
ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਉਲੰਘਣਾ ਕਰਨ ’ਤੇ ਕੱਟਿਆ ਜਾਵੇਗਾ ਕੁਨੈਕਸ਼ਨ
ਬਗੀਚਿਆਂ ਨੂੰ ਪਾਣੀ ਦੇਣ, ਫਰਸ਼ ਤੇ ਕਾਰਾਂ ਧੋਣ ’ਤੇ ਪਾਬੰਦੀ ਲਾਈ, ਲੋਕਾਂ ਤੋਂ ਵਸੂਲਿਆ ਜਾਵੇਗਾ ਭਾਰੀ ਜੁਰਮਾਨਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਮੁਹਾਲੀ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ ਹੈ। ਇਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਸਿਕੰਜ਼ਾ ਕੱਸ ਦਿੱਤਾ ਹੈ। ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਨਾ ਕੇਵਲ ਜੁਰਮਾਨਾ ਵਸੂਲਿਆ ਜਾਵੇਗਾ, ਸਗੋਂ ਸਬੰਧਤ ਖਪਤਕਾਰ ਦੇ ਘਰ ਅਤੇ ਦੁਕਾਨ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਇਹ ਤਾਜ਼ਾ ਆਦੇਸ਼ ਅੱਜ ਤੋਂ ਹੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖ਼ਸ਼ਿਆਂ ਨਹੀਂ ਜਾਵੇਗਾ।
ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਦੇ ਐਕਸੀਅਨ ਸੁਨੀਲ ਕੁਮਾਰ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਘਾਟ ਨੂੰ ਦੇਖਦਿਆਂ ਸਵੇਰ ਅਤੇ ਸ਼ਾਮ ਪਾਣੀ ਦੀ ਸਪਲਾਈ ਦੌਰਾਨ ਬਗੀਚਿਆਂ, ਗਮਲਿਆਂ ਵਿੱਚ ਲੱਗੇ ਬੂਟਿਆਂ ਨੂੰ ਟੁੱਟੀ ਤੋਂ ਸਿੱਧੀ ਪਾਈਪ ਲਗਾ ਕੇ ਪਾਣੀ ਦੇਣਾ, ਸਕੂਟਰ, ਕਾਰਾਂ ਜਾਂ ਹੋਰ ਗੱਡੀਆਂ ਧੋਣਾ, ਘਰਾਂ ਦੇ ਵਿਹੜੇ, ਫਰਸ਼, ਸੜਕਾਂ ਨੂੰ ਧੋਣ, ਫਰੂਲ ਤੋਂ ਮੀਟਰ ਤੱਕ ਪਾਈਪ ਵਿੱਚ ਕੋਈ ਵੀ ਲੀਕੇਜ ਹੋਣ, ਘਰ ਦੀ ਛੱਤ ਉੱਤੇ ਰੱਖੀ ਟੈਂਕੀ, ਡੈਜਰਟ ਕੂਲਰਾਂ ਦਾ ਪਾਣੀ ਓਵਰਫਲੋ ਹੋਣ ’ਤੇ ਪਾਬੰਦੀ ਲਗਾਈ ਗਈ ਹੈ। ਇਹੀ ਨਹੀਂ ਟੁਲੂ ਪੰਪ ਰਾਹੀਂ ਪਾਈਪਲਾਈਨ ਤੋਂ ਸਿੱਧੇ ਪਾਣੀ ਲੈਣ ’ਤੇ ਵੀ ਰੋਕ ਲਗਾਈ ਗਈ ਹੈ।
ਅਧਿਕਾਰੀ ਨੇ ਕਿਹਾ ਕਿ ਜਿਸ ਘਰ ਵਿੱਚ ਕਾਰਾਂ ਬੇਸ਼ੱਕ ਕੋਈ ਕਿਰਾਏਦਾਰ ਜਾਂ ਘਰ ਵਿੱਚ ਕੰਮ ਕਰਨ ਵਾਲਾ ਨੌਕਰ ਜਾਂ ਨੌਕਰਾਣੀ ਹੀ ਧੋਂਦਾ ਪਾਇਆ ਜਾਵੇਗਾ ਤਾਂ ਉਸ ਦੀ ਉਲੰਘਣਾ ਕਾਰਨ ਹੋਣ ਵਾਲਾ ਜੁਰਮਾਨਾ ਮਕਾਨ ਮਾਲਕ ਨੂੰ ਕੀਤਾ ਜਾਵੇਗਾ। ਜੋ ਵੀ ਖਪਤਕਾਰ ਪਾਣੀ ਦੀ ਦੁਰਵਰਤੋਂ ਕਰੇਗਾ ਤਾਂ ਉਸ ਨੂੰ ਪਹਿਲੀ ਉਲੰਘਣਾ ’ਤੇ ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ, ਦੂਜੀ ਉਲੰਘਣਾ ਕਰਨ ’ਤੇ ਖਪਤਕਾਰ ਨੂੰ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੁਰਮਾਨੇ ਦੀ ਰਾਸ਼ੀ ਪਾਣੀ ਦੇ ਬਿੱਲ ਵਿੱਚ ਜੋੜ ਕੇ ਭੇਜੀ ਜਾਵੇਗੀ। ਤੀਜੀ ਵਾਰ ਉਲੰਘਣਾ ਕਰਨ ’ਤੇ ਖਪਤਕਾਰ ਨੂੰ ਬਿਨਾ ਨੋਟਿਸ ਦਿੱਤੇ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖਪਤਕਾਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਅਤੇ ਹਲਫ਼ਨਾਮਾ ਲੈਣ ਤੋਂ ਬਾਅਦ ਹੀ ਦੁਬਾਰਾ ਕੁਨੈਕਸ਼ਨ ਜੋੜਨ ਲਈ ਵਿਚਾਰ ਕੀਤਾ ਜਾ ਸਕੇਗਾ।
ਐਕਸੀਅਨ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ਼ਹਿਰ ਵਾਸੀਆਂ ਲਈ ਸਾਫ਼, ਸੁਰੱਖਿਅਤ ਅਤੇ ਪੂਰੇ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਨਿਰੰਤਰ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ ਅਤੇ ਉਪਰਲੀਆਂ ਮੰਜ਼ਲਾਂ ਤੱਕ ਪਾਣੀ ਪਹੁੰਚਦਾ ਕਰਨ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ ਪਰ ਅਤਿ ਗਰਮੀ ਦੇ ਮੌਸਮ ਵਿੱਚ ਲੋਕਾਂ ਦੇ ਸਹਿਯੋਗ ਤੋਂ ਬਿਨਾ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਚੱਲਣਾ ਸੰਭਵ ਨਹੀਂ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਥੁੜ੍ਹ ਨੂੰ ਧਿਆਨ ਵਿੱਚ ਰੱਖਦਿਆਂ ਅਗਲੇ ਹੁਕਮਾਂ ਤੱਕ ਉਪਰੋਕਤ ਪਾਬੰਦੀਆਂ ਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਾਣੀ ਦੀ ਦੁਰਵਰਤੋਂ ਸਬੰਧੀ ਸ਼ਿਕਾਇਤ ਦੇਣ ਲਈ 6 ਸ਼ਿਕਾਇਤ ਨਿਵਾਰਨ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਦੀ ਉਪ ਮੰਡਲ ਇੰਜੀਨੀਅਰ ਸਮੇਂ ਸਮੇਂ ਸਿਰ ਨਜ਼ਰਸਾਨੀ ਕਰਦੇ ਰਹਿਣਗੇ। ਜਦੋਂਕਿ ਉਨ੍ਹਾਂ ਨਾਲ (ਐਕਸੀਅਨ ਸੁਨੀਲ ਕੁਮਾਰ) ਵੀ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।