
ਮੁਹਾਲੀ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜੀਆਂ ’ਤੇ ਨਹੀਂ ਹੈ ਪ੍ਰਸ਼ਾਸਨ ਦਾ ਕੰਟਰੋਲ
ਬਿਨਾਂ ਮਾਸਕ ਤੇ ਦਸਤਾਨਿਆਂ ਤੋਂ ਗਲੀ ਮੁਹੱਲੇ ਵਿੱਚ ਘੁੰਮ ਫਿਰ ਕੇ ਸਮਾਨ ਵੇਚ ਰਹੇ ਨੇ ਰੇਹੜੀਆਂ ਵਾਲੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਇੱਥੋਂ ਦੇ ਫੇਜ਼-10 ਸਥਿਤ ਹਾਊਸਫੈੱਡ ਸੁਸਾਇਟੀ ਅਤੇ ਗੁਰੂ ਤੇਗ ਬਹਾਦਰ ਕੰਪਲੈਕਸ ਸੈਕਟਰ-70, ਮਟੌਰ ਸਮੇਤ ਸ਼ਹਿਰ ਦੇ ਹੋਰਨਾਂ ਵੱਖ-ਵੱਖ ਹਿੱਸਿਆਂ ਵਿੱਚ ਨਿੱਤ ਵਰਤੋਂ ਖਾਸ ਕਰਕੇ ਫਲ ਅਤੇ ਸਬਜ਼ੀਆਂ ਮਹਿੰਗੇ ਭਾਅ ’ਤੇ ਵੇਚੀਆਂ ਜਾ ਰਹੀਆਂ ਹਨ। ਜਿਸ ਕਾਰਨ ਕਰੋਨਾਵਾਇਰਸ ਕਾਰਨ ਕਰਫਿਊ ਦੇ ਝੰਬੇ ਲੋਕ ਹੁਕਮਰਾਨਾਂ ਨੂੰ ਕੋਸ ਰਹੇ ਹਨ। ਹਾਲਾਂਕਿ ਕੁਝ ਦਿਨ ਪਹਿਲਾਂ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸਬਜ਼ੀਆਂ ਦੇ ਭਾਅ ਨਿਰਧਾਰਿਤ ਕਰਕੇ ਰੇਹੜੀ ਵਾਲਿਆਂ ਨੂੰ ਸਬਜ਼ੀ ਵੇਚਣ ਸਮੇਂ ਆਪੋ ਆਪਣੀਆਂ ਰੇਹੜੀਆਂ ’ਤੇ ਸਬਜ਼ੀਆਂ ਦੇ ਭਾਅ ਦੀ ਸੂਚੀ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਪ੍ਰੰਤੂ ਪ੍ਰਸ਼ਾਸਨ ਦੀਆਂ ਇਨ੍ਹਾਂ ਹਦਾਇਤਾਂ ’ਤੇ ਅਮਲ ਨਹੀਂ ਹੋ ਰਿਹਾ ਹੈ।
ਗੁਰੂ ਤੇਗ ਬਹਾਦਰ ਕੰਪਲੈਕਸ ਦੇ ਵਸਨੀਕ ਅਮਰੀਕ ਸਿੰਘ ਧਾਲੀਵਾਲ, ਸੈਕਟਰ-70 ਦੇ ਜਯੋਤੀ ਸਿੰਗਲਾ ਅਤੇ ਸੁਮਿਤ ਸਿੰਗਲਾ ਨੇ ਦੱਸਿਆ ਕਿ ਗਲੀ ਮੁਹੱਲੇ ਵਿੱਚ ਘੁੰਮ ਫਿਰ ਕੇ ਸਬਜ਼ੀ ਅਤੇ ਫਰੂਟ ਆਦਿ ਵੇਚਣ ਵਾਲੇ ਜ਼ਿਆਦਾਤਰ ਰੇਹੜੀਆਂ ਵਾਲਿਆਂ ਨੇ ਰੇਟ ਲਿਸਟ ਨਹੀਂ ਲਗਾਈ ਹੁੰਦੀ ਹੈ ਅਤੇ ਉਹ ਮਨਮਰਜ਼ੀ ਨਾਲ ਸਬਜ਼ੀਆਂ ਮਹਿੰਗੇ ਭਾਅ ’ਤੇ ਵੇਚਦੇ ਹਨ। ਲੋਕਾਂ ਵੱਲੋਂ ਪੁੱਛੇ ਜਾਣ ’ਤੇ ਰੇਹੜੀ ਵਾਲੇ ਇਹ ਕਹਿ ਕੇ ਗੱਲ ਨੂੰ ਟਾਲ ਦਿੰਦੇ ਹਨ ਕਿ ਕਰਫਿਊ ਕਾਰਨ ਪਿੱਛੋਂ ਸਬਜ਼ੀਆਂ ਸਪਲਾਈ ਨਹੀਂ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਵੀ ਸਾਰਾ ਸ਼ਮਾਲ ਮਹਿੰਗੇ ਭਾਅ ’ਤੇ ਮਿਲਦਾ ਹੈ। ਜਦੋਂਕਿ ਸੈਕਟਰ-70 ਵਿੱਚ ਸਬਜ਼ੀ ਵੇਚਣ ਵਾਲੇ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਰੇਟ ਲਿਸਟ ਮੁਹੱਈਆ ਨਹੀਂ ਕਰਵਾਈ ਹੈ। ਇਸੇ ਤਰ੍ਹਾਂ ਹੋਰਨਾਂ ਇਲਾਕਿਆਂ ’ਚੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ। ਛੋਟੇ ਹਾਥੀ ਅਤੇ ਥ੍ਰੀ ਵੀਲ੍ਹਰਾਂ ’ਤੇ ਵੀ ਕੁਝ ਲੋਕ ਸਬਜ਼ੀਆਂ ਅਤੇ ਫਲ ਵੇਚ ਰਹੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਮੂੰਹ ’ਤੇ ਮਾਸਕ ਵੀ ਨਹੀਂ ਲਿਆ ਹੁੰਦਾ ਹੈ ਅਤੇ ਨਾ ਹੀ ਹੱਥਾਂ ਵਿੱਚ ਦਸਤਾਨੇ ਪਾਏ ਹੁੰਦੇ ਹਨ।
(ਬਾਕਸ ਆਈਟਮ)
ਇੱਥੋਂ ਦੇ ਕਸਬਾ-ਨੁਮਾ ਪਿੰਡ ਬਲੌਂਗੀ ਵਿੱਚ ਘਰੇਲੂ ਗੈਸ ਦੀ ਕਥਿਤ ਕਾਲਾ-ਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਬਲੌਂਗੀ ਵਾਸੀ ਰੌਣਕ ਵਰਮਾ, ਸੁਮਿਤ ਮਿਸ਼ਰਾ ਅਤੇ ਸੋਨੂੰ ਨੇ ਦੱਸਿਆ ਕਿ ਕਈ ਸਿਲੰਡਰਾਂ ’ਚੋਂ 2-3 ਕਿੱਲੋ ਗੈਸ ਘੱਟ ਨਿਕਲ ਰਹੀ ਹੈ। ਸਥਾਨਕ ਲੋਕਾਂ ਨੇ ਘਰੇਲੂ ਗੈਸ ਸਪਲਾਈ ਕਰਨ ਆਏ ਵਾਹਨਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਲੇਕਿਨ ਕੋਈ ਕਾਰਵਾਈ ਨਹੀਂ ਹੋਈ। ਉਲਟਾ ਲੋਕਾਂ ਨੂੰ ਹੀ ਉਨ੍ਹਾਂ ਖ਼ਿਲਾਫ਼ ਕਾਰਵਾਈ ਦਾ ਡਰਾਵਾ ਦੇ ਕੇ ਚੁੱਪ ਕਰਵਾਇਆ ਗਿਆ। ਪੀੜਤ ਲੋਕਾਂ ਨੇ ਗੈਸ ਏਜੰਸੀ ਵਾਲੇ ’ਤੇ ਉਨ੍ਹਾਂ ਨੂੰ ਧਮਕਾਉਣ ਦਾ ਦੋਸ਼ ਲਾਇਆ। ਇਸ ਸਬੰਧੀ ਬਲੌਂਗੀ ਥਾਣੇ ਦੇ ਐਸਐਚਓ ਅਮਰਦੀਪ ਸਿੰਘ ਨੇ ਕਿਹਾ ਕਿ ਬਲੌਂਗੀ ਵਿੱਚ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਗੈਸ ਏਜੰਸੀ ਵਾਲੇ ਨੇ ਕਿਸੇ ਪੀੜਤ ਨੂੰ ਨਹੀਂ ਧਮਕਾਇਆ ਹੈ। ਇਹ ਲੋਕ ਝੂਠ ਬੋਲ ਰਹੇ ਹਨ। ਉਂਜ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।