![](https://www.nabaz-e-punjab.com/wp-content/uploads/2021/08/Police-Chalan.jpg)
ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਘਰ ਪੁੱਜੇਗਾ ਚਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਹੁਣ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਖ਼ੈਰ ਨਹੀਂ ਹੈ। ਆਧੁਨਿਕੀਕਰਨ ਵੱਲ ਇਕ ਕਦਮ ਹੋਰ ਵਧਾਉਂਦਿਆਂ ਜ਼ਿਲ੍ਹਾ ਮੁਹਾਲੀ ਟਰੈਫ਼ਿਕ ਪੁਲੀਸ ਨੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਚਲਾਨ ਭੇਜਣ ਦਾ ਤਰੀਕਾ ਅਪਣਾਉਂਦਿਆਂ ਟਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦਾ ਨਵਾਂ ਰਾਹ ਲੱਭਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਐਸਐਸਪੀ ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਟਰੈਫ਼ਿਕ ਪੁਲੀਸ ਨੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਵਿਆਪਕ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸੜਕਾਂ ਉੱਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੁਹਾਲੀ ਅੰਦਰ ਵੱਖ-ਵੱਖ ਲਾਲ ਬੱਤੀ ਪੁਆਇੰਟਾਂ ’ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ (ਰੈੱਡ ਲਾਈਟ ਜੰਪ, ਡਬਲਿਊ/ਸੀਟ ਬੈਲਟ, ਜ਼ੈਬਰਾ ਕਰਾਸਿੰਗ, ਓਵਰ ਸਪੀਡ, ਡਬਲਿਊ/ਹੈਲਮਟ ਆਦਿ) ਉੱਤੇ ਨੇੜਿਓਂ ਨਿਗਰਾਨੀ ਰੱਖਣ ਲਈ ਵਧੀਆ ਕੁਆਲਿਟੀ ਦੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਐਸਪੀ ਕਲੇਰ ਨੇ ਦੱਸਿਆ ਕਿ ਇਨ੍ਹਾਂ ਸੀਸੀਟੀਵੀ ਕੈਮਰਿਆਂ ਰਾਹੀਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਫੜੇ ਜਾਣ ਤੋਂ ਬਾਅਦ ਚਲਾਨ ਦੀਆਂ ਰਸੀਦਾਂ ਉਨ੍ਹਾਂ ਦੇ ਘਰ ਦੇ ਪਤੇ ਉੱਤੇ ਭੇਜੀਆਂ ਜਾਣਗੀਆਂ। ਇਸ ਸਬੰਧੀ ਜ਼ਿਲ੍ਹਾ ਟਰਾਂਸਪੋਰਟ ਖੇਤਰੀ ਦਫ਼ਤਰ (ਆਰਟੀਏ) ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਅਗਸਤ 2021 ਤੋਂ ਹੁਣ ਤੱਕ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਹਾਲੀ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿੱਚ ਘਰ-ਘਰ ਜਾ ਕੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਹੁਣ ਤੱਕ 104 ਟਰੈਫ਼ਿਕ ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 11 ਚਾਲਕਾਂ ਦੇ ਘਰ ਦੇ ਪਤੇ ਸਹੀ ਨਾ ਮਿਲਣ ਕਾਰਨ ਇਸ ਬਾਰੇ ਸਬੰਧਤ ਖੇਤਰੀ ਟਰਾਂਸਪੋਰਟ ਅਥਾਰਟੀ ਨੂੰ ਲਿਖਤੀ ਰੂਪ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਹਨ ਚਾਲਕ\ਮਾਲਕ ਦੇ ਘਰ ਦਾ ਪਤਾ ਗਲਤ ਪਾਇਆ ਗਿਆ ਹੈ, ਸਬੰਧਤ ਵਾਹਨ ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ। ਇਸ ਲਈ ਭਵਿੱਖ ਵਿੱਚ ਜੇਕਰ ਕੋਈ ਡਰਾਈਵਰ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟਰੈਫਿਕ ਨਿਯਮਾਂ ਦੇ ਅਨੁਸਾਰ ਉਨ੍ਹਾਂ ਡਰਾਈਵਰਾਂ ਦੇ ਘਰ-ਘਰ ਜਾ ਕੇ ਚਲਾਨ ਕੱਟੇ ਜਾਣਗੇ।
ਐਸਪੀ ਨੇ ਦੱਸਿਆ ਕਿ ਟਰੈਫ਼ਿਕ ਨਿਯਮਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਯਮਾਂ ਦਾ ਪਾਲਣਾ ਨਾ ਕਰਨ ਕਾਰਨ ਦੇਸ਼ ਭਰ ਵਿੱਚ ਲੱਖਾਂ ਲੋਕ ਸੜਕ ਹਾਦਸਿਆਂ ਆਪਣੀਆਂ ਜਾਨਾਂ ਗਵਾ ਲੈਂਦੇ ਹਨ। ਟਰੈਫਿਕ ਐਜੂਕੇਸ਼ਨ ਸੈੱਲ, ਮੁਹਾਲੀ ਅਤੇ ਟਰੈਫ਼ਿਕ ਪੁਲੀਸ, ਮੁਹਾਲੀ ਸਮੇਂ-ਸਮੇਂ ਉਤੇ ਮੀਟਿੰਗਾਂ ਦਾ ਪ੍ਰਬੰਧ ਕਰਦੇ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਣੇ ਅਤੇ ਦੂਜਿਆਂ ਦੇ ਜੀਵਨ ਦੀ ਸੁਰੱਖਿਆ ਲਈ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।