Share on Facebook Share on Twitter Share on Google+ Share on Pinterest Share on Linkedin ਪਸ਼ੂ ਖ਼ੁਰਾਕ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ: ਸਿੱਧੂ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਪੰਜਾਬ ਦੇ ਫੀਡ ਨਿਰਮਾਤਾਵਾਂ ਨੂੰ ਦਿੱਤੀ ਵਧੀਆ ਪਸ਼ੂ ਖੁਰਾਕ ਬਣਾਉਣ ਦੀ ਨਸੀਹਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ: ਪੰਜਾਬ ਦੇ ਸਮੂਹ ਫੀਡ ਮਿੱਲਰਾਂ ਦੇ ਉੱਚ ਪੱਧਰੀ ਵਫ਼ਦ ਨੇ ਬੁੱਧਵਾਰ ਨੂੰ ਆਤਮ ਮਨੋਹਰ ਜੈਨ ਅਤੇ ਧਰਮਪਾਲ ਗੁਪਤਾ ਦੀ ਅਗਵਾਈ ਵਿੱਚ ਇੱਥੋਂ ਦੇ ਸੈਕਟਰ-68 ਸਥਿਤ ਲਾਈਵ ਸਟਾਕ ਭਵਨ ਵਿੱਚ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ। ਵਫ਼ਦ ਵਿੱਚ ਸ਼ਾਮਲ ਫੀਡ ਨਿਰਮਾਤਾਵਾਂ ਨੇ ਆਪਣੇ ਮਨ ਵਿੱਚ ਪੰਜਾਬ ਕੰਪਾਊਡਡ ਕੈਟਲ ਫੀਡ ਕੰਨਸਟਰੇਟਸ ਐਂਡ ਮਿਨਰਲ ਮਿਕਸਚਰ ਐਕਟ ਨੂੰ ਲੈ ਕੇ ਪਾਏ ਜਾ ਰਹੇ ਖ਼ਦਸ਼ਿਆਂ ਸਬੰਧੀ ਮੰਤਰੀ ਨਾਲ ਸਿੱਧੀ ਗੱਲ ਕੀਤੀ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਪਸ਼ੂ ਪਾਲਣ ਦੇ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਕਦਮ ਚੁੱਕੇਗੀ ਅਤੇ ਇਨ੍ਹਾਂ ’ਚੋਂ ਪਸ਼ੂਆਂ ਨੂੰ ਮਿਆਰੀ ਪਸ਼ੂ ਖੁਰਾਕ ਮੁਹੱਈਆ ਕਰਵਾਉਣਾ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਕਿਸੇ ਕੀਮਤ ਤੇ ਵੀ ਪਸ਼ੂ ਖੁਰਾਕ ਦੀ ਕੁਆਲਟੀ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਫੀਡ ਨਿਰਮਾਤਾਵਾਂ ਦੇ ਹੱਕਾਂ ਦੀ ਰਾਖੀ ਵੀ ਕੀਤੀ ਜਾਵੇਗੀ। ਡੁਪਲੀਕੇਟ, ਘਟੀਆ ਪਸ਼ੂ ਖੁਰਾਕ ਬਣਾਉਣ ਵਾਲਿਆਂ ਨੂੰ ਕਾਨੂੰਨੀ ਸ਼ਿਕੰਜੇ ਵਿੱਚ ਲਿਆਂਦਾ ਜਾਵੇਗਾ। ਜਦਕਿ ਸਹੀ ਕੰਮ ਕਰਨ ਵਾਲੇ ਫੀਡ ਨਿਰਮਾਤਾਵਾਂ ਨੂੰ ਇਸ ਐਕਟ ਤੋਂ ਡਰਨ ਦੀ ਕੋਈ ਲੋੜ ਨਹੀਂ। ਸ੍ਰੀ ਸਿੱਧੂ ਨੇ ਪੰਜਾਬ ਕੰਪਾਊਡਡ ਕੈਟਲ ਫੀਡ ਕੰਨਸਟਰੇਟਸ ਐਂਡ ਮਿਨਰਲ ਮਿਕਸਚਰ ਐਕਟ ਬਾਰੇ ਦੱਸਦਿਆਂ ਕਿਹਾ ਕਿ ਇਸ ਕਾਨੂੰਨ ਨਾਲ ਨਿਗਰਾਨੀ ਅਤੇ ਜਾਗਰੂਕਤਾ ਵਧੇਗੀ। ਇਹ ਕਾਨੂੰਨ ਲਾਗੂ ਕਰਨ ਵੇਲੇ ਰੂਲਾਂ ਵਿੱਚ ਵੱਖ-ਵੱਖ ਵਰਗ ਦੇ ਪਸ਼ੂਆਂ ਲਈ ਵੱਖ-ਵੱਖ ਮਿਆਰਾਂ ਦੀ ਪਸ਼ੂ ਖੁਰਾਕ ਦਾ ਵਰਣਨ ਕੀਤਾ ਜਾਵੇਗਾ। ਐਕਟ ਨੂੰ ਲਾਗੂ ਕਰਨ ਵੇਲੇ ਇਸ ਦੀਆਂ ਵੱਖ-ਵੱਖ ਧਰਾਵਾਂ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਹਾਲਤ ਵਿੱਚ ਘਟੀਆ ਫੀਡ ਨਿਰਮਾਤਾ ਮੰਡੀ ਵਿੱਚ ਪ੍ਰਵੇਸ਼ ਨਾ ਕਰ ਸਕਣ। ਇਸ ਮੌਕੇ ਮੰਤਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਡੇਅਰੀ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ, ਸੰਯੁਕਤ ਡਾਇਰੈਕਟਰ ਕਰਨੈਲ ਸਿੰਘ, ਡਾ. ਆਰ.ਐਸ. ਗਰੇਵਾਲ ਗਡਵਾਸੂ, ਡਾ. ਗਰਗ (ਨੈਸ਼ਨਲ ਡੇਅਰੀ ਬੋਰਡ) ਸਮੇਤ ਕ੍ਰਿਸ਼ਨ ਸੋਬਤੀ ਕਪੂਰਥਲਾ, ਤਰਸੇਮ ਚੰਦ ਖੰਨਾ ਅਤੇ ਵੱਡੀ ਗਿਣਤੀ ਵਿੱਚ ਫੀਡ ਨਿਰਮਾਤਾ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ