nabaz-e-punjab.com

ਕਾਂਗਰਸੀ ਸੰਸਦ ਮੈਂਬਰਾਂ ਨਾਲ ਨਾ ਤਾਂ ਕੋਈ ਮੀਟਿੰਗ ਤੈਅ ਹੋਈ ਸੀ ਤੇ ਨਾ ਹੀ ਮੁਲਤਵੀ ਕੀਤੀ: ਕੈਪਟਨ ਅਮਰਿੰਦਰ

ਪ੍ਰਤਾਪ ਬਾਜਵਾ ਤੇ ਹੋਰ ਪਾਰਟੀ ਸੰਸਦ ਮੈਂਬਰਾਂ ਨਾਲ ਮੀਟਿੰਗ ਰੱਦ ਕਰਨ ਦੀਆਂ ਰਿਪੋਰਟਾਂ ਰੱਦ:

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਨਵੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਅੱਗੇ ਪਾਉਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਮੀਟਿੰਗ ਤੈਅ ਹੀ ਨਹੀਂ ਸੀ ਕੀਤੀ ਗਈ। ਮੁੱਖ ਮੰਤਰੀ ਨੇ ਸੋਮਵਾਰ ਨੂੰ ਕਾਂਗਰਸੀ ਸੰਸਦ ਮੈਂਬਰਾਂ ਦੇ ਨਾਲ ਹੋਣ ਵਾਲੀ ਮੀਟਿੰਗ ਨੂੰ ਮੁਅੱਤਲ ਕਰਨ ਅਤੇ ਬਾਜਵਾ ਨੂੰ ਆਪਣੀਆਂ ਕਥਿਤ ਸ਼ਿਕਾਇਤਾਂ ਤੋਂ ਜਾਣੂੰ ਕਰਾਉਣ ਤੋਂ ਵਾਂਝਿਆ ਕਰਨ ਸਬੰਧੀ ਰਿਪੋਰਟਾਂ ਨੂੰ ਰੱਦ ਕਰ ਦਿੱਤਾ। ਇਨ੍ਹਾਂ ਰਿਪੋਰਟਾਂ ਨੂੰ ਕਾਲਪਨਿਕ ਅਤੇ ਆਧਾਰਹੀਣ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੀਟਿੰਗ ਸੋਮਵਾਰ ਨੂੰ ਕੀਤੇ ਜਾਣ ਦਾ ਸੁਆਲ ਹੀ ਨਹੀਂ ਸੀ ਉਠਦਾ ਕਿਉਂਕਿ ਕੁਲ ਹਿੰਦ ਕਾਂਗਰਸ ਕਮੇਟੀ ਨੇ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੀ ਚੋਣ ਮਿੁਹੰਮ ਦੇ ਪ੍ਰੋਗਰਾਮ ਨੂੰ ਅੰਤਮ ਰੂਪ ਦੇ ਦਿੱਤਾ ਸੀ।
ਅੱਜ ਇੱਥੇ ਜਾਰੀ ਇਕ ਬਿਆਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਬਾਜਵਾ ਸਣੇ ਪਾਰਟੀ ਦੇ ਸੰਸਦ ਮੈਂਬਰਾਂ ਦਾ ਕਿਸੇ ਵੀ ਸਮੇਂ ਉਨ੍ਹਾਂ ਨੂੰ ਮਿਲਣ ਦਾ ਪੂਰਾ ਸੁਆਗਤ ਹੈ ਪਰ ਸੰਸਦੀ ਇਜਲਾਸ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਏਜੰਡਾ ਸਥਾਪਤ ਕਰਨ ਲਈ ਮੀਟਿੰਗ ਸੱਦੇ ਜਾਣ ਬਾਰੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਇਹ ਪਾਰਟੀ ਲੀਡਰਾਂ ਦੇ ਅਧਿਕਾਰ ਖੇਤਰ ਵਿੱਚ ਹੈ। ਇਨ੍ਹਾਂ ਰਿਪੋਰਟਾਂ ਦੇ ਉਲਟ ਮੁੱਖ ਮੰਤਰੀ ਨੇ ਕਿਸੇ ਵੀ ਤਰ੍ਹਾਂ ਦੇ ਸੁਝਾਅ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦੇ ਹੋਏ ਕਿਹਾ ਕਿ ਜਿਹੜੀਆਂ ਅਫ਼ਵਾਹਾਂ ਫੈਲਾਈ ਜਾ ਰਹੀਆਂ ਹਨ, ਉਨ੍ਹਾਂ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬਾਜਵਾ ਦੀਆਂ ਕਥਿਤ ਸ਼ਿਕਾਇਤਾਂ ਬਾਰੇ ਸਿਰਫ ਮੀਡੀਆ ਵਿੱਚ ਹੀ ਪੜ੍ਹਿਆ ਤੇ ਸੁਣਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਕਦੇ ਵੀ ਖੁਦ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਆਇਆ। ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਦੀਆਂ ਕਥਿਤ ਸ਼ਿਕਾਇਤਾਂ ਬਾਰੇ ਪ੍ਰਕਾਸ਼ਿਤ ਰਿਪੋਰਟਾਂ ਨਿਰਾਧਾਰ ਹਨ ਅਤੇ ਅਜਿਹਾ ਜਾਪਦਾ ਹੈ ਕਿ ਇਹ ਮੀਡੀਆ ਦੀ ਕਲਪਨਾ ਦੀ ਉਪਜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੇ ਮੰਚ ’ਤੇ ਕਿਸੇ ਵੀ ਕਾਂਗਰਸੀ ਮੈਂਬਰ ਨੂੰ ਆਪਣੀਆਂ ਸ਼ਿਕਾਇਤਾਂ ਉਠਾਉਣ ਦਾ ਪੂਰਾ ਅਧਿਕਾਰ ਹੈ ਅਤੇ ਬਾਜਵਾ ਵੀ ਕਾਂਗਰਸ ਲੀਡਰਸ਼ਿਪ ਅੱਗੇ ਆਪਣੇ ਮੁੱਦੇ ਰੱਖਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਬਾਜਵਾ ਦੀ ਸੂਬਾ ਸਰਕਾਰ ਨਾਲ ਨਾਰਾਜ਼ਗੀ ਬਾਰੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ ਅਤੇ ਇਹ ਸਭ ਰਿਪੋਰਟਾਂ ਮੀਡੀਆ ਦੇ ਇਕ ਹਿੱਸੇ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਰਗੀ ਵੱਡੀ ਪਾਰਟੀ ਵਿੱਚ ਕੁਝ ਮੁੱਦਿਆਂ ’ਤੇ ਕੁਝ ਵਿਰੋਧਤਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਤਰ੍ਹਾਂ ਦੀਆਂ ਵਿਰੋਧਤਾਵਾਂ ਨੂੰ ਅੰਤਰ-ਪਾਰਟੀ ਵਿਚਾਰ-ਵਟਾਂਦਰੇ ਅਤੇ ਗੱਲਬਾਤ ਰਾਹੀਂ ਸੁਖਾਲੇ ਢੰਗ ਨਾਲ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸੰਸਦ ਮੈਂਬਰ ਜਾਂ ਵਿਧਾਇਕ ਜਾਂ ਪਾਰਟੀ ਵਰਕਰ ਨੂੰ ਅਸੰਤੁਸ਼ਟੀ ਹੈ ਤਾਂ ਉਸ ਨੂੰ ਪਾਰਟੀ ਪੱਧਰ ’ਤੇ ਇਹ ਮੁੱਦੇ ਉਠਾਉਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…