ਜਯੋਤੀ ਕਤਲ ਮਾਮਲੇ ਵਿੱਚ ਪੁਲੀਸ ਨੂੰ ਨਹੀਂ ਮਿਲਿਆ ਸੁਰਾਗ, ਹਨੇਰੇ ਵਿੱਚ ਹੱਥ ਪੈਰ ਮਾਰ ਰਹੀ ਹੈ ਜਾਂਚ ਟੀਮ

ਕਤਲ ਤੋਂ ਪਹਿਲਾਂ ਲੜਕੀ ਨਾਲ ਬਲਾਤਕਾਰ ਦੀ ਨਾਕਾਮ ਕੋਸ਼ਿਸ਼? ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ’ਚ ਜੁਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਸਥਾਨਕ ਸੈਕਟਰ 69 ਵਿੱਚ ਬੀਤੇ ਕੱਲ੍ਹ ਬਾਅਦ ਦੁਪਹਿਰ ਝਾੜੀਆਂ ਵਿੱਚ ਬਰਾਮਦ ਹੋਈ ਇੱਕ ਨੌਜਵਾਨ ਲੜਕੀ (ਜਯੋਤੀ) ਦੇ ਕਤਲ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਦੇ ਹੱਥ ਪੂਰੀ ਤਰ੍ਹਾਂ ਖਾਲੀ ਹਨ ਅਤੇ ਪੁਲੀਸ ਇਸ ਸਬੰਧੀ ਹੁਣ ਵੱਖ ਵੱਖ ਪੱਖਾਂ ਤੋਂ ਜਾਂਚ ਕਰ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ ਕਿ ਅਸਲ ਵਿੱਚ ਇਹ ਵਾਰਦਾਤ ਕਿਵੇਂ ਹੋਈ ਅਤੇ ਇਸ ਨੂੰ ਕਿੱਥੇ ਅੰਜਾਮ ਦਿੱਤਾ ਗਿਆ। ਇਸ ਦੌਰਾਨ ਪੁਲੀਸ ਵੱਲੋਂ ਅੱਜ ਮ੍ਰਿਤਕ ਲੜਕੀ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਪੁਲੀਸ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਚਾਰ ਟੀਮਾਂ ਬਣਾਈਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਇਸ ਪੂਰੇ ਖੇਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ (ਜੇਕਰ ਰਿਕਾਰਡ ਹੋਈ ਹੋਵੇ) ਤਾਂ ਪੁਲੀਸ ਦੀ ਜਾਣਕਾਰੀ ਵਿੱਚ ਆਏ।
ਇੱਥੇ ਜ਼ਿਕਰਯੋਗ ਹੈ ਕਿ ਬੀਤੇ ਕੱਲ ਸੈਕਟਰ 69 ਵਿੱਚ ਇੱਕ 17 ਸਾਲ ਦੀ ਨੌਜਵਾਨ ਲੜਕੀ ਦੀ ਲਾਸ਼ ਮਿਲੀ ਸੀ, ਜਿਸਦੇ ਸ਼ਰੀਰ ਤੇ ਇੱਕ ਦਰਜਨ ਦੇ ਕਰੀਬ ਜ਼ਖ਼ਮ ਸੀ ਅਤੇ ਕਾਤਲਾਂ ਵਲੋੱ ਬੜੀ ਬੇਦਰਦੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹ ਲੜਕੀ ਸੈਕਟਰ 69 ਵਿੱਚ ਹੀ ਇੱਕ ਕੋਠੀ ਵਿੱਚ ਕੰਮ ਕਰਦੀ ਸੀ ਜਿੱਥੇ ਉਸਦਾ ਕੰਮ ਪਰਿਵਾਰ ਦੇ ਛੋਟੇ ਬੱਚੇ ਨੂੰ ਸੰਭਾਲਨਾ ਸੀ। ਉਸ ਰੋਜ਼ਾਨਾ 9 ਵਜੇ ਆਪਣੇ ਕੰਮ ਤੇ ਜਾਂਦੀ ਸੀ ਅਤੇ ਸ਼ਾਮ ਨੂੰ 4-5 ਵਜੇ ਦੇ ਆਸਪਾਸ ਆਪਣੇ ਘਰ (ਪਿੰਡ ਮਟੌਰ) ਵਾਪਸ ਚਲੀ ਜਾਂਦੀ ਸੀ।
ਜਿਸ ਪਰਿਵਾਰ ਵਿੱਚ ਲੜਕੀ ਕੰਮ ਕਰਦੀ ਸੀ ਉਸ ਦਾ ਕਹਿਣਾ ਹੈ ਕਿ ਉਹ ਇੱਕ ਸ਼ਰੀਫ ਅਤੇ ਇਮਾਨਦਾਰ ਕੁੜੀ ਸੀ ਅਤੇ ਉਸਨੇ ਉਹਨਾਂ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਪਰਿਵਾਰ ਦੇ ਮਨਦੀਪ ਸਿੰਘ ਐਡਵੋਕੇਟ ਅਨੁਸਾਰ ਬੀਤੀ 9 ਨਵੰਬਰ ਨੂੰ ਉਹ ਰੋਜਾਨਾ ਵਾਂਗ ਕੰਮ ਤੋਂ ਘਰ ਗਈ ਸੀ ਅਤੇ 10 ਨਵੰਬਰ ਨੂੰ ਉਸ ਦਾ ਛੋਟਾ ਭਰਾ ਉਹਨਾਂ ਦੇ ਘਰ ਆਇਆ ਸੀ ਜਿਸ ਦਾ ਕਹਿਣਾ ਸੀ ਕਿ ਉਸ ਦੀ ਭੈਣ ਘਰ ਹੀ ਨਹੀਂ ਪਰਤੀ। ਇਸ ਤੋਂ ਬਾਅਦ ਉਹ ਉਸ ਬੱਚੇ ਦੇ ਨਾਲ ਪੁਲੀਸ ਥਾਣੇ ਵੀ ਗਏ ਸੀ ਤਾਂ ਜੋ ਉਸਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਜਾ ਸਕੇ ਪ੍ਰੰਤੂ ਪੁਲੀਸ ਵਾਲਿਆਂ ਨੇ ਇਹ ਕਹਿ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਕਿ ਲੜਕੀ ਦਾ ਭਰਾ ਨਾਬਾਲਗ ਹੈ ਅਤੇ ਉਸ ਦੇ ਮਾਤਾ ਪਿਤਾ (ਜੋ ਉਸ ਵੇਲੇ ਯੂਪੀ ਗਏ ਹੋਏ ਸਨ) ਦੇ ਵਾਪਸ ਆਉਣ ਤੇ ਪੁਲੀਸ ਵੱਲੋਂ ਰਿਪੋਰਟ ਲਿਖੀ ਜਾਵੇਗੀ।
ਇਸ ਮਾਮਲੇ ਵਿੱਚ ਅੱਜ ਪੁਲੀਸ ਅਧਿਕਾਰੀ ਇਹੀ ਕਹਿੰਦੇ ਰਹੇ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਹੁਣ ਇਹ ਵੀ ਨਹੀਂ ਦੱਸ ਰਹੀ ਕਿ ਇਸ ਲੜਕੀ ਦਾ ਕਤਲ ਉਸੇ ਥਾਂ ’ਤੇ ਹੋਇਆ ਜਿੱਥੇ ਉਸ ਦੀ ਲਾਸ਼ ਮਿਲੀ ਜਾਂ ਫਿਰ ਉਸ ਨੂੰ ਕਾਤਲਾਂ ਵੱਲੋਂ ਕਿਸੇ ਹੋਰ ਥਾਂ ’ਤੇ ਕਤਲ ਕਰਨ ਉਪਰੰਤ ਇੱਥੇ ਲਿਆ ਕੇ ਸੁੱਟਿਆ ਗਿਆ। ਇਸ ਦੌਰਾਨ ਅੱਜ ਇਸ ਲੜਕੀ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਵੱਲੋਂ ਵੀ ਇਸ ਸਬੰਧੀ ਕੋਈ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਗਿਆ ਪ੍ਰੰਤੂ ਸੂਤਰ ਦੱਸਦੇ ਹਨ ਕਿ ਡਾਕਟਰ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਮ੍ਰਿਤਕ ਲੜਕੀ ਦੇ ਕਤਲ ਤੋਂ ਪਹਿਲਾਂ ਉਸ ਨਾਲ ਕਥਿਤ ਬਲਾਤਕਾਰ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ।
ਉਧਰ, ਇਸ ਦੌਰਾਨ ਸਿਵਲ ਹਸਪਤਾਲ ਪਹੁੰਚੇ ਮ੍ਰਿਤਕ ਲੜਕੀ ਜਯੋਤੀ ਦੇ ਪਿਤਾ ਨਵਰਤਨ ਨੇ ਪੱਤਰਕਾਰਾਂ ਨੂੰ ਦੱਸਿਆ ਉਹਨਾਂ ਦਾ ਪਰਿਵਾਰ ਦੋ ਸਾਲਾਂ ਤੋਂ ਮਟੌਰ ਵਿੱਚ ਰਹਿ ਰਿਹਾ ਹੈ ਅਤੇ ਉਹ ਯੂਪੀ ਦੇ ਜ਼ਿਲ੍ਹਾ ਸੰਬਲ ਦੇ ਪਿੰਡ ਚੰਦੋਸ਼ੀ ਦੇ ਵਸਨੀਕ ਹਨ। ਉਹਨਾਂ ਕਿਹਾ ਕਿ ਬੀਤੀ 9 ਨਵੰਬਰ ਨੂੰ ਜਯੋਤੀ ਘਰ ਤੋਂ ਸਵੇਰੇ ਕੰਮ ਕਰਨ ਲਈ ਸੈਕਟਰ 69 ਵਿੱਚ ਗਈ ਸੀ ਪਰ ਉਥੋਂ ਮੁੜਕੇ ਵਾਪਸ ਨਹੀਂ ਆਈ। ਜਦੋਂ ਰਾਤ ਤਕ ਉਹਨਾਂ ਦੀ ਲੜਕੀ ਘਰ ਨਹੀਂ ਪਰਤੀ ਤਾਂ ਉਹਨਾਂ ਕੋਠੀ ਦੇ ਮਾਲਕ ਨਾਲ ਸੰਪਰਕ ਕੀਤਾ ਪਰ ਜਯੋਤੀ ਦਾ ਕੁਝ ਪਤਾ ਨਾ ਲਗਿਆ। ਉਹਨਾਂ ਕਿਹਾ ਕਿ 10 ਨਵੰਬਰ ਨੂੰ ਉਹ ਮੁੜ ਸੈਕਟਰ 69 ਗਏ ਤਾਂ ਉਹਨਾਂ ਨੂੰ ਲੜਕੀ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਹਨਾਂ ਨੇ ਪੁਲੀਸ ਵਿੱਚ ਜਯੋਤੀ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਹਨਾਂ ਦੱਸਿਆ ਕਿ ਬੀਤੇ ਕੱਲ੍ਹ ਦੁਪਹਿਰ ਕਰੀਬ 3.30 ਵਜੇ ਪੁਲੀਸ ਨੇ ਉਹਨਾਂ ਨੂੰ ਦੱਸਿਆ ਕਿ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਨੇੜੇ ਜੰਗਲ ’ਚੋਂ ਇਕ ਲੜਕੀ ਦੀ ਲਾਸ਼ ਮਿਲੀ ਹੈ, ਜਦੋਂ ਉਹ ਪਰਿਵਾਰ ਸਮੇਤ ਉਥੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਹ ਲਾਸ਼ ਉਹਨਾਂ ਦੀ ਲੜਕੀ ਜਯੋਤੀ ਦੀ ਸੀ। ਉਹਨਾਂ ਕਿਹਾ ਕਿ ਜਯੋਤੀ ਦੇ ਗਲੇ ਵਿੱਚ ਦੋ ਚੁੰਨੀਆਂ ਬੰਨੀਆਂ ਹੋਈਆਂ ਸਨ ਤੇ ਉਸ ਦੇ ਸਰੀਰ ਉਪਰ ਚਾਕੂ ਦੇ ਕਈ ਨਿਸ਼ਾਨ ਸਨ। ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਬੇਟੀ ਦਾ ਇਸ ਵਹਿਸ਼ੀ ਤਰੀਕੇ ਨਾਲ ਕਤਲ ਕਰਨ ਵਾਲਿਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਅਤੇ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …