nabaz-e-punjab.com

ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਕੈਪਟਨ ਅਮਰਿੰਦਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਚੋਣ ਵਾਅਦੇ ਲਾਗੂ ਕਰਨ ਲਈ ਸੂਬੇ ਦੇ ਬਜਟ ਦੌਰਾਨ ਆਪਣੀ ਸਰਕਾਰ ਵਲੋਂ ਅਨੇਕਾਂ ਅਹਿਮ ਫੈਸਲੇ ਲਏ ਜਾਣ ਦੇ ਸੰਕੇਤ ਦਿੱਤੇ ਹਨ ਜਿਸ ਦਾ ਐਲਾਨ ਇਸ ਮਹੀਨੇ ਦੇ ਆਖਰ ਤੱਕ ਕੀਤਾ ਜਾਵੇਗਾ। ਆਈ.ਟੀ.ਵੀ. ਗਰੁੱਪ ਦੇ ਨਵੇਂ ਇੰਡੀਆ ਨਿਊਜ਼ (ਪੰਜਾਬ) ਚੈਨਲ ਸ਼ੁਰੂ ਕਰਨ ਤੋਂ ਬਾਅਦ ਇੱਕ ਚੋਣਵੇਂ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਚੰਗਾ ਪ੍ਰਸ਼ਾਸਨ ਦੇਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ 140 ਮਹੱਤਵਪੂਰਣ ਫੈਸਲਿਆਂ ਨੂੰ ਲਿਆ ਸੀ ਜਿਨ੍ਹਾਂ ਦੀ ਕੋਈ ਵਿੱਤੀ ਦੇਣਦਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਬਜਟ ਦੌਰਾਨ ਕੁਝ ਹੋਰ ਅਹਿਮ ਵਿੱਤੀ ਮੁੱਦਿਆਂ ਬਾਰੇ ਫੈਸਲਾ ਲਿਆ ਜਾਵੇਗਾ।
ਉਨ੍ਹਾਂ ਨੇ ਫਜ਼ੂਲ ਖਰਚੀ ਵਿੱਚ ਕਮੀ ਲਿਆਉਣ ਅਤੇ ਮਾਲੀਆ ਵਧਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਭਾਵੇਂ ਉਨ੍ਹਾਂ ਨੇ ਇਹ ਕਿਹਾ ਕਿ ਉਹ ਆਉਂਦੇ ਬਜਟ ਦੌਰਾਨ ਲਏ ਜਾਣ ਵਾਲੇ ਸੰਭਾਵਿਤ ਫੈਸਲਿਆਂ ਦਾ ਪ੍ਰਗਟਾਵਾ ਨਹੀਂ ਕਰ ਸਕਦੇ ਪਰ ਫੇਰ ਵੀ ਮੁੱਖ ਮੰਤਰੀ ਨੇ ਆਖਿਆ ਕਿ ਉਹ ਪੰਜਾਬ ਦੇ ਲੋਕਾਂ ਨਾਲ ਕੀਤੇ ਹਰੇਕ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਅਕਾਲੀਆਂ ਵਲੋਂ ਖਬਰਾਂ ਸਣੇ ਹਰੇਕ ਚੀਜ਼ ’ਤੇ ਅਜਾਰੇਦਾਰੀ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਅਕਾਲੀਆਂ ਦੇ ਕੇਬਲ ਗਠਜੋੜ ਤੋੜਣ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸ਼ਾਸਨ ਨੇ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਦੁਰਪ੍ਰਬੰਧ ਦੇ ਨਾਲ ਤਬਾਹ ਕਰ ਦਿੱਤਾ ਹੈ ਅਤੇ ਇਸ ਨੂੰ ਉਨ੍ਹਾਂ ਦੀ ਸਰਕਾਰ ਵਲੋਂ ਛੇਤੀ ਹੀ ਜਾਰੀ ਕੀਤੇ ਜਾ ਰਹੇ ਵਾਇਟ-ਪੇਪਰ ਰਾਹੀਂ ਨੰਗਾ ਕੀਤਾ ਜਾਵੇਗਾ। ਹਰਜੀਤ ਸਿੰਘ ਸੱਜਣ ਸਣੇ ਖਾਲਿਸਤਾਨੀ ਤੱਤਾਂ ਦੀਆਂ ਧਮਕੀਆਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਹ ਕਦੀ ਵੀ ਕੈਨੇਡੀਅਨ ਰੱਖਿਆ ਮੰਤਰੀ ਨੂੰ ਜੀ ਆਇਆਂ ਨੂੰ ਨਹੀਂ ਕਹਿਣਗੇ ਅਤੇ ਨਾ ਹੀ ਐਸ. ਜੇ. ਐਫ. ਦੀਆਂ ਧਮਕੀਆਂ ਅੱਗੇ ਝੁੱਕਣਗੇ ਜੋ ਕਿ ਸਪੱਸ਼ਟ ਤੌਰ ’ਤੇ ਸਸਤੀ ਸ਼ੋਹਰਤ ਵਿੱਚ ਲੱਗੀ ਹੋਈ ਹੈ। ਕਸ਼ਮੀਰ ਵਿੱਚ ਵਿਵਾਦਪੂਰਨ ‘ਮਨੁੱਖੀ ਢਾਲ’ ਬਣਾਏ ਜਾਣ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਮੇਜਰ ਲੀਤੁਲ ਗਗੋਈ ਨੇ ਦੰਗਾਕਾਰੀਆਂ ਦੇ ਹੱਥੋਂ ਆਪਣੇ ਸਾਥੀਆਂ ਨੂੰ ਬਚਾਉਣ ਲਈ ਆਪਣੀ ਦਿਮਾਗੀ ਸੂਝ-ਬੂਝ ਦੀ ਮਿਸਾਲ ਦਿੱਤੀ ਹੈ। ਗਗੋਈ ਕੋਲ ਜਾਂ ਤਾਂ ਆਪਣਾ ਮਿਸ਼ਨ ਛੱਡਣ ਜਾਂ ਫਿਰ ਗੋਲੀ ਚਲਾਉਣ ਦਾ ਹੀ ਚਾਰਾ ਸੀ ਜਿਸਦੇ ਨਾਲ ਬਹੁਤ ਸਾਰਾ ਜਾਨੀ ਨੁਕਸਾਨ ਹੋ ਸਕਦਾ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਉਹ ਵੀ ਮੇਜਰ ਦੀ ਥਾਂ ਹੁੰਦੇ ਤਾਂ ਇਹੋ ਕੁੱਝ ਕਰਦੇ। ਮੁੱਖ ਮੰਤਰੀ ਨੇ ਕਿਹਾ ਕਿ ਫੌਜ ਦਾ ਕੰਮ ਸ਼ਾਂਤੀ ਬਣਾਈ ਰੱਖਣ ’ਤੇ ਹੀ ਨਿਰਭਰ ਨਹੀਂ ਹੈ ਅਤੇ ਕਸ਼ਮੀਰ ਦੇ ਸਿਆਸੀ ਹੱਲ ਦੀ ਜ਼ਰੂਰਤ ਹੈ ਜੋ ਕਿ ਸਿਰਫ ਕੇਂਦਰ ਅਤੇ ਸੂਬਾ ਸਰਕਾਰਾਂ ਹੀ ਕੱਢ ਸਕਦੀਆਂ ਹਨ। ਸਰੋਤਿਆਂ ਵਿੱਚ ਬੈਠੇ ਲੋਕਾਂ ਵਿੱਚ ਇੱਕ ਵਲੋਂ ਸਵਾਲ ਕਰਨ ’ਤੇ ਉਨ੍ਹਾਂ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਉਹ ਕਦੇ ਵੀ ਫੌਜ ਵਿੱਚੋਂ ਬਾਹਰ ਨਹੀਂ ਆਏ ਅਤੇ ਹੁਣ ‘ਸਾਬਕਾ ਫੌਜੀ’ ਹਨ। ਨਸ਼ਿਆਂ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੇ ਨੈੱਟਵਰਕ ਨੂੰ ਸਫਲਤਾ ਨਾਲ ਤੋੜ ਦਿੱਤਾ ਹੈ ਅਤੇ ਸਖਤੀ ਅਪਨਾਉਣ ਨਾਲ ਨਸ਼ਿਆਂ ਦੀਆਂ ਕੀਮਤਾਂ ਵਧੀਆਂ ਜਿਸ ਨਾਲ ਵੱਡੀ ਗਿਣਤੀ ਵਿੱਚ ਨਸ਼ੇ ਤੋਂ ਪੀੜਤ ਲੋਕ ਇਲਾਜ ਲਈ ਮੁੜ ਵਸੇਬਾ ਕੇਂਦਰਾਂ ਵਿੱਚ ਆਉਣ ਲੱਗੇ ਹਨ। ਪੰਜਾਬ ਦੀ ਸਨਅਤੀ ਸਥਿਤੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਹਾਲ ਹੀ ਮੁੰਬਈ ਫੇਰੀ ਦੌਰਾਨ ਸਨਅਤੀ ਦਿੱਗਜ਼ਾਂ ਵੱਲੋਂ ਦਿੱਤੇ ਹੁੰਗਾਰੇ ’ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਐਨ.ਆਰ.ਆਈਜ਼ ਨੂੰ ਵੀ ਸੂਬੇ ਦੀ ਸਨਅਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਅੌਰਤਾਂ ਦੀ ਸੁਰੱਖਿਆ ਤੇ ਹਿਫਾਜ਼ਤ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪੁਲੀਸ ਪ੍ਰਣਾਲੀ ਉਨ੍ਹਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੈ ਜਿਸ ਤਹਿਤ ਬੇਲੋੜੀ ਵੀ.ਵੀ.ਆਈ.ਪੀ. ਸੁਰੱਖਿਆ ਤੋਂ ਪੁਲੀਸ ਮੁਲਾਜ਼ਮਾਂ ਦੀ ਨਫਰੀ ਘਟਾ ਕੇ ਲੋਕਾਂ ਲਈ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਨਤੀਜਿਆਂ ’ਤੇ ਪ੍ਰਤੀਕ੍ਰਿਆ ਦਿੰਦਿਆਂ ਮੁੱਖ ਮੰਤਰੀ ਨੇ ਅਕਾਲੀ ਤਾਂ ਮੁਕਾਬਲੇ ਵਿੱਚੋਂ ਬਾਹਰ ਹੀ ਸਨ ਜਦਕਿ ਸ਼ੁਰੂ-ਸ਼ੁਰੂ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਸੀ ਪਰ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਦੇ ਦੁਰਪ੍ਰਬੰਧ ਅਤੇ ਖਾਲਿਸਤਾਨੀਆਂ ਤੇ ਗਰਮਖਿਆਲੀਆਂ ਨਾਲ ਨੇੜਤਾ ਕਾਰਨ ਆਪ ਦਾ ਅਸਲ ਚਿਹਰਾ ਜੱਗ-ਜ਼ਾਹਰ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਮਾੜਾ ਦੌਰ ਹੰਢਾਇਆ ਹੈ ਜਿਸ ਕਰਕੇ ਉਨ੍ਹਾਂ ਨੇ ਅਮਨ-ਸ਼ਾਂਤੀ ਤੇ ਸਥਿਰਤਾ ਲਈ ਵੋਟ ਦੇਣ ਦਾ ਫੈਸਲਾ ਕੀਤਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…