
ਕੋਈ ਵੀ ਲੋੜਵੰਦ ਪੈਨਸ਼ਨ ਤੋਂ ਵਾਂਝਾ ਨਹੀਂ ਰਹੇਗਾ: ਬਲਬੀਰ ਸਿੱਧੂ
ਮੁਹਾਲੀ ਦੇ 50 ਵਾਰਡਾਂ ਵਿੱਚ ਕੈਂਪ ਲਾ ਕੇ ਪੈਨਸ਼ਨਾਂ ਦੇ ਫਾਰਮ ਭਰੇ ਤੇ ਮਨਜ਼ੂਰੀ ਪੱਤਰ ਵੰਡੇ
ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਵੰਡੇ ਗਏ
ਸਿਹਤ ਮੰਤਰੀ ਨੇ ਫ਼ੇਜ਼ 4 ਤੋਂ ਕੀਤੀ ਮੁਹਿੰਮ ਦੀ ਸ਼ੁਰੂਆਤ
ਨਬਜ਼-ਏ-ਪੰਜਾਬ ਬਿਊਰੋ, ਐਸ.ਏ.ਐਸ. ਨਗਰ, 9 ਜੁਲਾਈ:
‘‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਕਿ ਰਾਜ ਵਿੱਚ ਕੋਈ ਵੀ ਲੋੜਵੰਦ ਪੈਨਸ਼ਨਾਂ ਤੋਂ ਵਾਂਝਾ ਨਾ ਰਹੇ ਅਤੇ ਯੋਗ ਵਿਅਕਤੀਆਂ ਨੂੰ ਪੈਨਸ਼ਨਾਂ ਉਨਾਂ ਦੇ ਘਰ ਘਰ ਜਾ ਕੇ ਲਾਈਆਂ ਜਾਣ। ਇਸੇ ਲੜੀ ਤਹਿਤ ਅੱਜ ਮੁਹਾਲੀ ਦੇ 50 ਵਾਰਡਾਂ ਵਿੱਚ ਕੈਂਪ ਲਾ ਕੇ ਪੈਨਸ਼ਨਾਂ ਦੇ ਫਾਰਮ ਭਰੇ ਗਏ ਅਤੇ ਮਨਜ਼ੂਰੀ ਪੱਤਰ ਵੰਡੇ ਗਏ।’’ ਇਹ ਖੁਲਾਸਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਥੇ ਫ਼ੇਜ਼ 4 ਦੇ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਸਾਹਮਣੇ ਲੱਗੇ ਕੈਂਪ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੀਤਾ।
ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਮੁਹਾਲੀ ਸ਼ਹਿਰ ਦੇ 50 ਵਾਰਡਾਂ ਵਿੱਚ ਇਹ ਲੋਕ ਭਲਾਈ ਕੈਂਪ ਲਾਏ ਗਏ, ਜਿਨਾਂ ਵਿੱਚ ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਨੂੰ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੰਡੇ ਗਏ। ਉਨਾਂ ਦੱਸਿਆ ਕਿ ਇਸ ਦੌਰਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਵੀ ਵੰਡੇ ਗਏ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਮੰਤਵ ਹੈ ਕਿ ਕੋਈ ਵੀ ਲੋੜਵੰਦ ਪੈਨਸ਼ਨਾਂ ਤੋਂ ਵਿਰਵਾ ਨਹੀਂ ਰਹਿਣਾ ਚਾਹੀਦਾ ਅਤੇ ਲੋਕਾਂ ਨੂੰ ਘਰ ਘਰ ਜਾ ਕੇ ਇਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸੇ ਮੰਤਵ ਦੀ ਪੂਰਤੀ ਲਈ ਇਹ ਕੈਂਪ ਲਾਏ ਜਾ ਰਹੇ ਹਨ। ਸ. ਬਲਬੀਰ ਸਿੰਘ ਸਿੱਧੂ ਨੇ ਇਸ ਮਗਰੋਂ ਫ਼ੇਜ਼ 2 ਤੇ ਮਦਨਪੁਰਾ ਚੌਕ ਵਿੱਚ ਲੱਗੇ ਕੈਂਪ ਵਿੱਚ ਵੀ ਸ਼ਮੂਲੀਅਤ ਕੀਤੀ ਅਤੇ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੰਡੇ। ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਫੈਲਣ ਕਾਰਨ ਲੋਕ ਸਰਕਾਰੀ ਦਫ਼ਤਰਾਂ ਵਿੱਚ ਜਾਣ ਤੋਂ ਡਰ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਸਹੂਲਤ ਉਨਾਂ ਦੇ ਘਰ ਨੇੜੇ ਦੇਣ ਲਈ ਇਹ ਕੈਂਪ ਲਾਏ ਗਏ ਹਨ। ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਨਜ਼ੂਰ ਕੀਤੀਆਂ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੀ ਸੌਂਪੇ ਗਏ।
ਇਸ ਦੌਰਾਨ ਸਿਹਤ ਮੰਤਰੀ ਨੇ ਕੋਰੋਨਾ ਤੋਂ ਬਚਾਅ ਦੇ ਤਰੀਕੇ ਅਪਨਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਹਾਲ ਦੀ ਘੜੀ ਬਚਾਅ ਹੀ ਇਸ ਬਿਮਾਰੀ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਹੈ। ਇਸ ਲਈ ਜ਼ਰੂਰੀ ਹੈ ਕਿ ਸਿਰਫ਼ ਬਹੁਤ ਜ਼ਿਆਦਾ ਲੋੜ ਵੇਲੇ ਹੀ ਘਰਾਂ ਤੋਂ ਬਾਹਰ ਨਿਕਲੋ ਤੇ ਬਾਹਰ ਨਿਕਲਣ ਵੇਲੇ ਮਾਸਕ ਪਾ ਕੇ ਰੱਖੋ। ਆਪਣੇ ਹੱਥਾਂ ਨੂੰ ਬਾਰ ਬਾਰ ਘੱਟੋ ਘੱਟ 20 ਸਕਿੰਟ ਲਈ ਸਾਬਣ ਨਾਲ ਧੋਵੋ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰੋ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਰਾਜਿੰਦਰ ਸਿੰਘ ਰਾਣਾ ਸਾਬਕਾ ਪ੍ਰਧਾਨ ਨਗਰ ਕੌਂਸਲ, ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਮੁਹਾਲੀ, ਜਸਪ੍ਰੀਤ ਕੌਰ ਸਾਬਕਾ ਕੌਂਸਲਰ, ਰਾਜਾ ਕੰਵਰਜੋਤ ਸਿੰਘ, ਰੁਪਿੰਦਰ ਕੌਰ ਰੀਨਾ, ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਚੌਹਾਨ, ਹਰਪ੍ਰੀਤ ਸਿੰਘ ਬੰਟੀ, ਅਮਰਜੀਤ ਸਿੰਘ ਬਰਾੜ, ਅਮਰਜੀਤ ਸਿੰਘ ਕੋਹਲੀ, ਜਸਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਡਾ. ਗੁਰਦੀਪ ਸਿੰਘ, ਖੇਮ ਸਿੰਘ ਸੈਣੀ, ਗੁਲਜੀਤ ਸਿੰਘ, ਸ੍ਰੀਮਤੀ ਕਿਰਨ, ਜਗਦੀਪ ਸਿੰਘ, ਸੁਖਵਿੰਦਰ ਸਿੰਘ ਬੇਦੀ, ਗੁਰਪਾਲ ਸਿੰਘ ਬੈਦਵਾਣ ਮਦਨਪੁਰਾ, ਕਰਨ ਜੌਹਰ ਤੇ ਜੇ.ਪੀ. ਅਗਰਵਾਲ ਹਾਜ਼ਰ ਸਨ।