nabaz-e-punjab.com

43 ਸਾਲਾਂ ਵਿੱਚ ਕਦੇ ਵੀ ਕਿਸੇ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਹਾਲੀ ਦੇ ਸਥਾਪਨਾ ਦਿਵਸ ਦਾ ਚੇਤਾ ਨਹੀਂ ਆਇਆ

1 ਨਵੰਬਰ 1975 ਨੂੰ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਰੱਖਿਆ ਸੀ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਦਾ ਨੀਂਹ ਪੱਧਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਪਿਛਲੇ 43 ਸਾਲਾਂ ਵਿੱਚ ਕਦੇ ਵੀ ਕਿਸੇ ਪਾਰਟੀ ਦੀ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਹਾਲੀ ਦਾ ਸਥਾਪਨਾ ਦਿਵਸ ਨਹੀਂ ਮਨਾਇਆ ਹੈ। ਇਹੀ ਨਹੀਂ ਮੌਜੂਦਾ ਹੁਕਮਰਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਇਹ ਵੀ ਪਤਾ ਨਹੀਂ ਹੈ ਕਿ ਨੀਂਹ ਪੱਥਰ ਕਿਸ ਥਾਂ ’ਤੇ ਰੱਖਿਆ ਗਿਆ ਸੀ। ਅਧਿਕਾਰੀਆਂ ਦੀ ਬੇਧਿਆਨੀ ਦੇ ਚੱਲਦਿਆਂ ਨੀਂਹ ਪੱਥਰ ਵੀ ਕਾਫੀ ਸਮਾਂ ਪਹਿਲਾਂ ਤੋਂ ਗਾਇਬ ਹੈ ਪ੍ਰੰਤੂ ਕਿਸੇ ਅਧਿਕਾਰੀ ਨੇ ਇਸ ਦੀ ਖੋਜ ਕਰਨ ਦੀ ਖੇਚਲ ਤੱਕ ਨਹੀਂ ਕੀਤੀ। ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਵੀ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਮੁਹਾਲੀ ਦਾ ਸਥਾਪਨਾ ਦਿਵਸ ਨਹੀਂ ਮਨਾਇਆ ਹੈ ਅਤੇ ਮੌਜੂਦਾ ਸਮੇਂ ਵਿੱਚ ਵੀ ਅਜਿਹਾ ਹੰਭਲਾ ਨਹੀਂ ਮਾਰਿਆ ਜਾ ਰਿਹਾ ਹੈ। ਇੱਥੋਂ ਤੱਕ ਜਿਸ ਥਾਂ ’ਤੇ ਤਤਕਾਲੀ ਮੁੱਖ ਮੰਤਰੀ ਨੇ ਨੀਂਹ ਪੱਥਰ ਰੱਖਿਆ ਸੀ। ਉਸ ਇਲਾਕੇ ਦੀ ਹਾਲਤ ਕਾਫੀ ਬਦਤਰ ਬਣੀ ਹੋਈ ਹੈ ਜਦੋਂਕਿ ਬਾਅਦ ਵਿੱਚ ਵਿਕਸਤ ਕੀਤੇ ਖੇਤਰਫਲ ਦੀ ਹਾਲਤ ਕਾਫੀ ਠੀਕ ਹੈ ਪ੍ਰੰਤੂ ਮੁਹਾਲੀ ਪਿੰਡ ਦੇ ਲੋਕ ਅੱਜ ਵੀ ਨਰਕ ਭੋਗਣ ਲਈ ਮਜਬੂਰ ਹਨ।
ਇਕੱਤਰ ਜਾਣਕਾਰੀ ਅਨੁਸਾਰ ਪਹਿਲੀ ਨਵੰਬਰ 1975 ਨੂੰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਮੁਹਾਲੀ ਦੀ ਸਥਾਪਨਾ ਕਰਨ ਸਮੇਂ ਸ਼ਹਿਰ ਦਾ ਨਾਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਏ.ਐਸ.ਨਗਰ) ਰੱਖਿਆ ਗਿਆ ਸੀ। ਇਸ ਸਬੰਧੀ ਪੁਰਾਣੇ ਮੁਹਾਲੀ ਪਿੰਡ ਦੇ ਬਾਹਰਵਾਰ ਇੱਕ ਸਨਅਤੀ ਪਲਾਟ ਦੇ ਕੋਨੇ ’ਤੇ ਗਿਆਨੀ ਜੀ ਨੇ ਨੀਂਹ ਪੱਥਰ ਰੱਖਿਆ ਸੀ, ਪ੍ਰੰਤੂ ਬਾਅਦ ਵਿੱਚ ਅਫ਼ਸਰਸ਼ਾਹੀ ਵੱਲੋਂ ਉਸ ਨੀਂਹ ਪੱਥਰ ਦੀ ਸਹੀ ਤਰੀਕੇ ਨਾਲ ਸੰਭਾਲ ਵੀ ਨਹੀਂ ਕੀਤੀ ਗਈ। ਇਸ ਸਬੰਧੀ ਇਸ ਪੱਤਰਕਾਰ ਵੱਲੋਂ ਮੌਜੂਦਾ ਅਤੇ ਪਹਿਲਾਂ ਸੱਤਾ ਦਾ ਨਿੱਘ ਮਾਣਨ ਵਾਲੇ ਰਾਜਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰਿਆਂ ਨੇ ਅਣਜਾਣਤਾ ਪ੍ਰਗਟਾਈ।
ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਅਗਲੇ ਸਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਐਸ.ਏ.ਐਸ. ਨਗਰ (ਮੁਹਾਲੀ) ਦਾ ਸਥਾਪਨਾ ਦਿਵਸ ਮਨਾਇਆ ਜਾਵੇ। ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਬਿਲਕੁਲ ਅਣਜਾਣਤਾ ਪ੍ਰਗਟ ਕੀਤੀ ਪ੍ਰੰਤੂ ਮੀਡੀਆ ਦੀ ਜਾਣਕਾਰੀ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੁਣ ਉਹ ਇਸ ਗੱਲ ਦਾ ਪਤਾ ਲਗਾਉਣਗੇ ਕਿ ਸ਼ਹਿਰ ਦੀ ਸਥਾਪਨਾ ਸਬੰਧੀ ਕਿਹੜੀ ਥਾਂ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਪੱਥਰ ਕਿੱਥੇ ਹੈ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਨ.ਕੇ. ਸ਼ਰਮਾ ਨੇ ਕਿਹਾ ਕਿ ਬੇਸ਼ੱਕ ਮੁਹਾਲੀ ਦਾ ਨੀਂਹ ਪੱਥਰ ਕਾਂਗਰਸੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਰੱਖਿਆ ਗਿਆ ਸੀ ਪ੍ਰੰਤੂ ਬਾਅਦ ਵਿੱਚ ਜਿੰਨੀਆਂ ਵੀ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਬਣੀਆਂ ਉਨ੍ਹਾਂ ਨੇ ਕਦੇ ਵੀ ਮੁਹਾਲੀ ਦੀ ਤਰੱਕੀ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਕਦੇ ਕਿਸੇ ਨੂੰ ਸਥਾਪਨਾ ਦਿਵਸ ਮਨਾਉਣ ਦਾ ਚੇਤਾ ਨਹੀਂ ਆਇਆ। ਉਨ੍ਹਾਂ ਦਅਵਾ ਕੀਤਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਸਰਕਾਰ ਨੇ ਮੁਹਾਲੀ ਨੂੰ ਦੁਨੀਆਂ ਦੇ ਨਕਸ਼ੇ ’ਤੇ ਪਹੁੰਚਾਇਆ ਹੈ। ਇੱਥੇ ਕੌਮਾਂਤਰੀ ਹਵਾਈ ਅੱਡਾ, ਏਸੀ ਬੱਸ ਅੱਡਾ, ਦਰਜਨ ਦੇ ਕਰੀਬ ਖੇਡ ਸਟੇਡੀਅਮ, ਨੇਚਰ ਪਾਰਕ ਅਤੇ ਚੱਪੜਚਿੜੀ ਜੰਗੀ ਯਾਦਗਾਰ ਬਣਾਈ ਗਈ ਹੈ।
(ਬਾਕਸ ਆਈਟਮ)
ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਵਾਸੀਆਂ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਦੀ ਮੁਹਾਲੀ ਨੂੰ ਬਹੁਤ ਵੱਡੀ ਦੇਣ ਹੈ। ਇੱਕ ਨਵੰਬਰ 1975 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਮੁਹਾਲੀ ਦਾ ਨੀਂਹ ਪੱਥਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਜੋਂ ਰੱਖਿਆ ਗਿਆ। ਇਸ ਤੋਂ ਬਾਅਦ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਮੁਹਾਲੀ ਵਿੱਚ ਅੰਤਰਰਾਜ਼ੀ ਬੱਸ ਅੱਡਾ ਬਣਾਇਆ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਹਿਲੀ ਕਾਂਗਰਸ ਸਰਕਾਰ ਨੇ ਮੁਹਾਲੀ ਨੂੰ ਜ਼ਿਲ੍ਹੇ ਦਾ ਦਰਜ ਦਿੱਤਾ ਅਤੇ ਮੈਗਾ ਹਾਊਸਿੰਗ ਪ੍ਰਾਜੈਕਟ ਲਿਆਂਦੇ ਗਏ ਪ੍ਰੰਤੂ ਪਿਛਲੇ 10 ਸਾਲਾਂ ਵਿੱਚ ਅਕਾਲੀਆਂ ਨੇ ਮੁਹਾਲੀ ਸਮੇਤ ਸਮੁੱਚੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਉਨ੍ਹਾਂ ਭਰੋਸਾ ਦਿੱਤਾ ਕਿ ਮੁਹਾਲੀ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਹਲਕਾ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। (ਧੰਨਵਾਦ ਸਾਹਿਤ ਪੰਜਾਬੀ ਟ੍ਰਿਬਿਊਨ)

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …