਕਿਹਾ ਕਿ ਪ੍ਰਾਜੈਕਟਾਂ ਵਿੱਚ ਦੇਰੀ ਲਈ ਢਿੱਲਮੱਠ ਅਤੇ ਬਹਾਨੇਬਾਜ਼ੀ ਨੂੰ ਕੁਤਾਹੀ ਵਜੋਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀ ਤੇ ਕਰਮਚਾਰੀ ਲੋਕਾਂ ਦੇ ਸੇਵਕ ਦੇ ਤੌਰ ’ਤੇ ਬਿਨਾਂ ਪੱਖਪਾਤ ਤੋਂ ਆਪਣੀ ਡਿਊਟੀ ਨਿਭਾਉਣ।
ਗੁਰਦਾਸਪੁਰ ਦੇ ਪਿੰਡ ਕੀੜੀ ਅਫ਼ਗ਼ਾਨਾ ਸਮੇਤ ਹੋਰਨਾਂ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਦੀ ਖ਼ਸਤਾ ਹਾਲਤ ਵੱਲ ਧਿਆਨ ਦਿਵਾਉਂਦਿਆਂ ਸ੍ਰੀ ਬਾਜਵਾ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਨੂੰ ਇਨ੍ਹਾਂ ਟੈਂਕੀਆਂ ਦਾ ਨਿਰੀਖਣ ਕਰਨ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੱੁਧ ਬਣਦੀ ਕਾਰਵਾਈ ਕਰਨ ਲਈ ਵੀ ਕਿਹਾ। ਇਸ ਤੋਂ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਵਿਭਾਗ ਵੱਲੋਂ ਆਰੰਭੇ ਗਏ ਅਤੇ ਭਵਿੱਖ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਦਾ ਸੰਖੇਪ ਵੇਰਵਾ ਦਿੱਤਾ। ਮੀਟਿੰਗ ਦੌਰਾਨ ਵਿਭਾਗ ਦੇ ਮੁਖੀ ਬੀ.ਐਸ. ਰਾਏ, ਚੀਫ਼ ਇੰਜੀਨੀਅਰ ਡੀ.ਕੇ. ਬਾਂਸਲ, ਡਾਇਰੈਕਟਰ ਸੈਨੀਟੇਸ਼ਨ ਜਨਾਬ ਮੁਹੰਮਦ ਇਸ਼ਫ਼ਾਕ ਸਮੇਤ ਨਿਗਰਾਨ ਇੰਜੀਨੀਅਰ ਅਤੇ ਐਕਸੀਅਨ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…